ਤਰਨ ਤਾਰਨ, 21 ਅਪ੍ਰੈਲ (ਰਾਜੇਸ਼ ਜੈਨ – ਮੋਹਿਤ ਜੈਨ) : ਜਿਲ੍ਹਾ ਤਰਨਤਾਰਨ ਦੇ ਬਲਾਕ ਗੰਡੀਵਿੰਡ ਵਿੱਚ ਪੈਂਦੇ ਪਿੰਡ ਕਲਸ ਦੇ ਰਹਿਣ ਵਾਲੇ ਅਗਾਂਹਵਧੂ ਕਿਸਾਨ ਗੁਰਦੇਵ ਸਿੰਘ ਵੱਲੋਂ ਖੇਤੀਬਾੜੀ ਮਹਿਕਮੇ ਰਾਹੀਂ ਆਤਮਾ ਸਕੀਮ ਅਧੀਨ ਪ੍ਰਦਰਸ਼ਨੀ ਲਗਾਉਂਦਿਆਂ ਮਲਚਿੰਗ ਵਿਧੀ ਦੁਆਰਾ ਡੀ. ਬੀ. ਡਬਲਯੂ. 187 ਕਣਕ ਦੀ ਕਿਸਮ ਦੀ ਬਿਜਾਈ ਕੀਤੀ ਅਤੇ ਇਸ ਵਿਧੀ ਦੁਆਰਾ ਕਿਸਾਨ ਨੇ ਤੇਲ ਖਰਚਾ, ਖਾਦ ਅਤੇ ਦਵਾਈਆਂ ਦਾ ਖਰਚਾ ਬਚਾਅ ਕੇ ਖੇਤ ਵਿਚੋਂ 26.30 ਕੁਇੰਟਲ ਝਾੜ ਪ੍ਰਾਪਤ ਕੀਤਾ ਗਿਆ।ਇਸ ਖੇਤ ਵਿਚ ਝੋਨੇ ਦੀ ਕਟਾਈ ਤੋਂ ਬਾਅਦ ਝੋਨੇ ਦੇ ਖੜ੍ਹੇ ਬੂਥਿਆਂ ਵਿੱਚ 40 ਕਿਲੋ ਬੀਜ ਅਤੇ ਇੱਕ ਬੈਗ ਡੀ. ਏ. ਪੀ. ਛੱਟੇ ਦੁਆਰਾ ਮਲਚਿੰਗ ਵਿਧੀ ਦੁਆਰਾ ਕਣਕ ਦੀ ਬਿਜਾਈ ਕੀਤੀ ਗਈ।ਇਸ ਤੋਂ ਬਾਅਦ ਕਿਸਾਨ ਨੇ ਟਰੈਕਟਰ ਦੁਆਰਾ ਖੇਤ ਵਿਚ ਦੋ ਵਾਰ ਕਟਰ ਦੀ ਵਰਤੋਂ ਕਰਦਿਆਂ ਝੋਨੇ ਦੇ ਖੜ੍ਹੇ ਬੂਥਿਆਂ ਨੂੰ ਖੇਤ ਵਿੱਚ ਖਲਾਰ ਦਿੱਤਾ ਅਤੇ ਖੇਤ ਨੂੰ ਪਾਣੀ ਲਗਾ ਦਿੱਤਾ।ਬਿਜਾਈ ਦੀ ਇਸ ਵਿਧੀ ਨੂੰ ਸਰਫੇਸ ਸੀਡਿੰਗ ਕਿਹਾ ਜਾਂਦਾ ਹੈ । ਇਸ ਖੇਤ ਵਿੱਚ ਕਿਸਾਨ ਵੱਲੋਂ 2 ਬੈਗ ਯੂਰੀਆ ਦੀ ਵਰਤੋਂ ਕੀਤੀ ਗਈ ਅਤੇ ਕਿਸੇ ਵੀ ਪ੍ਰਕਾਰ ਦੀ ਨਦੀਨਨਾਸ਼ਕ ਅਤੇ ਕੀਟਨਾਸ਼ਕ ਦੀ ਵਰਤੋਂ ਨਹੀਂ ਕੀਤੀ ਗਈ ਹੈ।ਅਗਾਂਹਵਧੂ ਕਿਸਾਨ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਇਸ ਵਿਧੀ ਦੁਆਰਾ ਮਸ਼ੀਨਰੀ ਦੀ ਘੱਟ ਲੋੜ ਪੈਂਦੀ ਹੈ ਅਤੇ ਬਿਨਾਂ ਅੱਗ ਲਗਾਏ ਝੋਨੇ ਪਰਾਲੀ ਵਿੱਚ ਕਣਕ ਦੀ ਬਿਜਾਈ ਕਰ ਸਕਦੇ ਹਾਂ। ਇਸ ਨਾਲ ਕਿਸਾਨਾਂ ਦਾ ਘਾਹ ਵਾਲੀਆਂ ਅਤੇ ਕੀੜੇ ਮਕੌੜੇ ਵਾਲੀਆਂ ਦਵਾਈਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ ਅਤੇ ਕਿਸਾਨ ਦੀ ਆਮਦਨ ਵਿਚ ਵਾਧਾ ਹੁੰਦਾ ਹੈ। ਇਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੱਧ ਦੀ ਹੈ।ਜਿਕਰਯੋਗ ਹੈ ਕਿ ਕਿਸਾਨ ਨੇ ਇਸੇ ਖੇਤ ਵਿੱਚ ਪਹਿਲਾ ਵੀ ਕਿਸਾਨ ਨੇ ਖੇਤੀਬਾੜੀ ਮਹਿਕਮੇ ਵਲੋਂ ਆਤਮਾ ਸਕੀਮ ਅਧੀਨ ਪ੍ਰਦਰਸ਼ਨੀ ਲਗਾਉਂਦਿਆਂ ਬਾਸਮਤੀ ਕਿਸਮ 1718 ਦੀ ਸਿੱਧੀ ਬਿਜਾਈ ਵੀ ਕੀਤੀ ਸੀ, ਜਿਸ ਵਿਚੋਂ 23.80 ਕੁਇੰਟਲ ਝਾੜ ਪ੍ਰਾਪਤ ਕੀਤਾ ਸੀ। ਇਹ ਕਿਸਾਨ ਆਪਣੇ ਇਲਾਕੇ ਲਈ ਵਾਤਾਵਰਣ ਪ੍ਰੇਮੀ ਹੋਣ ਵਜੋਂ ਇੱਕ ਮਿਸਾਲ ਹੈ ਅਤੇ ਜ਼ਿਲ੍ਹੇ ਦੇ ਹੋਰ ਕਿਸਾਨਾਂ ਨੂੰ ਵੀ ਇਸ ਕਿਸਾਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਅ ਸਕੀਏ।