ਚੰਡੀਗੜ੍ਹ(ਮੋਹਿਤ ਜੈਨ) ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਤੋਂ ਮਿਲਣ ਵਾਲੇ ਫੰਡਾਂ ਦੇ ਅਧਾਰ ‘ਤੇ ਹੀ ਆਪਣੀ ਡੁੱਗ-ਡੁੱਗੀ ਵਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸੋਸ਼ਲ ਮੀਡੀਆ ‘ਤੇ ਮੁੱਖ ਮੰਤਰੀ ਦਾਅਵਾ ਕਰ ਰਹੇ ਹਨ ਕਿ ਉਹ ਕਿਸੇ ਵੀ ਗਰਾਂਟ ਲਈ ਕੇਂਦਰ ਜਾਂ ਕਿਸੇ ਹੋਰ ਅਥਾਰਟੀ ਕੋਲ ਭੀਖ ਮੰਗਣ ਨਹੀਂ ਜਾਣਗੇ ਅਤੇ ਦੂਜੇ ਪਾਸੇ ਉਨ੍ਹਾਂ ਦੀ ਸਰਕਾਰ ਦੇ ਹੀ ਵਿੱਤ ਮੰਤਰੀ ਬਿਆਨ ਦੇ ਰਹੇ ਹਨ ਕਿ ਉਨ੍ਹਾਂ ਹੜ੍ਹ ਪੀੜਿ੍ਹਤ ਲੋਕਾਂ ਨੂੰ ਆਰਥਿਕ ਸਹਾਇਤਾ ਮੁਹੱਈਆ ਕਰਵਾਉਣ ਲਈ ਕੇਂਦਰ ਤੋਂ ਫੰਡਾਂ ਦੀ ਮੰਗ ਕੀਤੀ ਹੈ। ਸ਼੍ਰੀ ਖੰਨਾ ਨੇ ਕਿਹਾ ਕਿ ਅਜਿਹੀਆਂ ਆਪਾ ਵਿਰੋਧੀ ਕਾਰਵਾਈਆਂ ਸਪੱਸ਼ਟ ਕਰਦੀਆਂ ਹਨ ਕਿ ਮੁੱਖ ਮੰਤਰੀ ਦਾ ਆਪਣੀ ਹੀ ਕੈਬਨਿਟ ਨਾਲ ਕੋਈ ਤਾਲਮੇਲ ਨਹੀਂ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਤੋਂ ਮਿਲੀਆਂ ਗ੍ਾਂਟਾਂ ਦੇ ਪੈਸੇ ਨੂੰ ਵੰਡ ਕੇ ਆਪਣੀਆਂ ਫੋਟੋ ਇਸ ਢੰਗ ਨਾਲ ਪੇਸ਼ ਕਰ ਰਹੇ ਹਨ ਕਿ ਜਿਸ ਤਰ੍ਹਾਂ ਇਹ ਗ੍ਾਂਟ ਪੰਜਾਬ ਸਰਕਾਰ ਨੇ ਦਿੱਤੀ ਹੋਵੇ ਜਦਕਿ ਅਸਲੀਅਤ ਇਹ ਹੈ ਕਿ ਪੰਜਾਬ ਸਰਕਾਰ ਇਸ ਸਮੇਂ ਕੰਗਾਲੀ ਵਾਲੀ ਹਾਲਤ ਨਾਲ ਜੂਝ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਲਕੀ ਰਾਜਨੀਤੀ ਤੋਂ ਪਰ੍ਹੇ ਹਟ ਕੇ ਹਮੇਸ਼ਾ ਦੇਸ਼ ਦੀ ਜਨਤਾ ਦੀ ਭਲਾਈ ਲਈ ਯੋਜਨਾਵਾਂ ਅਮਲ ਵਿਚ ਲਿਆਂਦੀਆਂ ਹਨ। ਇਸ ਦੀ ਬਦੌਲਤ ਹੀ ਸੂਬੇ ਵਿਚ ਆਏ ਹੜ੍ਹਾਂ ਦੇ ਬਦਲੇ ਵਿਚ ਕੇਂਦਰ ਸਰਕਾਰ ਨੇ ਪੰਜਾਬ ਲਈ ਆਪਣੇ ਖਜ਼ਾਨੇ ਦਾ ਮੂੰਹ ਖੋਲ੍ਹ ਦਿੱਤਾ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਇਨ੍ਹਾਂ ਦੇ ਮੰਤਰੀਆਂ ਨੇ ਸਿਰਫ਼ ਪਾਣੀ ਵਿਚ ਫੋਟੋਆਂ ਖਿਚਵਾਉਣ ਤੋਂ ਵੱਧ ਹੜ੍ਹ ਪੀੜਿ੍ਹਤਾਂ ਦੀ ਕੋਈ ਮੱਦਦ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸੱਤਾ ‘ਤੇ ਕਾਬਜ਼ ਵਿਅਕਤੀਆਂ ਨੂੰ ਅਜਿਹੀ ਸਸਤੀ ਸ਼ੌਹਰਤ ਲੈਣ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ, ਜਿਸ ਵਿਚ ਆਮ ਲੋਕਾਂ ਦੀ ਕੋਈ ਭਲਾਈ ਨਾ ਝਲਕਦੀ ਹੋਵੇ।