ਜਗਰਾਉਂ, 21 ਨਵੰਬਰ ( ਸੰਜੀਵ ਗੋਇਲ, ਅਨਿਲ ਕੁਮਾਰ )- ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀਆਂ ਬਕਾਇਆ ਰਹਿੰਦੀਆਂ ਕਿਸ਼ਤਾਂ ਜਾਰੀ ਨਾ ਕਰਨ ਅਤੇ ਹੋਰ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਕਾਰਨ ਬਿਜਲੀ ਮੁਲਾਜ਼ਮਾਂ ਦਾ ਗੁੱਸਾ ਸੱਤਵੇਂ ਅਸਮਾਨ ਉਪਰ ਜਾ ਚੜ੍ਹਿਆ ਹੈ ਅਤੇ ਅੱਜ ਸਮੁੱਚੇ ਬਿਜਲੀ ਮੁਲਾਜ਼ਮਾਂ ਨੇ ਜੁਆਇੰਟ ਫੋਰਮ ਪੰਜਾਬ ਦੇ ਸੱਦੇ ‘ਤੇ ਜਗਰਾਉਂ ਵਿਖੇ ਰੋਹ ਭਰਪੂਰ ਰੋਸ ਮੁਜ਼ਾਹਰਾ ਕੀਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਟੈਕਨੀਕਲ ਸਰਵਿਸ ਯੂਨੀਅਨ ਦੇ ਆਗੂਆਂ ਹਰਵਿੰਦਰ ਸਿੰਘ ਸਵੱਦੀ, ਦਲਜੀਤ ਸਿੰਘ ਜੱਸੋਵਾਲ, ਅਵਤਾਰ ਸਿੰਘ ਕਲੇਰ ਆਦਿ ਨੇ ਤਿੱਖੇ ਸ਼ਬਦਾਂ ਵਿੱਚ ਬਦਲਾਓ ਵਾਲੀ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਖਜ਼ਾਨਾਂ ਮੰਤਰੀ ਹਰਪਾਲ ਸਿੰਘ ਚੀਮਾਂ ਦਾ ਰਵੱਈਆ ਮੁਲਾਜ਼ਮ ਵਿਰੋਧੀ ਹੈ ਅਤੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀ ਇੱਕ ਵੀ ਕਿਸ਼ਤ ਜਾਰੀ ਨਹੀਂ ਕੀਤੀ ਗਈ। ਜਦੋਂ ਕਿ ਕੇਂਦਰ ਸਰਕਾਰ ਵੱਲੋਂ ਮਹਿੰਗਾਈ ਭੱਤਾ 46 ਪ੍ਰਤੀਸ਼ਤ ਦਿੱਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਮੁਲਾਜ਼ਮਾਂ ਨੂੰ ਕੇਵਲ 34 ਪ੍ਰਤੀਸ਼ਤ ਡੀ.ਏ.ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਬਿਜਲੀ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਮੰਨਕੇ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਜਿਸ ਕਾਰਨ ਸਮੁੱਚੇ ਪੰਜਾਬ ਦੇ ਬਿਜਲੀ ਮੁਲਾਜ਼ਮਾਂ ਅੰਦਰ ਤਿੱਖੇ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਉਹਨਾਂ ਆਖਿਆ ਕਿ ਤਨਖਾਹ ਸਕੇਲਾਂ ਦੀਆਂ ਸਾਰੀਆਂ ਊਣਤਾਈਆਂ ਦੂਰ ਕਰਕੇ ਮਸਲੇ ਹੱਲ ਕੀਤੇ ਜਾਣ, ਪੈਨਸ਼ਨਰਾਂ ਦੇ ਬਕਾਏ ਜਾਰੀ ਕੀਤੇ ਜਾਣ, ਬਿਜਲੀ ਮੁਲਾਜ਼ਮਾਂ ਉਪਰ ਕੇਂਦਰ ਦੇ ਤਨਖਾਹ ਸਕੇਲਾਂ ਦੀ ਥਾਂ ਬਿਜਲੀ ਵਿਭਾਗ ਦੇ ਸਕਲੇ ਜਾਰੀ ਕੀਤੇ ਜਾਣ, ਸੀ.ਆਰ.ਏ.293/19, 294/19, 295/19, 296/19 ਅਧੀਨ ਭਰਤੀ ਹੋਏ ਕਰਮਚਾਰੀਆਂ ਉਪਰ ਬਿਜਲੀ ਵਿਭਾਗ ਦੇ ਸਕੇਲ ਲਾਗੂ ਕੀਤੇ ਜਾਣ, ਜਨਵਰੀ 2016 ਤੋਂ ਪਹਿਲਾਂ ਰਿਟਾਇਰ ਹੋਏ ਕਰਮਚਾਰੀਆਂ ਨੂੰ ਅੰਸ਼ਿਕ ਪੈਨਸ਼ਨ ਵਾਧਾ ਦੇਣ ਦੀ ਥਾਂ ਪੂਰਾ ਵਾਧਾ ਦਿੱਤਾ ਜਾਵੇ, 15 ਜਨਵਰੀ 2015 ਤੋਂ ਭਰਤੀ ਹੋਏ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ, ਸੋਧੇ ਹੋਏ ਤਨਖਾਹ ਸਕੇਲਾਂ ਵਿੱਚ ਸਮਾਂਬੱਧ ਸਕੇਲ ਲਾਗੂ ਕੀਤੇ ਜਾਣ, 200 ਰੁਪਏ ਪ੍ਰਤੀ ਮਹੀਨਾਂ ਡਿਵੈਲਪਮੈਂਟ ਕਟੌਤੀ ਤੁਰੰਤ ਬੰਦ ਕੀਤੀ ਜਾਵੇ, ਬਿਜਲੀ ਮੁਲਾਜ਼ਮਾਂ ਦਾ ਬੰਦ ਕੀਤਾ ਮੋਬਾਇਲ ਭੱਤਾ ਤੁਰੰਤ ਜਾਰੀ ਕੀਤਾ ਜਾਵੇ, ਸੀ.ਆਰ.ਏ.295/19 ਅਧੀਨ ਭਰਤੀ ਹੋਏ ਸ:ਲ:ਮ: ਨੂੰ ਪੂਰੀ ਤਨਖਾਹ ਜਾਰੀ ਕੀਤੀ ਜਾਵੇ, ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ। ਉਹਨਾਂ ਆਖਿਆ ਕਿ ਜੇਕਰ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੇ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕੀਤੀਆਂ ਅਤੇ ਬਕਾਇਆ ਰਹਿੰਦਾ ਮਹਿੰਗਾਈ ਭੱਤਾ ਜਾਰੀ ਨਾ ਕੀਤਾ ਤਾਂ ਸਮੁੱਚੇ ਪੰਜਾਬ ਭਰ ਵਿੱਚ 05 ਦਸੰਬਰ 2023 ਨੂੰ ਇੱਕ ਰੋਜ਼ਾ ਮੁਕੰਮਲ ਹੜਤਾਲ ਕੀਤੀ ਜਾਵੇਗੀ ਅਤੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਅਜਮੇਰ ਸਿੰਘ ਕਲੇਰ, ਪਰਮਜੀਤ ਸਿੰਘ ਚੀਮਾਂ, ਮਨਜੀਤ ਸਿੰਘ ਸਵੱਦੀ, ਜਗਜੀਤ ਸਿੰਘ ਫੋਰਮੈਨ, ਸੁਖਵਿੰਦਰ ਸਿੰਘ ਕਾਕਾ, ਭੁਪਿੰਦਰ ਸਿੰਘ ਸੇਖੋਂ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਮਿੰਦਰ ਸਿੰਘ ਸਟੈਨੋਂ, ਰਾਜਿੰਦਰ ਸਿੰਘ ਸਿੱਧੂ, ਅਪਤਿੰਦਰ ਸਿੰਘ, ਕੁਲਦੀਪ ਸਿੰਘ ਮਲਕ, ਅਸ਼ੋਕ ਕੁਮਾਰ, ਜਸਵੰਤ ਸਿੰਘ ਲੀਲਾਂ, ਹਰਨੇਕ ਸਿੰਘ ਸਿਵੀਆਂ, ਬਲਜੀਤ ਸਿੰਘ, ਰਾਮ ਮੋਹਣ, ਮਨੋਹਰ ਲਾਲ, ਜਗਦੀਸ਼ ਸਿੰਘ ਲੱਖਾ, ਦਿਵਾਂਸ਼ੂ ਗਰਗ, ਸੰਦੀਪ ਕੁਮਾਰ, ਸਤਿੰਦਰ ਸਿੰਘ, ਅਸ਼ੋਕ ਕੁਮਾਰ ਸੀ.ਏ., ਦਲਜੀਤ ਸਿੰਘ ਜੇਈ, ਹਰਵਿੰਦਰ ਸਿੰਘ ਜੇਈ, ਅਵਤਾਰ ਸਿੰਘ ਆਦਿ ਵੀ ਹਾਜ਼ਰ ਸਨ।