ਮੂਨਕ (ਭੰਗੂ) ਲਾਡਬੰਜਾਰਾ ਰਜਬਾਹੇ ‘ਚ ਬੀਤੀ ਰਾਤ ਪਾਣੀ ਆਉਣ ਕਾਰਨ ਭੁਟਾਲ ਖੁਰਦ, ਭਟਾਲ ਕਲਾਂ ਅਤੇ ਲੇਹਲ ਕਲਾਂ ਦੇ ਵਿਚਕਾਰ ਲਗਪਗ ਪੰਜਾਹ ਫੁੱਟ ਦਾ ਪਾੜ ਪੈਣ ਕਾਰਨ ਬਹੁਤ ਸਾਰੇ ਕਿਸਾਨਾਂ ਦਾ ਨੁਕਸਾਨ ਹੋ ਚੁੱਕਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੋਬਿੰਦ ਸਿੰਘ ਭੰਦੇਰ ਨੇ ਦੱਸਿਆ ਕਿ ਇਹ ਰਜਬਾਹਾ ਪੂਰੇ ਸਾਲ ਦੇ ‘ਚ ਅਕਸਰ ਦੋ ਤਿਹਾਈ ਬੰਦ ਹੀ ਰਹਿੰਦਾ ਹੈ ਜੇਕਰ ਕੁਦਰਤੀ ਤੌਰ ਤੇ ਅੱਜ ਪਾਣੀ ਛੱਡਿਆ ਗਿਆ ਹੈ ਤਾਂ ਇਸਦੀ ਪੂਰਨ ਸਫ਼ਾਈ ਨਾ ਹੋਣ ਕਾਰਨ ਇਹ ਕਿਸਾਨਾਂ ਦਾ ਨੁਕਸਾਨ ਕਰ ਗਿਆ। ਉਨ੍ਹਾਂ ਕਿਹਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਸਿਰਫ ਬਿਆਨਬਾਜ਼ੀ ਤੱਕ ਹੀ ਸੀਮਤ ਹਨ, ਜਦਕਿ ਜ਼ਮੀਨੀ ਪੱਧਰ ‘ਤੇ ਕੁੱਝ ਵੀ ਵੇਖਣ ਨੂੰ ਨਹੀਂ ਮਿਲਦਾ।
ਉਨਾਂ੍ਹ ਦੱਸਿਆ ਕਿ ਤੜਕੇ ਸਵੇਰ ਦੀ ਨਹਿਰ ਟੁੱਟਣ ਤੇ ਹੁਣ ਦੁਪਹਿਰ ਤੱਕ ਕੋਈ ਵੀ ਉੱਚ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ ਅਤੇ ਨਾ ਹੀ ਇਸ ਪਾੜੇ ਨੂੰ ਭਰਨ ਦੇ ਕੋਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਪੀੜਤ ਕਿਸਾਨ ਰਾਜਾ ਸਿੰਘ ਨੇ ਦੱਸਿਆ ਕਿ ਉਸ ਦੀ ਚਾਰ ਏਕੜ ਤੋਂ ਵੱਧ ਥਾਂ ਵਿੱਚ ਮੱਕੀ ਬੀਜੀ ਹੋਈ ਸੀ ਜੋ ਕਿ ਹੈ ਨਹਿਰੀ ਪਾਣੀ ਦੇ ਕਾਰਨ ਬਰਬਾਦ ਹੋ ਗਈ ਅਤੇ ਅੱਠ ਏਕੜ ਤੋਂ ਵੱਧ ਨਾੜ ਵੀ ਬਰਬਾਦ ਹੋ ਗਿਆ। ਇਸ ਮੌਕੇ ਜੇ ਈ ਨਹਿਰੀ ਵਿਭਾਗ ਨੇ ਕਿਹਾ ਕਿ ਹਨੇਰੀ ਆਉਣ ਕਾਰਨ ਨਹਿਰ ਵਿਚ ਕੂੜਾ ਕਰਕਟ ਇਕੱਤਰਤ ਹੋਣ ਕਾਰਨ ਇਹ ਪਾੜ ਪੈ ਗਿਆ ਹੈ, ਜਿਸ ਨੇ ਲਹਿਲ ਕਲਾਂ ਟੇਲ ਕੋਲ ਪਾਣੀ ਦੇ ਵਹਾਅ ਨੂੰ ਰੋਕ ਦਿੱਤਾ ਜਿਸ ਕਾਰਨ ਨਹਿਰ ਵਿੱਚ ਪਾੜ ਪੈ ਗਿਆ।