ਕਿਸਾਨਾਂ ਦੇ ਅੰਦੋਲਨ ਦੌਰਾਨ ਮੰਨੀਆਂ ਮੰਗਾ ਲਾਗੂ ਨਾ ਕਰਨ ਤੇ ਕਿਸਾਨਾਂ ਦਾ ਗ਼ੁੱਸਾ ਬਰਕਰਾਰ
ਲੁਧਿਆਣਾ- 11 ਦਸੰਬਰ ( ਬਾਰੂ ਸੱਗੂ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਦੇਸ਼ ਦੇ ਪਾਰਲੀਮੈਂਟ ਮੈਂਬਰਾਂ ਨੂੰ ਦਿੱਤੇ ਜਾਣ ਵਾਲੇ ਚਿਤਾਵਨੀ ਪੱਤਰਾਂ ਦੀ ਕੜੀ ਤਹਿਤ ਅੱਜ ਲੁਧਿਆਣਾ ਵਿਖੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੇ ਰੋਜਗਾਰਡਨ ਸਥਿਤ ਦਫ਼ਤਰ ਵੱਲ ਸਰਕਟ ਹਾਊਸ ਤੋਂ ਵਹੀਕਲਾ ਨਾਲ ਮਾਰਚ ਕਰਕੇ ਚਿਤਾਵਨੀ ਤੇ ਮੰਗਾ ਦੀ ਸੂਚੀ ਵਾਲਾ ਪੱਤਰ ਸੌਂਪਿਆ ਗਿਆ। ਜਿਲ੍ਹਾ ਲੁਧਿਆਣਾ ਦੀਆਂ ਕਿਸਾਨ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਸਹਾਇਕ ਸਕੱਤਰ ਰਘਵੀਰ ਸਿੰਘ ਬੈਨੀਪਾਲ, ਕੁੱਲ ਹਿੰਦ ਕਿਸਾਨ ਸਭਾ ਦੇ ਐਸ ਪੀ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਤਾ ਦੇ ਮਹਿੰਦਰ ਸਿੰਘ ਕਮਾਲਪੁਰਾ, ਦਸਮੇਸ਼ ਕਿਸਾਨ ਯੂਨੀਅਨ ਦੇ ਮਨਪ੍ਰੀਤ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਸਤਨਾਮ ਸਿੰਘ ਵੜੈਚ, ਪੰਜਾਬ ਕਿਸਾਨ ਯੂਨੀਅਨ ਦੇ ਭਾਈ ਸ਼ਮਸ਼ੇਰ ਸਿੰਘ ਆਸੀ, ਕਿਰਤੀ ਕਿਸਾਨ ਯੂਨੀਅਨ ਦੇ ਹਰਦੇਵ ਸਿੰਘ ਸੰਧੂ ਦੀ ਅਗਵਾਈ ਵਿੱਚ ਐਮ ਪੀ ਰਵਨੀਤ ਸਿੰਘ ਬਿੱਟੂ ਦੀ ਗੈਰ ਹਾਜ਼ਰੀ ਵਿੱਚ ਉਸ ਦੇ ਪੀਏ ਹਰਜਿੰਦਰ ਸਿੰਘ ਢੀਡਸਾ ਨੂੰ ਚਿਤਾਵਨੀ ਪੱਤਰ ਸੌਂਪਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਹਰਨੇਕ ਸਿੰਘ ਗੁੱਜਰਵਾਲ, ਜਸਵੀਰ ਸਿੰਘ ਝੱਜ, ਰੂਪ ਬਸੰਤ ਸਿੰਘ, ਚਮਕੌਰ ਸਿੰਘ, ਕਰਮਜੀਤ ਸਿੰਘ ਕਾਉਕੇ ਕਲਾਂ ਨੇ ਐਮ ਪੀ ਰਵਨੀਤ ਸਿੰਘ ਬਿੱਟੂ ਦੀ ਗੈਰ ਹਾਜ਼ਰੀ ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਜਦੋਂ ਸੰਯੁਕਤ ਮੋਰਚੇ ਦੇ ਐਕਸ਼ਨ ਦਾ ਉਹਨਾਂ ਨੂੰ ਪਤਾ ਸੀ ਤਾਂ ਸ੍ਰੀ ਬਿੱਟੂ ਨੂੰ ਹਾਜ਼ਰ ਰਹਿਣਾ ਚਾਹੀਦਾ ਸੀ। ਆਗੂਆਂ ਨੇ ਕਿਹਾ ਕਿ ਸ਼ੁਰੂ ਹੋਣ ਵਾਲੇ ਪਾਰਲੀਮੈਂਟ ਦੇ ਸੈਸ਼ਨ ਵਿੱਚ ਪਾਰਲੀਮੈਂਟ ਦੇ ਮੈਂਬਰ ਮੋਦੀ ਸਰਕਾਰ ਤੇ ਦਬਾਅ ਪਾਉਣ ਕਿ ਪਿਛਲੇ ਸਮੇ ਵਿੱਚ ਸੰਯੁਕਤ ਮੋਰਚੇ ਦੀਆਂ ਮੰਨੀਆਂ ਮੰਗਾ ਤੁਰੰਤ ਲਾਗੂ ਕੀਤੀਆਂ ਜਾਣ। ਉਹਨਾ ਮੁੜ ਦੁਹਰਾਉਂਦਿਆਂ ਕਿਹਾ ਕਿ ਫਸਲਾ ਦੇ ਘੱਟੋ ਘੱਟ ਖਰੀਦ ਮੁੱਲ ਦਾ ਕਾਨੂੰਨ ਸਾਰੇ ਦੇਸ਼ ਵਿੱਚ ਲਾਗੂ ਹੋਵੇ। ਫਸਲਾ ਦੀ ਖਰੀਦ ਦੀ ਗਾਰੰਟੀ ਸਰਕਾਰ ਲਵੇ। ਬਿਜਲੀ ਬਿੱਲ 2022 ਵਾਪਸ ਹੋਵੇ। ਲਖੀਮਪੁਰ ਖੀਰੀ ਦੇ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਵਜ਼ਾਰਤ ਵਿੱਚੋਂ ਛੁੱਟੀ ਹੋਵੇ। ਦੇਸ਼ ਵਿੱਚ ਸੰਘਰਸ਼ਸ਼ੀਲ ਕਿਸਾਨ ਆਗੂਆਂ ਤੇ ਦਰਜ ਕੇਸ ਰੱਦ ਕੀਤੇ ਜਾਣ। ਕਾਰਪੋਰੇਟ ਕੰਪਨੀਆਂ ਦੇ ਪੱਖ ਦੀਆਂ ਨੀਤੀਆਂ ਨੂੰ ਰੱਦ ਕੀਤਾ ਜਾਵੇ। ਜੇ ਕਰ ਪਾਰਲੀਮੈਂਟ ਦੇ ਮੈਂਬਰ ਕਿਸਾਨ ਦੇ ਹੱਕ ਵਿੱਚ ਅਵਾਜ਼ ਨਹੀਂ ਉਠਾਉਣਗੇ ਤਾਂ ਉਹਨਾਂ ਵਿਰੁੱਧ ਵੀ ਸੰਯੁਕਤ ਮੋਰਚਾ ਅੰਦੋਲਨ ਕਰੇਗਾ। ਇਸ ਮੌਕੇ ਤੇ ਐਪ ਪੀ ਰਵਨੀਤ ਸਿੰਘ ਬਿੱਟੂ ਨੇ ਫ਼ੋਨ ਤੇ ਕਿਸਾਨ ਆਗੂਆਂ ਨਾਲ ਗੱਲ ਕਰਕੇ ਉਹਨਾਂ ਦੀਆਂ ਮੰਗਾ ਸਬੰਧੀ ਪਾਰਲੀਮੈਂਟ ਵਿਚ ਬੋਲਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਸੁਰਜੀਤ ਸਿੰਘ ਸੀਲੋ, ਡਾ. ਪ੍ਰਦੀਪ ਜੋਧਾਂ, ਅਮਰਜੀਤ ਸਿੰਘ ਸਹਿਜਾਦ, ਬਲਦੇਵ ਸਿੰਘ ਧੂਲਕੋਟ, ਕਰਮ ਸਿੰਘ ਗਰੇਵਾਲ਼, ਗੁਲਜ਼ਾਰ ਸਿੰਘ ਜੜਤੌਲੀ, ਚਮਕੌਰ ਸਿੰਘ ਛਪਾਰ, ਗੁਰਦਿਆਲ ਸਿੰਘ ਸਰਾਭਾ, ਸੁਰਜੀਤ ਆਸੀ ਆਦਿ ਹਾਜ਼ਰ ਸਨ।