ਸੰਗਰੂਰ (ਰਾਜਨ ਜੈਨ) ਬੀਤੇ ਦਿਨੀਂ ਇਕ ਅਖੌਤੀ ਤਾਂਤਿ੍ਕ ਵੱਲੋਂ ਪਿੰਡ ਿਫ਼ਰੋਜ਼ਪੁਰ (ਫਤਿਹਗੜ੍ਹ ਸਾਹਿਬ) ਦੇ ਦੋ ਵਿਅਕਤੀਆਂ ਨੂੰ ਅਮੀਰ ਬਣਨ ਲਈ ਜਾਦੂ ਟੂਣੇ ਵਜੋਂ ਕਿਸੇ ਅੌਰਤ ਦੀ ‘ਬਲੀ’ ਦੇਣ ਲਈ ਉਕਸਾਇਆ ਗਿਆ ਸੀ। ਇਸ ਬਲੀ ਦੇ ਕੰਮ ਨੂੰ ਪੂਰਾ ਕਰਨ ਲਈ ਉਨ੍ਹਾਂ ਵੱਲੋਂ ਆਪਣੇ ਦੋਸਤ ਦੀ ਮਾਤਾ ਨੂੰ ਤਾਂਤਿ੍ਕ ਕੋਲ ਮੱਥਾ ਟੇਕਣ ਦੇ ਬਹਾਨੇ ਬੁਲਾਇਆ ਅਤੇ ਦੋਵੇਂ ਵਿਅਕਤੀ ਉਸ ਦਾ ਕਤਲ ਕਰਨ ਲਈ ਪਿੰਡ ਦੀ ਇੱਕ ਸੁੰਨਸਾਨ ਜਗ੍ਹਾ ਲਿਜਾ ਕੇ ਦਾਤਰੀ ਨਾਲ ਹਮਲਾ ਕਰ ਦਿੱਤਾ।
ਇਸ ਨਾਲ ਅੌਰਤ ਦੀ ਧੌਣ ਅਤੇ ਸਰੀਰ ਦੇ ਹੋਰ ਅੰਗਾਂ ਤੇ ਗੰਭੀਰ ਸੱਟਾਂ ਲੱਗੀਆਂ। ਪੁਲਿਸ ਵੱਲੋਂ ਭਾਵੇਂ ਦੋ ਦੋਸ਼ੀਆਂ ਨੂੰ ਗਿ੍ਫਤਾਰ ਕਰਕੇ ਜਾਂਚ ਕੀਤੀ ਜਾ ਰਹੀ ਹੈ ਪਰ ਤਾਂਤਿ੍ਕ ਕਿੱਥੇ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਅਨੁਸਾਰ ਵਰਤੀ ਗਈ ਦਾਤਰੀ ਅਤੇ ਮੋਟਰ ਸਾਈਕਲ ਪੁਲਿਸ ਨੇ ਬਰਾਮਦ ਕਰ ਲਏ ਹਨ। ਅੌਰਤ ਪੀਜੀਆਈ ਚੰਡੀਗੜ੍ਹ ਇਲਾਜ ਅਧੀਨ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਨੇ ਇਸ ਘਟਨਾ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਹੈ।
ਤਰਕਸ਼ੀਲ ਸੁਸਾਇਟੀ ਪੰਜਾਬ ਭੋਲੇ ਭਾਲੇ ਲੋਕਾਂ ਨੂੰ ਅਜਿਹੇ ਤਾਂਤਿ੍ਕਾਂ ਦੇ ਚੁੰਗਲ ‘ਚੋਂ ਬਚਾਉਣ ਲਈ ਲਗਾਤਾਰ ਯਤਨਸ਼ੀਲ ਹੈ, ਪਰ ਫਿਰ ਵੀ ਕੁੱਝ ਲੋਕ ਇਹਨਾਂ ਢੋਂਗੀਆਂ ਦੇ ਭਰਮ ਜਾਲ ਵਿੱਚ ਫਸਕੇ ਆਪਣੇ ਘਰ ਬਰਬਾਦ ਕਰ ਰਹੇ ਹਨ। ਮਹੀਨਾ ਪਹਿਲਾਂ ਹੀ ਤਰਕਸ਼ੀਲ ਸੁਸਾਇਟੀ ਵੱਲੋਂ ਹਰ ਤਰਾਂ੍ਹ ਦੀਆਂ ਗੈਬੀ ਸ਼ਕਤੀਆਂ ਦੇ ਦਾਅਵੇਦਾਰ ਕਹਾਉਣ ਵਾਲੇ ਤਾਂਤਰਿਕਾਂ ਵੱਲੋਂ ਚਲਾਏ ਜਾ ਰਹੇ ਅੰਧਵਿਸ਼ਵਾਸ ਫੈਲਾਉਣ ਦੇ ਅੱਡੇ ਬੰਦ ਕਰਵਾਉਣ ਲਈ ਪੰਜਾਬ ਪੱਧਰ ਤੇ ਐਮ ਐਲ ਏਜ਼ ਨੂੰ ਮੰਗ ਪੱਤਰ ਦਿੱਤੇ ਸਨ। ਪਰ ਅਫ਼ਸੋਸ ਕਿ ਕਿਸੇ ਵੀ ਐਮ ਐਲ ਏ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਤਰਕਸ਼ੀਲ ਸੁਸਾਇਟੀ ਪੰਜਾਬ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ, ਸੀਤਾ ਰਾਮ, ਸੁਰਿੰਦਰ ਪਾਲ, ਚਰਨ ਕਮਲ ਸਿੰਘ, ਜਸਦੇਵ ਸਿੰਘ, ਗੁਰਦੀਪ ਸਿੰਘ ਲਹਿਰਾ ਨੇ ਪੰਜਾਬ ਸਰਕਾਰ ਤੋਂ ਸੰਬਧਤ ਵਿਅਕਤੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਲੋਕਾਂ ਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਵਿੱਚੋਂ ਨਿਕਲਣ ਤੇ ਆਪਣੀ ਸੋਚ ਨੂੰ ਵਿਗਿਆਨਕ ਬਣਾਉਣ ਦੀ ਅਪੀਲ ਕੀਤੀ ਹੈ। ਤਰਕਸ਼ੀਲ ਸੁਸਾਇਟੀ ਵੱਲੋਂ ਦਿੱਤੇ ਗਏ ਮੰਗ ਪੱਤਰਾਂ ਦੇ ਆਧਾਰ ‘ਤੇ ਪੰਜਾਬ ਸਰਕਾਰ ਤੋਂ ਅੰਧਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਦੀ ਵੀ ਪੁਰਜ਼ੋਰ ਮੰਗ ਕੀਤੀ ਹੈ