ਸਿੱਧਵਾਂਬੇਟ, 24 ਅਪ੍ਰੈਲ ( ਭਗਵਾਨ ਭੰਗੂ, ਬੌਬੀ ਸਹਿਜਲ )- ਮੰਡੀ ਵਿੱਚ ਕਣਕ ਦੀ ਫਸਲ ਦੀ ਲਿਫਟਿੰਗ ਲਈ ਠੇਕੇਦਾਰ ਵੱਲੋਂ ਟੈਂਡਰ ਲੈਣ ਦੇ ਬਾਵਜੂਦ ਸਹੀ ਢੰਗ ਨਾਲ ਕੰਮ ਨਾ ਕਰਨ ਦੇ ਦੋਸ਼ ਲਗਾ ਕੇ ਮੰਡੀ ਦੇ ਟਰੱਕ ਆਪ੍ਰੇਟਰ, ਮਜ਼ਦੂਰ, ਕਿਸਾਨ ਅਤੇ ਆੜਤੀਆਂ ਵਲੋਂ ਪਿਛਲੇ ਦਿਨਾਂ ਤੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਆਮ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਨਾਲ-ਨਾਲ ਪੰਜਾਬ ਸਰਕਾਰ ਖਿਲਾਫ ਵੀ ਲੋਕਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਮੰਡੀ ਦੇ ਠੇਕੇਦਾਰ ਹੀ ਆਹਮੋ-ਸਾਹਮਣੇ ਖੜ੍ਹੇ ਹਨ। ਜਿਸ ਵਿੱਚ ਸਿੱਧਵਾਂਬੇਟ ਅਨਾਜ ਮੰਡੀ ਤੋਂ ਕਣਕ ਦੀਆਂ ਬੋਰੀਆਂ ਲੱਦਣ ਗਏ ਟਰੱਕਾਂ ਦੀ ਭੰਨਤੋੜ ਕਰਨ ਅਤੇ ਟਰੱਕ ਡਰਾਈਵਰ ’ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ਵਿੱਚ ਜਗਰਾਉਂ ਦੇ ਕਾਂਗਰਸੀ ਕੌਂਸਲਰ ਰਮੇਸ਼ ਕੁਮਾਰ ਉਰਫ਼ ਮੇਸ਼ੀ ਸਹੋਤਾ ਸਮੇਤ 10 ਵਿਅਕਤੀਆਂ ਖ਼ਿਲਾਫ਼ ਥਾਣਾ ਸਿੱਧਵਾਂਬੇਟ ਵਿੱਚ ਕੇਸ ਦਰਜ ਕੀਤਾ ਗਿਆ ਹੈ। ਸਬ-ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਪੰਧੇਰ ਵਾਸੀ ਕੁਲਹਾਰ ਥਾਣਾ ਮਲੌਦ ਜ਼ਿਲਾ ਖੰਨਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਕੋਲ ਘੋੜਾ ਟਰੱਕ ਹੈ। ਜੋ ਉਸ ਨੇ ਆਪਣੇ ਸਾਥੀ ਗੁਰਮੀਤ ਸਿੰਘ ਵਾਸੀ ਸਿਹੋਦਾ ਥਾਣਾ ਮਲੌਦ ਨਾਲ ਮਿਲ ਕੇ ਰੋਡ ਕੈਰੀਅਰ ਫਰਮ ਨਾਲ ਪਾਈ ਹੋਈ ਹੈ। ਇਸ ਫਰਮ ਵਿਚ 30 ਦੇ ਕਰੀਬ ਘੋੜਾ ਟਰੱਕ ਹਨ। ਉਸ ਨੇ ਕਣਕ ਦੇ ਸੀਜ਼ਨ ਦੀ ਲੋਡਿੰਗ ਲਈ ਆਪਣੀ ਫਰਮ ਦੀ ਘੋੜਾ ਟਰੱਕ ਠੇਕੇਦਾਰ ਮਨਪ੍ਰੀਤ ਸਿੰਘ ਵਾਸੀ ਦਾਊਦਪੁਰਾ ਨਾਲ ਐਗਰੀਮੈਂਟ ਕੀਤਾ ਹੋਇਆ ਹੈ। ਉੁਸ ਸਮਝੌਤੇ ਤਹਿਤ ਉਹ ਕਣਕ ਦੀ ਢੋਆ-ਢੁਆਈ ਲਈ ਆਪਣੇ ਘੋੜਾ ਗੱਡੀ ਦਾਣਾ ਮੰਡੀ ਸਿੱਧਵਾਂਬੇਟ ਲੈ ਕੇ ਗਿਆ ਸੀ ਅਤੇ ਆਪਣੀ ਵਾਰੀ ਦੀ ਉਡੀਕ ਕਰਨ ਲਈ ਆਪਣੀ ਗੱਡੀ ਮੰਡੀ ਵਿਚ ਇਕ ਪਾਸੇ ਖੜੀ ਕੀਤੀ ਹੋਈ ਸੀ। ਉਸ ਸਮੇਂ ਰਾਮ ਲੁਭਾਇਆ ਜੋ ਕਿ ਸਾਬਕਾ ਠੇਕੇਦਾਰ ਹੈ ਨੇ ਉਥੇ 4-5 ਗੇੜੇ ਮਾਰੇ ਤਾਂ ਅਸੀਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਰਾਤ ਕਰੀਬ 8.15 ਵਜੇ ਪ੍ਰਿਥੀ ਵਾਸੀ ਪਿੰਡ ਅਖਾੜਾ ਅਤੇ ਸਚਿਨ ਵਾਸੀ ਜਗਰਾਉਂ ਆਪਣੀ ਐਕਟਿਵਾ ਸਕੂਟੀ ’ਤੇ ਆਏ ਅਤੇ ਰਾਜਨ ਅਤੇ ਰਮੇਸ਼ ਕੁਮਾਰ ਉਰਫ਼ ਮੇਸ਼ੀ ਆਪਣੇ ਮੋਟਰਸਾਈਕਲ ’ਤੇ ਆਏ ਅਤੇ ਉਨ੍ਹਾਂ ਨਾਲ 20-25 ਅਣਪਛਾਤੇ ਵਿਅਕਤੀ ਕਾਰਾਂ ਆਏ। ਇਨ੍ਹਾਂ ਲੋਕਾਂ ਨੂੰ ਉੱਥੇ ਇਕੱਠੇ ਦੇਖ ਕੇ ਮੈਂ ਆਪਣੇ ਘੋੜਾ ਟਰੱਕ ਵਿੱਚ ਬੈਠ ਗਿਆ। ਇਸ ਮੌਕੇ ਪ੍ਰਿਥੀ, ਸਚਿਨ ਅਤੇ ਰਮੇਸ਼ ਕੁਮਾਰ ਨੇ ਮੇਰੇ ਅਤੇ ਟਰੱਕ ’ਤੇ ਉਥੇ ਪਈਆਂ ਇੱਟਾਂ ਤੇ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ਜਿਸ ਕਾਰਨ ਟਰੱਕ ਦਾ ਅਗਲਾ ਸ਼ੀਸ਼ਾ ਟੁੱਟ ਗਿਆ। ਮੈਂ ਉਥੋਂ ਬਾਹਰ ਨਿਕਲਿਆ ਤਾਂ ਪ੍ਰਿਥੀ ਸਿੰਘ ਵਾਸੀ ਅਖਾੜਾ ਨੇ ਆਪਣੀ ਐਕਟਿਵਾ ਸਕੂਟੀ ’ਚੋਂ ਕਿਰਪਾਨ ਕੱਢ ਕੇ ਮੇਰੇ ਸਿਰ ’ਤੇ ਮਾਰੀ, ਜਦੋਂ ਮੈਂ ਭੱਜਣ ਲੱਗਾ ਤਾਂ ਰਮੇਸ਼ ਕੁਮਾਰ ਨੇ ਆਪਣੇ ਮੋਟਰਸਾਈਕਲ ’ਚੋਂ ਕਿਰਪਾਨ ਕੱਢ ਕੇ ਮੇਰੀ ਲੱਤ ’ਤੇ ਵਾਰ ਕਰ ਦਿੱਤਾ। ਜਦੋਂ ਮੈਂ ਮਾਰ ਦਿਤਾ ਦਾ ਰੌਲਾ ਪਾਇਆ ਤਾਂ ਉਹ ਸਾਰੇ ਆਪਣੇ-ਆਪਣੇ ਵਾਹਨਾਂ ਵਿੱਚ ਹਥਿਆਰ ਲੈ ਕੇ ਮੌਕੇ ਤੋਂ ਭੱਜ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸਦੀ ਵਜਹ ਰੰਜਿਸ਼ ਇਹ ਹੈ ਕਿ ਹਮਲਾਵਰ ਵੀ ਟਰੱਕ ਅਪਰੇਟਰ ਹੈ ਅਤੇ ਰਾਮ ਲੁਭਾਇਆ ਪਹਿਲਾ ਠੇਕੇਦਾਰ ਹੈ। ਇਨਾਂ ਨੇ ਅਨਾਜ ਮੰਡੀ ਸਿੱਧਵਾਂਬੇਟ ਵਿਖੇ ਬਾਹਰਲੇ ਟਰੱਕ ਆਪ੍ਰੇਟਰਾਂ ਵੱਲੋਂ ਫਸਲ ਲੋਡ ਕਰਨ ’ਤੇ ਇਤਰਾਜ਼ ਕੀਤਾ। ਪਰ ਮੈਂ ਆਪਣੀ ਫਰਮ ਦੀਆਂ ਗੱਡੀਆਂ ਵਿੱਚ ਅਨਾਜ ਲੋਡ ਕਰਨ ਗਿਆ। ਜਿਸ ਕਾਰਨ ਉਨ੍ਹਾਂ ਨੇ ਮੇਰੇ ’ਤੇ ਹਮਲਾ ਕਰ ਦਿੱਤਾ ਅਤੇ ਟਰੱਕ ਦੀ ਭੰਨਤੋੜ ਕੀਤੀ। ਸਿਮਰਨਜੀਤ ਸਿੰਘ ਦੀ ਸ਼ਿਕਾਇਤ ’ਤੇ ਪ੍ਰਿਥੀ ਸਿੰਘ ਵਾਸੀ ਅਖਾੜਾ, ਸਚਿਨ, ਰਾਜਨ, ਰਮੇਸ਼ ਕੁਮਾਰ ਉਰਫ਼ ਮੇਸ਼ੀ ਸਹੋਤਾ ਵਾਸੀ ਜਗਰਾਉਂ, ਰਾਮ ਲੁਭਾਇਆ ਠੇਕੇਦਾਰ ਉਰਫ਼ ਵਿੱਕੀ ਠੇਕੇਦਾਰ ਮੰਡੀ ਸਿੱਧਵਾਂਬੇਟ ਅਤੇ 5 ਅਣਪਛਾਤੇ ਵਿਅਕਤੀਆਂ ਖਿਲਾਫ਼ ਥਾਣਾ ਸਿੱਧਵਾਂਬੇਟ ’ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।