Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਹੁਣ ਕਿੱਥੇ ਰਹਿ ਗਈ ਨੌਜਵਾਨ ਸ਼ਕਤੀ ?

ਨਾਂ ਮੈਂ ਕੋਈ ਝੂਠ ਬੋਲਿਆ..?
ਹੁਣ ਕਿੱਥੇ ਰਹਿ ਗਈ ਨੌਜਵਾਨ ਸ਼ਕਤੀ ?

57
0


ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲਾ ਦੌਰੇ ਦੌਰਾਨ ਕਿਹਾ ਕਿ ਨੌਜਵਾਨ ਸ਼ਕਤੀ ਭਾਰਤ ਦੇ ਵਿਕਾਸ ਦੀ ਪ੍ਰੇਰਨਾ ਸ਼ਕਤੀ ਹੈ। ਨੌਜਵਾਨਾਂ ਨੇ ਦੇਸ਼ ਨੂੰ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਵਿੱਚ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਦੇਸ਼ ਵਿਚ 21ਵੀਂ ਸਦੀ ਲਈ ਨੌਜਵਾਨ ਸ਼ਕਤੀ ਦਾ ਵੱਡਾ ਖਜ਼ਾਨਾ ਹੈ। ਪ੍ਰਧਾਨ ਮੰਤਰੀ ਦੀਆਂ ਗੱਲਾਂ ਸੁਣ ਕੇ ਹਪ ਕੋਈ ਬਹੁਤ ਹੀ ਪ੍ਰਭਾਵਿਤ ਹੁੰਦਾ ਹੈ ਅਤੇ ਸੁਣਨ ਤੋਂ ਬਾਅਦ ਇਹ ਮਹਿਸੂਸ ਹੁੰਦਾ ਹੈ ਕਿ ਜੋ ਕ੍ਰਾਂਤੀ ਨੌਜਵਾਨ ਸ਼ਕਤੀ ਲਿਆ ਸਕਦੀ ਹੈ, ਉਹ ਕੋਈ ਹੋਰ ਨਹੀਂ ਲਿਆ ਸਕਦਾ। ਪਰ ਹੁਣ ਇੱਥੇ ਵੱਡਾ ਸਵਾਲ ਇਹ ਹੈ ਕਿ ਭਾਰਤ ਵਿੱਚ ਨੌਜਵਾਨ ਸ਼ਕਤੀ ਦੀ ਗੱਲ ਤਾਂ ਕੀਤੀ ਜਾ ਰਹੀ ਹੈ, ਪਰ ਉਹ ਨੌਜਵਾਨ ਸ਼ਕਤੀ ਹੈ ਕਿੱਥੇ ? ਇਹ ਸ਼ਕਤੀ ਅਸਲੀਅਤ ਵਿਚ ਤਾਂ ਕਿਧਰੇ ਨਜ਼ਰ ਨਹੀਂ ਆ ਰਹੀ। ਅੱਜ ਭਾਰਤ ਦੇ ਹਰ ਰਾਜ ਵਿੱਚ ਜਿਸ ਨੂੰ ਸਿਆਸੀ ਲੋਕ ਨੌਜਵਾਨ ਸ਼ਕਤੀ ਕਹਿੰਦੇ ਹਨ, ਉਹ ਨੌਜਵਾਨ ਸ਼ਕਤੀ ਹੱਥਾਂ ਵਿੱਚ ਉੱਚੀਆਂ ਡਿਗਰੀਆਂ ਲੈ ਕੇ ਬੇਰੁਜ਼ਗਾਰ ਘੁੰਮ ਰਹੇ ਹਨ ਅਤੇ ਸਾਡੀਆਂ ਸਰਕਾਰਾਂ ਉਨ੍ਹਾਂ ਨੂੰ ਪਕੌੜੇ ਬਨਾਉਣ ਦੀਆਂ ਸਲਾਹਾਂ ਦਿੰਦੀਆਂ ਹਨ। ਸਿੱਖਿਆ ਦੇ ਨਾਂ ’ਤੇ ਹਰ ਥਾਂ ਵੱਡੀਆਂ-ਵੱਡੀਆਂ ਦੁਕਾਨਾਂ ਚਲਾਈਆਂ ਜਾ ਰਹੀਆਂ ਹਨ ਅਤੇ ਨੌਜਵਾਨ ਦਿਨ-ਰਾਤ ਮਿਹਨਤ ਅਤੇ ਲੱਖਾਂ ਰੁਪਏ ਖਰਚ ਕੇ ਉੱਚ ਡਿਗਰੀਆਂ ਪ੍ਰਾਪਤ ਕਰ ਰਹੇ ਹਨ। ਪਰ ਜਦੋਂ ਰੋਜ਼ਗਾਰ ਦੇਣ ਦੀ ਗੱਲ ਆਉਂਦੀ ਹੈ ਤਾਂ ਸਰਕਾਰਾਂ ਹੱਥ ਖੜੇ ਕਰ ਦਿੰਦੀਆਂ ਹਨ। ਨੌਕਰੀ ਦੇ ਨਾਂ ’ਤੇ ਦੇਸ਼ ਭਰ ਦੇ ਨੌਜਵਾਨਾਂ ਦਾ ਜਿਸ ਤਰ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੈ, ਉਸ ਦੀ ਮਿਸਾਲ ਕਿਧਰੇ ਨਹੀਂ ਮਿਲਦੀ। ਨੌਜਵਾਨਾਂ ਨੂੰ ਨੌਕਰੀਆਂ ਜਾਂ ਰੁਜ਼ਗਾਰ ਦੇਣ ਦੀ ਬਜਾਏ ਉਨ੍ਹਾਂ ਨੂੰ ਧਰਮ ਅਤੇ ਜਾਤ ਦੇ ਨਾਂ ’ਤੇ ਵੰਡਿਆ ਜਾ ਰਿਹਾ ਹੈ। ਉਨ੍ਹਾਂ ਨੂੰ ਸਮੇਂ-ਸਮੇਂ ’ਤੇ ਸਿਆਸੀ ਲਾਹੇ ਲਈ ਵਰਤਿਆ ਜਾਂਦਾ ਹੈ। ਪੜ੍ਹ ਲਿਖ ਕੇ ਵੀ ਬੇਰੁਜਗਾਰੀ ਦੀ ਮਾਰ ਝੱਲ ਰਹੇ ਦੇਸ਼ ਦੇ ਸਾਰੇ ਸੂਬਿਆਂ ’ਚੋਂ ਨੌਜਵਾਨ ਵੱਡੀ ਗਿਣਤੀ ’ਚ ਵਿਦੇਸ਼ਾਂ ਵੱਲ ਨੂੰ ਰੋਜ਼ਗਾਰ ਦੀ ਭਾਲ ਵਿੱਚ ਜਾ ਰਹੇ ਹਨ। ਇਸ ਸਮੇਂ ਹਾਲਤ ਇਹ ਹੈ ਕਿ ਦੇਸ਼ ਭਰ ਦੇ ਪੜ੍ਹੇ-ਲਿਖੇ ਨੌਜਵਾਨ ਵਿਦੇਸ਼ਾਂ ਵਿੱਚ ਚਲੇ ਗਏ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਬਾਕੀ ਦੇ ਅੱਧੇ ਇੱਥੇ ਬੈਠੇ ਹਨ ਉਨ੍ਹਾਂ ਵਿਚੋਂ ਵੀ ਵਧੇਰੇਤਰ ਨਸ਼ੇ ਦੀ ਦਲਦਲ ਵਿੱਚ ਧੱਕ ਦਿੱਤੇ ਗਏ ਹਨ ਅਤੇ ਬਾਕੀ ਥੋੜੇ ਬਹੁਤ ਮਿਹਨਤ ਮਜਦੂਰੀ ਵਾਲੇ ਰਹਿ ਗਏ। ਸਰਕਾਰਾਂ ਦੀਆਂ ਗਲਤ ਨੀਤੀਆਂ ਉਨ੍ਹਾਂ ਮਜਦੂਰਾਂ ਨੂੰ ਵੀ ਕੰਮ ਜੋਦੇ ਨਹੀਂ ਰਹਿਣ ਦੇ ਰਹੀਆਂ। ਮੁਫਤ ਦਾ ਅਨਾਜ ਅਤੇ ਹੋਰ ਮੁਫਤ ਸਹੂਲਤਾਂ ਦੇ ਨਾਮ ਹੇਠ ਉਨ੍ਹਾਂ ਨੂੰ ਵੀ ਕੰਮ ਤੋਂ ਵਿਹਲੇ ਬਿਠਾਇਆ ਜਾ ਰਿਹਾ ਹੈ। ਜੇਕਰ ਪ੍ਰਧਾਨ ਮੰਤਰੀ ਦਾ ਮੰਨਣਾ ਹੈ ਕਿ ਦੇਸ਼ ਦੇ ਨੌਜਵਾਨ ਹੀ ਦੇਸ਼ ਨੂੰ ਅੱਗੇ ਲਿਜਾਣ ਦੇ ਸਮਰੱਥ ਹਨ ਤਾਂ ਪਹਿਲਾਂ ਉਨ੍ਹਾਂ ਨੂੰ ਪੜ੍ਹੇ ਲਿਖੇ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਭੱਜਣ ਤੋਂ ਰੋਕਣ ਲਈ ਯੋਗ ਉਪਰਾਲੇ ਕਰਨੇ ਚਾਹੀਦੇ ਹਨ। ਉਹ ਉਨ੍ਹਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰਨ। ਜੇਕਰ ਸਾਡੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਬੇਰੁਜ਼ਗਾਰ ਨਹੀਂ ਰਹਿਣਾ ਪਏਗਾ ਤਾਂ ਉਹ ਵਿਦੇਸ਼ ਕਿਉਂ ਜਾਣਗੇ ? ਕਿਉਂ ਆਪਣੇ ਮਾਂ-ਬਾਪ ਤੇ ਪਰਿਵਾਰ ਛੱਡ ਕੇ ਸੱਤ ਸਮੁੰਦਰੋਂ ਪਾਰ ਰਹਿਣ ਲਈ ਮਜਬੂਰ ਹਨ। ਇਸ ਲਈ ਅਜਿਹੇ ਦਿਲ ਲੁਭਾਉਣੇ ਭਾਸ਼ਣ ਲੀਡਰਾਂ ਲਈ ਤਾੜੀਆਂ ਵਜਵਾਉਂਦੇ ਹਨ ਪਰ ਅਸਲ ਵਿੱਚ ਇਹ ਇੱਕ ਕੌੜਾ ਸੱਚ ਹੈ ਕਿ ਸਾਡੀਆਂ ਸਰਕਾਰਾਂ ਆਪਣੀ ਨੌਜਵਾਨ ਸ਼ਕਤੀ ਨੂੰ ਸੰਭਾਲਣ ਵਿੱਚ ਅਸਮਰਥ ਹਨ। ਸਾਡੀਆਂ ਸਰਕਾਰਾਂ ਚਾਹੇ ਉਹ ਖੇਤਰੀ ਹੋਣ ਚਾਹੇ ਕੇਂਦਰ ਦੀਆਂ ਨਾ ਤਾਂ ਇਸ ਸ਼ਕਤੀ ਨੂੰ ਸੰਭਾਲ ਸਕੀਆਂ ਅਤੇ ਨਾ ਹੀ ਸੰਭਾਲਣ ਲਈ ਤਿਆਰ ਹਨ। ਜੇਕਰ ਨੌਜਵਾਨ ਇਸੇ ਤਰ੍ਹਾਂ ਹੀ ਵਿਦੇਸ਼ਾਂ ਵੱਲ ਨੂੰ ਭੱਜਦੇ ਰਹੇ ਤਾਂ ਉਹ ਵਿਦੇਸ਼ਾਂ ਵਿੱਚ ਰਹਿੰਦਿਆਂ ਉਨ੍ਹਾਂ ਦੇਸ਼ਾਂ ਲਈ ਵੱਡੀ ਆਰਥਿਕਤਾ ਦਾ ਕੰਮ ਕਰਨਗੇ। ਸਾਡਾ ਦੇਸ਼ ਛੱਡ ਕੇ ਜਾਣ ਵਾਲੇ ਨੌਜਵਾਨ ਵਿਦੇਸ਼ਾਂ ਦੇ ਹੀ ਖਜ਼ਾਨੇ ਭਰ ਰਹੇ ਹਨ। ਇਥੋਂ ਜਾਣ ਵੇਲੇ ਇਕ ਇਕ ਨੌਜਵਾਨ ਆਪਣੀ ਪ੍ਰਤਿਭਾ ਦੇ ਨਾਲ ਨਾਲ ਲੱਖਾਂ ਰੁਪਏ ਵੀ ਨਾਲ ਲੈ ਕੇ ਾਜੰਦੇ ਹਨ। ਫਿਰ ਉਥੇ ਜਾ ਕੇ ਹੱਡ ਭੰਨਵੀ ਮਿਹਨਤ ਕਰਕੇ ਉਥੋਂ ਦੇ ਖਜਾਨੇ ਨੂੰ ਟੈਕਸਾਂ ਨਾਲ ਭਰਦੇ ਹਨ। ਜੋ ਉਥੋਂ ਦੀ ਆਰਥਿਕਤਾ ਦੀ ਮਜਬੂਤੀ ਵਿਚ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ। ਇਸ ਲਈ ਸਿਰਫ ਸਟੇਜਾਂ ’ਤੇ ਭਾਸ਼ਣ ਦੇ ਕੇ ਨੌਜਵਾਨਾਂ ਦੀ ਯੁਵਾ ਸ਼ਕਤੀ ਨੂੰ ਉਤਸ਼ਾਹਿਤ ਕਰਨ ਦੇ ਫੋਕੇ ਦਾਅਵੇ ਨਾ ਕਰੋ ਬਲਕਿ ਜੇਕਰ ਸਰਕਾਰ ਸੱਚਮੁੱਚ ਇਹ ਮੰਨਦੀ ਹੈ ਕਿ ਨੌਜਵਾਨ ਸ਼ਕਤੀ ਹੀ ਦੇਸ਼ ਦਾ ਵਿਕਾਸ ਕਰ ਸਕਦੀ ਹੈ ਤਾਂ ਪਹਿਲਾਂ ਉਸ ਨੌਜਵਾਨ ਸ਼ਕਤੀ ਨੂੰ ਸੰਭਾਲਣ ਲਈ ਅੱਗੇ ਆਇਆ ਜਾਵੇ। ਜੇਕਰ ਨੌਜਵਾਨ ਸ਼ਕਤੀ ਸਾਡੇ ਪਾਸ ਰਹੇਗੀ ਤਾਂ ਹੀ ਉਹ ਦੇਸ਼ ਦੀ ਅਰਥ ਵਿਵਸਥਾ ਅਤੇ ਵਾਦਡੋਰ ਨੂੰ ਸੰਭਾਲ ਸਕੇਗੀ।
ਹਰਵਿੰਦਰ ਸਿੰਘ ਸੱਗੂ ।

LEAVE A REPLY

Please enter your comment!
Please enter your name here