ਸਿੱਧਵਾਂਬੇਟ, 28 ਅਪ੍ਰੈਲ ( ਬੌਬੀ ਸਹਿਜਲ, ਧਰਮਿੰਦਰ )-ਪਿਛਲੇ ਲੰਮੇ ਸਮੇਂ ਤੋਂ ਪੁਲਿਸ ਵੱਲੋਂ ਲੋਕਾਂ ਨੂੰ ਵਾਰ ਵਾਰ ਜਾਗਰੂਕ ਕਰਨ ਦੇ ਬਾਵਜੂਦ ਵਿਦੇਸ਼ਾਂ ਤੋਂ ਆ ਰਹੀਆਂ ਬੋਗਸ ਫ਼ੋਨ ਕਾਲਾਂ ਰਾਹੀਂ ਠੱਗੀ ਮਾਰਨ ਦਾ ਸਿਲਸਿਲਾ ਜਾਰੀ ਹੈ। ਇਸ ਵਾਰ ਥਾਣਾ ਸਿੱਧਵਾਂਬੇਟ ਅਧੀਨ ਪੈਂਦੇ ਪਿੰਡ ਜੰਡੀ ਦਾ ਰਹਿਣ ਵਾਲਾ ਕੁਲਦੀਪ ਸਿੰਘ ਠੱਗੀ ਦਾ ਸ਼ਿਕਾਰ ਹੋ ਗਿਆ। ਨੌਸਰਬਾਜ਼ ਨੇ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਉਸਦਾ ਖੁਦ ਨੂੰ ਨਜਦੀਕੀ ਰਿਸ਼ਤੇਦਾਰ ਦੱਸ ਕੇ ਉਸਨੂੰ ਝਾਂਸੇ ਵਿਚ ਲੈ ਕੇ ਛੇ ਲੱਖ ਰੁਪਏ ਦੀ ਠੱਗੀ ਮਾਰੀ। ਇਸ ਸਬੰਧੀ ਜਾਂਚ ਕਰਨ ਉਪਰੰਤ ਪੁਲਿਸ ਨੇ ਸੁਨੀਲ ਕੁਮਾਰ ਵਾਸੀ ਚੌਹਾਨ ਮੁਹੱਲਾ ਮਦਨਪੁਰ ਸਰਿਤਾ ਵਿਹਾਰ ਦੱਖਣੀ ਦਿੱਲੀ ਅਤੇ ਮੋਹਿਤ ਕੁਮਾਰ ਸ੍ਰੀਵਾਸਤਵ ਵਾਸੀ ਨਿਰਾਲਾ ਨਗਰ ਸੀਵਾਨ ਬਿਹਾਰ ਦੇ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿੱਧਵਾਂਬੇਟ ਦੇ ਸਬ-ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਕੁਲਦੀਪ ਸਿੰਘ ਵਾਸੀ ਪਿੰਡ ਜੰਡੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਮੋਬਾਈਲ ਫੋਨ ’ਤੇ ਪਿਛਲੇ ਕਈ ਦਿਨਾਂ ਤੋਂ ਇੱਕ ਵਿਦੇਸ਼ੀ ਨੰਬਰ ਤੋਂ ਮਿਸ ਕਾਲਾਂ ਆ ਰਹੀਆਂ ਸਨ। ਉਹ ਚੁੱਕਦਾ ਹੈ ਤਾਂ ਅੱਗੋਂ ਕੋਈ ਜਵਾਬ ਨਹੀਂ ਆਉਂਦਾ। ਕੁਝ ਦਿਨ ਪਹਿਲਾਂ ਸਵੇਰੇ ਜਦੋਂ ਉਸ ਦੇ ਮੋਬਾਈਲ ’ਤੇ ਵਿਦੇਸ਼ੀ ਨੰਬਰ ਤੋਂ ਕਾਲ ਆਈ ਤਾਂ ਉਸ ਨੇ ਉਸ ਨੂੰ ਆਪਣੀ ਪਤਨੀ ਦੀ ਮਾਸੀ ਦਾ ਲੜਕਾ ਜੋ ਅਮਰੀਕਾ ਰਹਿੰਦਾ ਹੈ, ਉਸ ਦਾ ਨਾਂ ਲੈ ਕੇ ਪੁੱਛਿਆ ਕਿ ਕੀ ਉਹ ਗੁਰਮੇਲ ਬੋਲਦਾ ਹੈ। ਇਸ ’ਤੇ ਸਾਹਮਣੇ ਨੌਸਰਬਾਜ਼ ਨੇ ਹਾਂ ਕਹਿ ਦਿੱਤੀ ਅਤੇ ਉਸ ਨੂੰ ਗੱਲਾਂ ’ਚ ਉਲਝਾ ਲਿਆ ਅਤੇ ਗੱਲਬਾਤ ’ਚ ਕਿਹਾ ਕਿ ਉਸ ਦੇ ਨਜਦੀਕੀ ਦੋਸਤ ਦੀ ਮਾਂ ਜ਼ਿਆਦਾ ਬਿਮਾਰ ਹੈ। ਉਸ ਕੋਲ ਇੰਨੇ ਪੈਸੇ ਨਹੀਂ ਹਨ ਕਿ ਉਹ ਉਸ ਦਾ ਇਲਾਜ ਕਰਵਾ ਸਕੇ। ਮੈਂ ਤੁਹਾਡੇ ਖਾਤੇ ਵਿੱਚ ਦਸ ਲੱਖ ਰੁਪਏ ਪਾ ਦਿੰਦਾ ਹਾਂ, ਤੁਸੀਂ ਥੋੜਾ-ਥੋੜ੍ਹਾ ਕਰਕੇ ਦੇ ਦਿਓ। ਗੱਲਾਂ ਵਿੱਚ ਉਲਝਾ ਕੇ ਉਸ ਨੇ ਕੁਲਦੀਪ ਸਿੰਘ ਤੋਂ ਉਸ ਦਾ ਖਾਤਾ ਨੰਬਰ ਲੈ ਲਿਆ ਅਤੇ ਉਸ ਦੇ ਮੋਬਾਈਲ ’ਤੇ ਹਸਪਤਾਲ ਵਿੱਚ ਦਾਖ਼ਲ ਬਜ਼ੁਰਗ ਔਰਤ ਦੀ ਫੋਟੋ ਭੇਜਣੀ ਸ਼ੁਰੂ ਕਰ ਦਿੱਤੀ। ਗੱਲਾਂ ਬਾਤਾਂ ਵਿਚ ਉਸ ਵੱਲੋਂ ਦਿੱਤੇ ਦੋ ਬੈਂਕ ਖਾਤਿਆਂ ਵਿੱਚ ਛੇ ਲੱਖ ਰੁਪਏ ਜਮ੍ਹਾਂ ਕਰਵਾ ਲਏ। ਜੋ ਉਸ ਨੇ ਬੈਂਕ ਤੋਂ ਲਿਮਿਟ ’ਤੇ ਲਿਆ ਸੀ। ਸਵੇਰੇ ਜਦੋਂ ਉਸ ਨੂੰ ਪਤਾ ਲੱਗਾ ਕਿ ਪੈਸੇ ਉਸ ਦੇ ਖਾਤੇ ਵਿਚ ਨਹੀਂ ਆਏ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਹੋਈ ਹੈ। ਜਿਸ ਦੀ ਸ਼ਿਕਾਇਤ ਉਸ ਵੱਲੋਂ ਪੁਲੀਸ ਨੂੰ ਦਿੱਤੀ ਗਈ। ਉਸ ਨੂੰ ਦਿੱਤੇ ਗਏ ਬੈਂਕ ਖਾਤੇ ਸੁਨੀਲ ਕੁਮਾਰ ਅਤੇ ਮੋਹਿਤ ਕੁਮਾਰ ਦੇ ਨਿਕਲੇ। ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਥਾਣਾ ਸਿੱਧਵਾਂਬੇਟ ਵਿਖੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।