ਜਗਰਾਓਂ, 28 ਅਪ੍ਰੈਲ ( ਵਿਕਾਸ ਮਠਾੜੂ )-ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਸੀ। ਇਹੀ ਕਾਰਨ ਹੈ ਕਿ ਪਰਿਵਾਰ ਸਮੇਤ ਕਿਸਾਨਾਂ ਨੇ ਉਸ ਨੂੰ ਵੱਡਾ ਸਹਿਯੋਗ ਦਿੱਤਾ। ਜਿਸ ਦਾ ਨਤੀਜਾ ਆਮ ਆਦਮੀ ਪਾਰਟੀ ਦੀ ਰਿਕਾਰਡ ਸੀਟਾਂ ’ਤੇ ਸ਼ਾਨਦਾਰ ਜਿੱਤ ਦੇ ਰੂਪ ’ਚ ਸਾਹਮਣੇ ਆਇਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਕਿਸਾਨ ਸਰਕਾਰ ਵੱਲੋਂ ਕੀਤੇ ਵਾਅਦੇ ਮੁਤਾਬਕ ਕਰਜ਼ਾ ਮੁਆਫ਼ੀ ਦੀ ਉਮੀਦ ਕਰ ਰਹੇ ਸਨ ਪਰ ਸਰਕਾਰ ਨੇ ਬੇਵਸੀ ਦਾ ਪ੍ਰਗਟਾਵਾ ਕਰਦਿਆਂ ਕੁਝ ਸਮਾਂ ਮੰਗਿਆ ਹੈ। ਇਸ ਦੌਰਾਨ ਕਿਸਾਨਾਂ ਦੀਆਂ ਫ਼ਸਲਾਂ ਕੁਦਰਤੀ ਆਫ਼ਤ ਦਾ ਸ਼ਿਕਾਰ ਹੋ ਗਈਆਂ। ਕੁਝ ਜ਼ਿਲ੍ਹੇ ਖਾਸ ਕਰਕੇ ਮੁਕਤਸਰ, ਫਾਜ਼ਿਲਕਾ ਜ਼ਿਆਦਾ ਪ੍ਰਭਾਵਿਤ ਹੋਏ ਹਨ। ਹੁਣ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ਨੂੰ ਭੇਜੇ ਗਏ ਪੱਤਰ ਵਿੱਚ ਇੱਕੋ ਇੱਕ ਰਾਹਤ ਦਿੱਤੀ ਗਈ ਹੈ ਕਿ ਜੋ ਕਿਸਾਨ ਸਭਾਵਾਂ ਤੋਂ ਲਏ ਕਰਜ਼ੇ ਦੀ ਅਦਾਇਗੀ ਕਰਨ ਵਿੱਚ ਅਸਮਰੱਥ ਹਨ, ਉਹ ਡਿਫਾਲਟਰ ਨਹੀਂ ਹੋਣਗੇ। ਡਿਫਾਲਟਰ ਦੀ ਮਿਆਦ 6 ਮਹੀਨੇ ਲਈ ਵਧਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ 30 ਜੂਨ 2023 ਨੂੰ ਡਿਫਾਲਟ ਹੋਣਾ ਸੀ, ਉਨ੍ਹਾਂ ਨੂੰ 31 ਜਨਵਰੀ ਤੱਕ ਹੀ ਇਸ ਐਲਾਨ ਤੋਂ ਰਾਹਤ ਮਿਲੀ ਹੈ। ਸੰਧੂ ਨੇ ਕਿਹਾ ਕਿ ਕਿਸਾਨ ਇੰਨੀ ਮਾੜੀ ਹਾਲਤ ਵਿੱਚੋਂ ਲੰਘ ਰਹੇ ਹਨ ਕਿ ਉਹ ਕਰਜ਼ਾ ਮੋੜਨ ਦੀ ਸਥਿਤੀ ਵਿੱਚ ਨਹੀਂ ਹਨ। ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤ ਕਰਕੇ ਕਿਸਾਨ ਹਿਤੈਸ਼ੀ ਖੇਤੀ ਨੀਤੀ ਬਣਾਉਣ ਦੀ ਲੋੜ ਹੈ ਤਾਂ ਜੋ ਕਿਸਾਨ ਮੁੜ ਕਰਜ਼ੇ ਦੇ ਜਾਲ ਵਿੱਚ ਨਾ ਫਸਣ। ਉਨ੍ਹਾਂ ਕਿਹਾ ਕਿ ਜ਼ਮੀਨੀ ਹਕੀਕਤ ਇਹ ਹੈ ਕਿ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੇ ਸੁਸਾਇਟੀਆਂ ਤੋਂ ਕਰਜ਼ਾ ਲੈ ਕੇ ਵੱਡੇ ਪੱਧਰ ’ਤੇ ਲਿਮਟਾਂ ਬਣਾਈਆਂ ਹਨ। ਇਸ ਲਈ ਲੋੜ ਹੈ ਕਿ ਇੱਕ ਵਾਰ ਸਰਕਾਰ ਕਰਜ਼ੇ ਲਈ ਜ਼ਿੰਮੇਵਾਰ ਬਣ ਜਾਵੇ ਅਤੇ ਹੋਰ ਅਗਲੇ ਸਮੇਂ ਵਿਚ ਲਿਮਟਾਂ ਦੀ ਸੀਮਾਂ ਤੈਅ ਕਰ ਦਿਤੀ ਜਾਵੇ ਅਤੇ ਕਿਸਾਨਾਂ ਨੂੰ ਕਰਜ਼ਾ ਮੋੜਨ ਦੇ ਯੋਗ ਬਣਾਇਆ ਜਾਵੇ।