ਬਟਾਲਾ, 02 ਮਈ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 50ਵੀਂ ਬਰਸੀ ਪੂਰੇ ਸ਼ਰਧਾ ਭਾਵਨਾ ਨਾਲ ਮਨਾਈ ਜਾਵੇਗੀ, ਜਿਸ ਸਬੰਧੀ ਕਰਵਾਏ ਜਾਣ ਵਾਲੇ ਸਮਾਗਮ ਲਈ ਡਾ. ਸ਼ਾਇਰੀ ਭੰਡਾਰੀ ਐਸ.ਡੀ.ਐਮ-ਕਮ-ਕਮਿਸ਼ਨਰ ਕਾਰਪਰੇਸ਼ਨ ਬਟਾਲਾ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਥਾਨਕ ਸ਼ਿਵ ਬਟਾਲਵੀ ਕਲਾ ਤੇ ਸੱਭਿਆਚਾਰਕ ਕੇਂਦਰ ਬਟਾਲਾ ਵਿਖੇ ਮੀਟਿੰਗ ਕੀਤੀ ਗਈ ਤੇ ਸਮਾਗਮ ਨੂੰ ਸਫਲਤਾਪੂਰਕ ਨੇਪਰੇ ਚਾੜ੍ਹਣ ਦੀ ਹਦਾਇਤ ਕੀਤੀ।ਉਨਾਂ ਪੀ.ਡਬਲਿਊ.ਡੀ (ਇਲੈਕਟ੍ਰੀਕਲ ਵਿੰਗ) ਦੇ ਅਧਿਕਾਰੀਆਂ ਨੂੰ ਆਡੋਟੋਰੀਅਮ ਦੇ ਸਾਊਂਡ ਸਿਸਟਮ, ਲਾਈਟਸ , ਮਾਈਕ, ਪ੍ਰੋਜਕਟਰ ਆਦਿ ਲੋੜੀਦੇ ਕੰਮ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ 4 ਮਈ ਤੱਕ ਸਾਰੇ ਕੰਮ ਮੁਕੰਮਲ ਕਰ ਲਏ ਜਾਣ। ਇਸੇ ਤਰਾਂ ਉਨਾਂ ਪਬਲਿਕ ਹੈਲਥ, ਪੀ.ਡਬਲਿਊ.ਡੀ, ਕਾਰਪੋਰੇਸ਼ਨ, ਟਰੈਫਿਕ ਪੁਲਿਸ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮਾਗਮ ਨੂੰ ਸਫਲਤਾਪੂਰਕ ਨੇਪਰੇ ਚਾੜਵਣ ਦੇ ਦਿਸ਼ਾ-ਨਿਰਦੇਸ਼ ਦਿੱਤੇ।ਮੀਟਿੰਗ ਦੌਰਾਨ ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਯੋਗ ਅਗਵਾਈ ਹੇਠ ਸ਼ਿਵ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਬਟਾਲਾ ਅਤੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵਲੋਂ ਸ਼ਿਵ ਬਟਾਲਵੀ ਦੀ 50ਵੀਂ ਬਰਸੀ ਮੌਕੇ 6 ਮਈ ਨੂੰ ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਕੇਂਦਰ ਬਟਾਲਾ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ ਜੋ ਕਿ ਦੋ ਹਿੱਸਿਆਂ ਵਿੱਚ ਹੋਣਗੇ।ਉਨਾਂ ਅੱਗੇ ਦੱਸਿਆ ਕਿ 6 ਮਈ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਪਹਿਲਾ ਸੈਸ਼ਨ ਹੋਵੇਗਾ, ਜਿਸ ਵਿੱਚ ਕਵਿਤਾ/ਗਾਇਨ ਉਚਾਰਨ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਪ੍ਰੋਗਰਾਮ ਵਿੱਚ ਜਿਨਾਂ ਵਿਦਿਆਰਥੀਆਂ ਜਾਂ ਕਿਸੇ ਵੀ ਵਿਅਕਤੀ ਵਲੋਂ ਆਨਲਾਈਨ ਰਜਿਸਟਰੇਸ਼ਨ ਕੀਤੀ ਹੋਵੇਗੀ। ਉਨਾਂ ਰਜਿਸਟਰਡ ਭਾਗੀਦਾਰਾਂ ਦੀ 4 ਮਈ 2023 ਨੂੰ ਸਵੇਰੇ 9 ਵਜੇ ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ, ਜਲੰਧਰ ਰੋਡ ਬਟਾਲਾ ਵਿਖੇ ਚੋਣ ਕਮੇਟੀ ਦੇ ਮੈਬਰਾਂ ਵਲੋਂ ਚੋਣ ਕੀਤੀ ਜਾਵੇਗੀ।ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਬਾਅਦ 6 ਮਈ ਨੂੰ ਦੁਪਹਿਰ 3 ਵਜੇ ਤੋਂ 6 ਵਜੇ ਤੱਕ ਵਿਸ਼ੇਸ਼ ਸਮਾਗਮ ਹੋਵੇਗਾ, ਜਿਸ ਵਿੱਚ ਸਭ ਤੋਂ ਪਹਿਲਾਂ ਸ਼ਿਵ ਬਟਾਲਵੀ ਦੀ ਗਾਇਕੀ, ਫਿਰ ਪੰਜਾਬੀ ਜ਼ੁਬਾਨ ਦੇ ਨਾਮਵਾਰ ਕਵੀਆਂ ਦਾ ਕਵੀ ਦਰਬਾਰ ਅਤੇ ਅਖੀਰ ਵਿੱਚ ਸ਼ਿਵ ਬਟਾਲਵੀ ਦੀ ਸ਼ਾਹਕਾਰ ਰਚਨਾ ਕਾਵਿ-ਨਾਟ ਲੂਣਾ ਦਾ ਨਾਟ ਸ਼੍ਰੋਮਣੀ ਕੇਵਲ ਧਾਲੀਵਾਲ ਦੀ ਟੀਮ ਵੱਲੋਂ ਮੰਚਨ ਕੀਤਾ ਜਾਵੇਗਾ। ਇਸ ਮੌਕੇ ਕਿਤਾਬਾਂ ਅਤੇ ਸ਼ਿਵ ਕੁਮਾਰ ਬਟਾਲਵੀ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।ਇਸ ਮੌਕੇ ਲਖਵਿੰਦਰ ਸਿੰਘ ਨਾਇਬ ਤਹਿਸੀਲਦਾਰ, ਡਾ. ਰਵਿੰਦਰ ਸਿੰਘ, ਪ੍ਰਧਾਨ ਸ਼ਿਵ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਬਟਾਲਾ, ਐਕਸੀਅਨ ਸੁਖਦੀਪ ਸਿੰਘ ਧਾਲੀਵਾਲ, ਐਸ.ਡੀ.ਓ ਨਿਰਮਲ ਸਿੰਘ, ਪਰਮਜੀਤ ਸਿੰਘ ਜ਼ਿਲ੍ਹਾ ਭਾਸ਼ਾ ਅਫਸਰ, ਹਰਮਨਪ੍ਰੀਤ ਸਿੰਘ ਜੁਆਇੰਟ ਸੈਕਰਟਰੀ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ, ਪ੍ਰਦੀਪ ਕੁਮਾਰ, ਸੁੰਦਰ ਕੁਮਾਰ ਸੁਪਰਡੈਂਟ, ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ।