ਗੁਰਦਾਸਪੁਰ, 02 ਮਈ (ਭਗਵਾਨ ਭੰਗੂ-ਲਿਕੇਸ਼ ਸ਼ਰਮਾ ) : ਸਿਹਤ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਜਸਪ੍ਰੀਤ ਕੌਰ ਵੱਲੋਂ ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ ਅਤੇ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ, ਐੱਨ.ਐੱਚ.ਐੱਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਪੀ.ਸੀ.ਪੀ.ਐਨ.ਡੀ.ਟੀ.ਐਕਟ, ਐਮ.ਡੀ.ਆਰ ਸਬੰਧੀ ਮੀਟਿੰਗ ਦਫਤਰ ਸਿਵਲ ਸਰਜ਼ਨ ਗੁਰਦਾਸਪੁਰ ਵਿਖੇ ਕੀਤੀ ਗਈ।ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਡਾਇਰੈਕਟਰ ਡਾ. ਜਸਪ੍ਰੀਤ ਕੌਰ ਨੇ ਪੀ.ਸੀ.ਪੀ.ਐਨ.ਡੀ.ਟੀ.ਐਕਟ ਅਤੇ ਐਮ.ਡੀ.ਆਰ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਲੜ੍ਹਕੀਆਂ ਦੇ ਲਿੰਗ ਅਨੁਪਾਤ ਵਿਚ ਬਹੁਤ ਗਿਰਾਵਟ ਆ ਰਹੀ ਹੈ। ਇਸ ਸਮੇਂ ਭਾਰਤ ਦਾ ਲਿੰਗ ਅਨੁਪਾਤ 926 ਪੰਜਾਬ 904 ਅਤੇ ਜਿਲ੍ਹਾ ਗੁਰਦਾਸਪੁਰ ਦਾ 746 ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਬੇਟੀ ਬਚਾਓ, ਬੇਟੀ ਪੜ੍ਹਾਓ ਪ੍ਰੋਗਰਾਮ ਅਧੀਨ ਆਈ.ਈ.ਸੀ ਅਤੇ ਬੀ.ਸੀ.ਸੀ. ਗਤੀਵਿਧੀਆਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਗਰਭਵਤੀ ਮਾਵਾਂ ਦੀਆਂ ਮੌਤਾਂ ਰੋਕਣ ਲਈ ਸਿਹਤ ਵਿਭਾਗ ਵਲੋਂ ਹਰੇਕ ਪੱਧਰ ’ਤੇ ਸਹੂਲਤ ਦਿੱਤੀ ਜਾ ਰਹੀ ਹੈ। ਗਰਭਵਤੀ ਔਰਤਾਂ ਦੇ ਮੁਫਤ ਚੈੱਕਅਪ, ਟੈਸਟ, ਟੀਕਾਕਰਨ ਅਤੇ ਜਣੇਪਾ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ 0 ਤੋਂ 5 ਸਾਲ ਤੱਕ ਦੀਆਂ ਲੜ੍ਹਕੀਆਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੜ੍ਹਕੀਆਂ ਨੂੰ ਹੋਰ ਸਕੀਮਾਂ ਅਧੀਨ ਵੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਡਿਪਟੀ ਡਾਇਰੈਕਟ ਡਾ. ਜਸਪ੍ਰੀਤ ਕੌਰ ਨੇ ਗਰਭਵਤੀ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਜਣੇਪਾ ਸਰਕਾਰੀ ਸਿਹਤ ਸੰਸਥਾਵਾ ਵਿਖੇ ਹੀ ਕਰਵਾਇਆ ਜਾਵੇ ਤਾਂ ਜੋ ਸੁਰੱਖਿਅਤ ਜਣੇਪਾ ਹੋਣ ਨਾਲ ਮਾਂ ਤੇ ਬੱਚਾ ਦੋਵੇਂ ਸਿਹਤਮੰਦ ਰਹਿਣ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬੱਚਿਆਂ ਦਾ ਮੁਫਤ ਟੀਕਾਕਰਨ ਵੀ ਕੀਤਾ ਜਾਂਦਾ ਹੈ।ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਤੇਜਿੰਦਰ ਕੌਰ, ਜਿਲ੍ਹਾ ਟੀਕਾਕਰਨ ਅਫਸਰ ਡਾ. ਅਰਵਿੰਦ ਕੁਮਾਰ ਅਤੇ ਹੋਰ ਦਫਤਰੀ ਸਟਾਫ ਹਾਜ਼ਰ ਸੀ।