ਸਿੱਧਵਾਂਬੇਟ, 4 ਮਈ ( ਲਿਕੇਸ਼ ਸ਼ਰਮਾਂ )-ਥਾਣਾ ਸਿੱਧਵਾਂਬੇਟ ਅਤੇ ਥਾਣਾ ਸਦਰ ਰਾਏਕੋਟ ਦੀ ਪੁਲਿਸ ਪਾਰਟੀਆਂ ਨੇ ਇੱਕ ਔਰਤ ਸਮੇਤ ਦੋ ਨੂੰ ਨਸ਼ੀਲੀਆਂ ਪਾਬੰਦੀਸ਼ੁਦਾ ਗੋਲੀਆਂ ਅਤੇ 14 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਥਾਣਾ ਸਿੱਧਵਾਂਬੇਟ ਦੇ ਏ.ਐਸ.ਆਈ ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਪਿੰਡ ਮਧੇਪੁਰ ਵਿਖੇ ਚੈਕਿੰਗ ਲਈ ਮੌਜੂਦ ਸਨ। ਉੱਥੇ ਸੂਚਨਾ ਮਿਲੀ ਕਿ ਮੁਖਤਿਆਰ ਕੌਰ ਵਾਸੀ ਪਿੰਡ ਪਰਜੀਆਂ ਕਾਲਾ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦੀ ਹੈ। ਉਹ ਆਪਣੇ ਘਰ ਤੋਂ ਪੱਕੀ ਸੜਕ ’ਤੇ ਨਸ਼ੇ ਵਾਲੀਆਂ ਗੋਲੀਆਂ ਲੈ ਕੇ ਮਧੇਪੁਰ ਆ ਰਹੀ ਹੈ। ਇਸ ਸੂਚਨਾ ’ਤੇ ਧੁੱਸੀ ਬੰਨ੍ਹ ’ਤੇ ਨਾਕਾਬੰਦੀ ਕਰਕੇ ਮੁਖਤਿਆਰ ਕੌਰ ਨੂੰ 95 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਥਾਣਾ ਸਦਰ ਰਾਏਕੋਟ ਤੋਂ ਸਬ-ਇੰਸਪੈਕਟਰ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਨਾਕਾਬੰਦੀ ਦੌਰਾਨ ਭੈਣੀ ਬੜਿੰਗਾ ਬੱਸ ਸਟੈਂਡ ’ਤੇ ਮੌਜੂਦ ਸਨ। ਉਥੇ ਇਤਲਾਹ ਮਿਲੀ ਕਿ ਜਸਵਿੰਦਰ ਸਿੰਘ ਉਰਫ ਜੱਸਾ ਵਾਸੀ ਜੌਹਲਾਂ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ, ਜੋ ਕਿ ਹੈਰੋਇਨ ਲੈ ਕੇ ਪੁਲ ਸੂਆ ਜੌਹਲਾਂ ਵੱਲ ਆ ਰਿਹਾ ਹੈ। ਇਸ ਸੂਚਨਾ ’ਤੇ ਨਾਕਾਬੰਦੀ ਦੌਰਾਨ ਜਸਵਿੰਦਰ ਸਿੰਘ ਨੂੰ 14 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ।