ਜਗਰਾਉਂ, 7 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਮਾਮੂਲੀ ਰੰਜਿਸ਼ ’ਚ ਦੁਬਈ ਤੋਂ ਛੁੱਟੀ ’ਤੇ ਆਏ ਕਿਸਾਨ ਨੂੰ ਮਾਰਨ ਦੇ ਇਰਾਦੇ ਨਾਲ ਗੋਲੀ ਚਲਾਉਣ ਦੇ ਦੋਸ਼ ’ਚ ਬਲਵੀਰ ਸਿੰਘ ਵਾਸੀ ਪਿੰਡ ਕਾਉਂਕੇ ਕਲਾਂ ਦੇ ਬਿਆਨ ’ਤੇ ਜਗਦੀਪ ਸਿੰਘ ਵਾਸੀ ਕਾਉਂਕੇ ਕਲਾਂ ਖਿਲਾਫ ਇਰਾਦਾ ਕਤਲ ਅਤੇ ਅਸਲਾ ਐਕਟ ਦੇ ਤਹਿਤ ਥਾਣਾ ਸਦਰ ’ਚ ਮਾਮਲਾ ਦਰਜ ਕੀਤਾ ਗਿਆ ਹੈ। ਸਬ-ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਬਲਵੀਰ ਸਿੰਘ ਵਾਸੀ ਕਾਉਂਕੇ ਕਲਾਂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਵੱਡਾ ਭਰਾ ਗੁਰਪ੍ਰੀਤ ਸਿੰਘ ਦੁਬਈ ਤੋਂ ਛੁੱਟੀ ’ਤੇ ਆਇਆ ਹੋਇਆ ਸੀ। ਉਹ ਸ਼ਨੀਵਾਰ ਨੂੰ ਆਪਣੇ ਭਰਾ ਗੁਰਪ੍ਰੀਤ ਸਿੰਘ ਨਾਲ ਟਰੈਕਟਰ ’ਤੇ ਚਾਰਾ ਲੈ ਕੇ ਖੇਤ ਤੋਂ ਵਾਪਸ ਆ ਰਿਹਾ ਸੀ। ਜਦੋਂ ਅਸੀਂ ਘਰ ਦੇ ਨੇੜੇ ਪਹੁੰਚੇ ਤਾਂ ਉਸ ਦੇ ਪਿੰਡ ਦਾ ਜਗਦੀਪ ਸਿੰਘ ਮੋਟਰਸਾਈਕਲ ’ਤੇ ਆਇਆ ਅਤੇ ਉਸ ਦਾ ਰਿਵਾਲਵਰ ਕੱਢ ਲਿਆ ਅਤੇ ਗਾਲ੍ਹਾਂ ਕੱਢਣ ਲੱਗ ਪਿਆ। ਜਦੋਂ ਅਸੀਂ ਉਸ ਨੂੰ ਗਾਲ੍ਹਾਂ ਕੱਢਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਖੇਤ ਵਿੱਚ ਆਓ, ਮੈਂ ਦੱਸਾਂਗਾ। ਜਿਸ ’ਤੇ ਮੇਰਾ ਭਰਾ ਗੁਰਪ੍ਰੀਤ ਸਿੰਘ ਟਰੈਕਟਰ ਲੈ ਕੇ ਅਤੇ ਮੈਂ ਆਪਣੇ ਪਿਤਾ ਗੁਰਨਾਮ ਸਿੰਘ ਨਾਲ ਮੋਟਰਸਾਈਕਲ ’ਤੇ ਉਸ ਦੇ ਪਿੱਛੇ ਚਲੇ ਗਏ। ਜਗਦੀਪ ਸਿੰਘ ਨੇ ਆਪਣਾ ਮੋਟਰਸਾਈਕਲ ਬੂਟਾ ਸਿੰਘ ਦੀ ਮੋਟਰ ’ਤੇ ਖੜ੍ਹਾ ਕਰ ਦਿੱਤਾ ਅਤੇ ਸਾਨੂੰ ਲਲਕਾਰਨਾ ਸ਼ੁਰੂ ਕਰ ਦਿੱਤਾ। ਜਗਦੀਪ ਛੱਤ ’ਤੇ ਚੜ੍ਹ ਕੇ ਸਾਡੇ ’ਤੇ ਇੱਟਾਂ-ਰੋੜੇ ਮਾਰਨ ਲੱਗਾ। ਉਸਨੇ ਆਪਣੇ ਹੱਥ ਵਿੱਚ ਫੜੀ ਟੋਕੀ ਮੇਰੇ ਭਰਾ ਵੱਲ ਮਾਰੀ ਜੋ ਉਸਦੇ ਹੱਥ ਵਿੱਚ ਲੱਗੀ ਅਤੇ ਉਸਨੇ ਆਪਣੇ ਰਿਵਾਲਵਰ ਨਾਲ ਮੇਰੇ ਭਰਾ ਨੂੰ ਮਾਰਨ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ। ਜੋ ਉਸ ਦੀ ਛਾਤੀ ਵਿੱਚ ਲੱਗੀ। ਗੋਲੀਆਂ ਚਲਾਉਣ ਤੋਂ ਬਾਅਦ ਹਮਲਾਵਰ ਬਾਈਕ ’ਤੇ ਮੌਕੇ ਤੋਂ ਫਰਾਰ ਹੋ ਗਿਆ। ਗੁਰਪ੍ਰੀਤ ਸਿੰਘ ਨੂੰ ਗੰਭੀਰ ਹਾਲਤ ਵਿੱਚ ਜਗਰਾਉਂ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ। ਇਸਦੀ ਵਜਹ ਰੰਜਿਸ਼ ਇਹ ਦੱਸੀ ਗਈ ਕਿ ਗੁਰਪ੍ਰੀਤ ਸਿੰਘ ਅਤੇ ਉਕਤ ਹਮਲਾਵਰ ਦੋਵੇਂ ਇੱਕ ਮਹੀਨਾ ਪਹਿਲਾਂ ਪਿੰਡ ਦੇ ਹੀ ਇੱਕ ਲੜਕੇ ਦੇ ਵਿਆਹ ਵਿੱਚ ਇਕੱਠੇ ਹੋਏ ਸਨ। ਵਿਆਹ ਸਮਾਗਮ ’ਚ ਰਿਬਨ ਕੱਟਣ ਸਮੇਂ ਸਪਰੇਅ ਦਾ ਛਿੜਕਾਵ ਕਰਨ ਸਮੇਂ ਦੋਵਾਂ ਵਿਚਕਾਰ ਕਹਾਸੁਣੀ ਹੋ ਗਈ ਸੀ। ਜਿਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਵਧਦਾ ਗਿਆ।