ਜਗਰਾਉਂ, 7 ਮਈ ( ਰਾਜੇਸ਼ ਜੈਨ, ਭਗਵਾਨ ਭੰਗੂ )-ਸ਼ਨੀਵਾਰ ਦੇਰ ਸ਼ਾਮ ਟਿਊਸ਼ਨ ਪੜ੍ਹਦੀ ਦੂਸਰੀ ਜਮਾਤ ਦੀ ਵਿਦਿਆਰਥਣ ਲਵਪ੍ਰੀਤ ਕੌਰ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਜ਼ਖਮੀ ਕਰਨ ਦੇ ਦੋਸ਼ ’ਚ ਟਿਊਸ਼ਨ ਅਧਿਆਪਕ ਖਿਲਾਫ ਥਾਣਾ ਸਿਟੀ ਜਗਰਾਓਂ ’ਚ ਜੁਵੇਨਾਈਲ ਐਕਟ ਅਤੇ ਕੁੱਟਮਾਰ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਏਐਸਆਈ ਆਤਮਾ ਸਿੰਘ ਨੇ ਦੱਸਿਆ ਕਿ ਲੜਕੀ ਦੀ ਮਾਤਾ ਪਰਮਜੀਤ ਕੌਰ ਵਾਸੀ ਚੁੰਗੀ ਨੰਬਰ 7, ਨੇੜੇ ਗੁਰਦੁਆਰਾ ਬਾਬਾ ਜੋਰਾ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਸ ਦੀ ਲੜਕੀ ਲਵਪ੍ਰੀਤ ਕੌਰ ਆਦਰਸ਼ ਗਰਲਜ਼ ਸਕੂਲ ਨੇੜੇ ਪੀਰ ਬਾਬਾ ਲੱਪੇ ਸ਼ਾਹ ਵਿੱਚ ਦੂਜੀ ਜਮਾਤ ਵਿੱਚ ਪੜ੍ਹਦੀ ਹੈ। ਅਸੀਂ ਉਸਨੂੰ ਮੈਡਮ ਪਿੰਦਰ ਵਾਸੀ ਅਗਵਾੜ ਰੜਾ, ਚੁੰਗੀ ਨੰਬਰ 7 ਨੇੜੇ ਬਾਬਾ ਜੀਵਨ ਸਿੰਘ ਗੁਰਦੁਆਰਾ ਜਗਰਾਉਂ ਪਾਸ ਟਿਊਸ਼ਨ ਪੜ੍ਹਣ ਲਈ ਲਗਾਇਆ ਹੋਇਆ ਸੀ। ਜਿਸ ਨੇ ਆਪਣਾ ਤਰਨਵੀਰ ਟਿਊਸ਼ਨ ਕਲਾਸ ਸੈਂਟਰ ਖੋਲਿ੍ਹਆ ਹੋਇਆ ਹੈ। ਸ਼ਨੀਵਾਰ ਸ਼ਾਮ ਕਰੀਬ 4 ਵਜੇ ਮੇਰਾ ਪਤੀ ਬਲਵੀਰ ਸਿੰਘ ਲੜਕੀ ਲਵਪ੍ਰੀਤ ਦੀ ਟਿਊਸ਼ਨ ਮੈਡਮ ਪਿੰਦਰ ਦੇ ਘਰ ਛੱਡ ਕੇ ਆਇਆ ਸੀ। ਸ਼ਾਮ ਕਰੀਬ 6 ਵਜੇ ਜਦੋਂ ਲੜਕੀ ਰੋਂਦੀ ਹੋਈ ਘਰ ਵਾਪਸ ਆਈ ਤਾਂ ਉਸ ਦੀ ਹਾਲਤ ਕਾਫੀ ਖਰਾਬ ਸੀ। ਉਸ ਦੇ ਚਿਹਰੇ ਅਤੇ ਸਰੀਰ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਜਦੋਂ ਅਸੀਂ ਉਸ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੈਡਮ ਪਿੰਦਰ ਨੇ ਉਸ ਦੀ ਕੁੱਟਮਾਰ ਕੀਤੀ ਹੈ। ਪਰਮਜੀਤ ਕੌਰ ਦੀ ਸ਼ਿਕਾਇਤ ’ਤੇ ਪਿੰਦਰ ਮੈਡਮ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਕੇਸ ਦਰਜ ਕੀਤਾ ਗਿਆ।