ਬਰਨਾਲਾ, 9 ਮਈ (ਰੋਹਿਤ ਗੋਇਲ) : ਪਸ਼ੂਆਂ ਦੀ ਸੁਚੱਜੀ ਸੰਭਾਲ ਲਈ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਬਰਨਾਲਾ ਡਾ. ਲਖਬੀਰ ਸਿੰਘ ਨੇ ਪਸ਼ੂ ਪਾਲਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਈ-ਜੂਨ ਦੇ ਗਰਮੀ ਵਾਲੇ ਮਹੀਨੇ ਪਸ਼ੂਆਂ ਵਾਸਤੇ ਬਹੁਤ ਹੀ ਸੰਵੇਦਨਸ਼ੀਲ ਹੁੰਦੇ ਹਨ।ਚਿੱਚੜਾਂ, ਜੂੰਆਂ, ਮੱਛਰਾਂ ਆਦਿ ਨਾਲ ਬਿਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ।ਤਾਪਮਾਨ ਦਾ ਵਾਧਾ ਹੋਣ ਕਾਰਨ ਪਸ਼ੂਆਂ ਤੇ ਪ੍ਰਤੀਕੂਲ ਅਸਰ ਪੈਂਦਾ ਹੈ ਜਿਸ ਨਾਲ ਸਾਹ ਕਿਰਿਆ ਵਿੱਚ ਤੇਜ਼ੀ ਆਉਂਦੀ ਹੈ ਅਤੇ ਪਸ਼ੂਆਂ ਨੂੰ ਭੁੱਖ ਘੱਟ ਲੱਗਦੀ ਹੈ, ਜਿਸ ਕਾਰਨ ਪਸ਼ੂਆਂ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘਟ ਜਾਂਦੀ ਹੈ ਅਤੇ ਪਸ਼ੂ ਦੁੱਧ ਘੱਟ ਦਿੰਦਾ ਹੈ।ਵਿਸ਼ਾਣੂਆਂ ਅਤੇ ਕਿਟਾਣੂਆਂ ਦੀਆਂ ਬਿਮਾਰੀਆਂ ਦਾ ਪ੍ਰਕੋਪ ਵੱਧ ਜਾਂਦਾ ਹੈ।ਅਜਿਹੇ ਵਿੱਚ ਪਸ਼ੂ ਪਾਲਕਾਂ ਨੂੰ ਕੁੱਝ ਮਹੱਤਵਪੂਰਨ ਗੱਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ ਜਿਵੇਂ ਕਿ ਪਸ਼ੂਆਂ ਨੂੰ ਖੁੱਲ੍ਹੇ ਹਵਾਦਾਰ ਢਾਰੇ ਜਾਂ ਛਾਂ-ਦਾਰ ਦਰੱਖਤ ਥੱਲੇ ਬੰਨਿਆ ਜਾਵੇ। ਪਸ਼ੂਆਂ ਦੇ ਸਰੀਰ ਦਾ ਤਾਪਮਾਨ ਸਥਿਰ ਰੱਖਣ ਵਾਸਤੇ ਪਸ਼ੂਆਂ ਨੂੰ ਖੁੱਲ੍ਹਾ ਸਾਫ-ਸੁਥਰਾ ਅਤੇ ਵਾਧੂ ਪਾਣੀ ਹਰ ਸਮੇਂ ਪਸ਼ੂਆਂ ਦੇ ਪੀਣ ਲਈ ਉਪਲੱਬਧ ਹੋਣਾ ਚਾਹੀਦਾ ਹੈ, ਹੋ ਸਕੇ ਤਾਂ ਪੱਕੇ ਢਾਰਿਆਂ ਵਿੱਚ ਪਸ਼ੂਆਂ ਵਿੱਚ ਫੁਹਾਰਿਆਂ ਦਾ ਪ੍ਰਬੰਧ ਹੋਵੇ ਅਤੇ ਸਾਫ ਸੁਥਰੇ ਖੁੱਲੇ ਛੱਪੜ ਵਿੱਚ ਪਸ਼ੂਆਂ ਨੂੰ ਨਹਾਉਣ ਲਈ ਭੇਜਿਆ ਜਾਵੇ। ਕਾਲੇ ਨਮਕ ਦੀ ਇੱਟ ਦੀ ਵਰਤੋਂ ਕੀਤੀ ਜਾਵੇ। ਪਸ਼ੂਆਂ ਨੂੰ ਸਮੇਂ ਸਿਰ ਵੈਟਰਨਰੀ ਡਾਕਟਰ ਦੀ ਸਲਾਹ ਨਾਲ ਮਲੱਪ ਰਹਿਤ ਕੀਤਾ ਜਾਵੇ ਅਤੇ ਪਸ਼ੂਆਂ ਨੂੰ ਵੱਖ-ਵੱਖ ਛੂਤ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਵਿਭਾਗ ਵੱਲੋਂ ਚੱਲ ਰਹੀਆਂ ਟੀਕਾਕਰਨ ਮੁਹਿੰਮਾਂ ਰਾਹੀਂ ਟੀਕੇ ਲਗਵਾ ਕੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਸੁਰੱਖਿਅਤ ਕਰ ਲਿਆ ਜਾਵੇ। ਨੇੜੇ ਦੀ ਪਸ਼ੂ ਸਿਹਤ ਸੰਸਥਾ ਦੀ ਮਦਦ ਲਈ ਜਾਵੇ ਤਾਂ ਜੋ ਸਮੇਂ ਸਮੇਂ ਤੇ ਹੋ ਰਹੇ ਪ੍ਰਬੰਧਨ ਬਦਲਾਅ ਬਾਰੇ ਜਾਣਕਾਰੀ ਹਾਸਿਲ ਹੋ ਸਕੇ। ਪਸ਼ੂ ਪਾਲਕ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਆਪਣੇ ਪਸ਼ੂਆਂ ਨੂੰ ਗਰਮੀ ਦੇ ਦਿਨਾਂ ’ਚ ਆਮ ਨਾਲੋਂ ਜ਼ਿਆਦਾ ਧਿਆਨ ਰੱਖ ਕੇ ਵੱਧ ਤੋਂ ਵੱਧ ਦੁੱਧ ਪੈਦਾਵਾਰ ਲੈ ਸਕਦੇ ਹਨ।