ਰਾਏਕੋਟ, 9 ਮਈ ( ਜਸਵੀਰ ਹੇਰਾਂ )-ਪੰਚਾਇਤੀ ਸਮਝੌਤਾ ਕਰਨ ਤੋਂ ਬਾਅਦ ਸੱਤ ਲੱਖ ਰੁਪਏ ਲੈਣ ਦੇ ਬਾਵਜੂਦ ਪੰਚਾਇਤੀ ਸਮਝੌਤੇ ਅਨੁਸਾਰ ਕਾਰਵਾਈ ਨਾ ਕਰਨ ’ਤੇ ਥਾਣਾ ਸਦਰ ਰਾਏਕੋਟ ਵਿਖੇ ਪਿਓ-ਪੁੱਤ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਚੌਕੀ ਲੋਹਟਬੱਦੀ ਦੇ ਇੰਚਾਰਜ ਏ.ਐਸ.ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਵਾਸੀ ਲਲਤੋਂ ਕਲਾਂ, ਪੱਖੋਵਾਲ ਰੋਡ ਲੁਧਿਆਣਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੀ ਲੜਕੀ ਗੁਰਕਮਲ ਕੌਰ ਦਾ ਵਿਆਹ ਮਨਵੀਰ ਸਿੰਘ ਮੰਡ ਵਾਸੀ ਲੋਹਟਬੱਦੀ ਨਾਲ ਹੋਇਆ ਸੀ। ਮਨਵੀਰ ਸਿੰਘ ਦੇ ਪਰਿਵਾਰ ਵੱਲੋਂ ਗੁਰਕਮਲ ਕੌਰ ਨੂੰ ਕੈਨੇਡਾ ਭੇਜਣ ਲਈ 13 ਲੱਖ 60 ਹਜ਼ਾਰ ਰੁਪਏ ਖਰਚ ਕੀਤੇ ਗਏ ਸਨ। ਬਾਅਦ ਵਿਚ ਦੋਵਾਂ ਵਿਚ ਤਕਰਾਰ ਹੋਣ ਕਾਰਨ ਦੋਵਾਂ ਪਰਿਵਾਰਾਂ ਨੇ ਪਤਵੰਤਿਆਂ ਦੇ ਸਾਹਮਣੇ ਪੰਚਾਇਤੀ ਸਮਝੌਤਾ ਕਰ ਲਿਆ ਸੀ। ਜਿਸ ਵਿੱਚ ਮਨਵੀਰ ਸਿੰਘ ਮੰਡ ਅਤੇੇ ਉਸਦੇ ਪਿਤਾ ਰਣਜੀਤ ਸਿੰਘ ਵੱਲੋਂ ਗੁਰਕਮਲ ਕੌਰ ਨੂੰ ਕੈਨੇਡਾ ਭੇਜਣ ਲਈ ਖਰਚੇ ਗਏ 13.60 ਲੱਖ ਰੁਪਏ ਦੀ ਬਜਾਏ ਉਨ੍ਹਾਂ ਨੂੰ ਲੜਕੀ ਪਰਿਵਾਰ ਵਲੋਂ 15 ਲੱਖ ਰੁਪਏ ਵਾਪਸ ਕਰਨ ਦਾ ਫੈਸਲਾ ਕੀਤਾ ਗਿਆ। ਉਸ ਤੋਂ ਬਾਅਦ ਮਨਵੀਰ ਸਿੰਘ ਅਦਾਲਤ ਵਿੱਚ ਲੜਕੀ ਨੂੰ ਤਲਾਕ ਦੇ ਦੇਵੇਗਾ ਅਤੇ ਕੋਈ ਕਾਰਵਾਈ ਨਹੀਂ ਕਰੇਗਾ। ਤਲਾਕ ਲਈ ਪਟੀਸ਼ਨ 25 ਨਵੰਬਰ 2020 ਤੱਕ ਅਦਾਲਤ ਵਿੱਚ ਦਾਇਰ ਕਰੇਗਾ। ਪਰ ਮਨਵੀਰ ਸਿੰਘ ਮੰਡ ਅਤੇ ਉਸਦੇ ਪਿਤਾ ਰਣਜੀਤ ਸਿੰਘ ਨੇ ਸੱਤ ਲੱਖ ਰੁਪਏ ਲੈ ਕੇ ਵੀ ਨਾ ਤਾਂ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਹੈ ਅਤੇ ਨਾ ਹੀ ਉਨ੍ਹਾਂ ਦੇ ਸੱਤ ਲੱਖ ਰੁਪਏ ਵਾਪਸ ਕੀਤੇ ਹਨ। ਇਸਤੋਂ ਇਲਾਵਾ ਉਸ ਦੀ ਲੜਕੀ ਗੁਰਕਮਲ ਕੌਰ ਦੇ ਦਸਤਾਵੇਜ਼ ਅਤੇ ਗਹਿਣੇ ਅਤੇ ਪਰਮਜੀਤ ਸਿੰਘ ਵੱਲੋਂ ਦਸਤਖਤ ਕੀਤੇ ਇੱਕ-ਇੱਕ ਹਜ਼ਾਰ ਰੁਪਏ ਦੇ ਪੰਜ ਖਾਲੀ ਅਸ਼ਟਾਮ ਪੇਪਰ ਵੀ ਆਪਣੇ ਕੋਲ ਰੱਖੇ ਹੋਏ ਹਨ। ਅਜਿਹਾ ਕਰਕੇ ਉਸ ਨੇ ਧੋਖਾਧੜੀ ਕੀਤੀ ਹੈ। ਪਰਮਜੀਤ ਸਿੰਘ ਦੀ ਸ਼ਿਕਾਇਤ ’ਤੇ ਮਨਵੀਰ ਸਿੰਘ ਮੰਡ ਅਤੇ ਉਸ ਦੇ ਪਿਤਾ ਰਣਜੀਤ ਸਿੰਘ ਵਾਸੀ ਲੋਹਟਬੱਦੀ ਖਿਲਾਫ ਦਰਜ ਕਰਵਾਈ ਗਈ ਸ਼ਿਕਾਇਤ ਦੀ ਜਾਂਚ ਐਸ.ਪੀ.ਡੀ ਲੁਧਿਆਣਾ ਦਿਹਾਤੀ ਵੱਲੋਂ ਕੀਤੀ ਗਈ। ਜਾਂਚ ਤੋਂ ਬਾਅਦ ਦੋਵਾਂ ਖਿਲਾਫ ਧੋਖਾਧੜੀ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ।