ਫਤਹਿਗੜ੍ਹ ਸਾਹਿਬ,14 ਮਈ ( ਬੌਬੀ ਸਹਿਜਲ, ਧਰਮਿੰਦਰ)- ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਸਖੀ ਵਨ ਸਟਾਫ ਸੈਂਟਰ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਮਾਰਟ ਸਕੂਲ, ਅਮਲੋਹ ਵਿਖੇ ਜਾਗਰੂਕਤਾ ਕੈਂਪ ਲਗਾਏ ਗਏ ਜਿਸ ਵਿੱਚ ਸਖੀ ਵਨ ਸਟਾਫ ਸੈਂਟਰ ਵਿਖੇ ਔਰਤਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸਖੀ ਵਨ ਸਟਾਫ ਸੈਂਟਰ ਦੀ ਇੰਚਾਰਜ ਰੇਨੂੰ ਬਾਲਾ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਅਧੀਨ ਕਿਸੇ ਵੀ ਤਰ੍ਹਾਂ ਦੀ ਹਿੰਸਾ, ਜਿਵੇਂ ਕਿ ਘਰੇਲੂ ਹਿੰਸਾ, ਤੇਜਾਬੀ ਹਮਲਾ, ਬਲਾਤਕਾਰ, ਗੈਰ-ਮਨੁੱਖੀ ਤਸਕਰੀ, ਦਹੇਜ ਪੀੜਤ ਅਤੇ ਛੇੜਛਾੜ ਤੋਂ ਪੀੜਤ ਮਹਿਲਾਵਾਂ ਨੂੰ ਇੱਕ ਛੱਤ ਹੇਠਾਂ ਸੇਵਾਵਾਂ, ਜਿਵੇਂ ਕਿ ਪੁਲਿਸ ਸਹਾਇਤਾ, ਡਾਕਟਰੀ ਸਹਾਇਤਾ, ਮਾਨਸਿਕ-ਸਮਾਜਿਕ ਕਾਉਂਸਲਿੰਗ, ਮੁਫਤ ਕਾਨੂੰਨੀ ਸਹਾਇਤਾ/ਕਾਨੂੰਨੀ ਸਲਾਹ ਮਸ਼ਵਰਾ ਅਤੇ ਪੀੜਤ ਮਹਿਲਾ (ਸਮੇਤ ਬੇਟੀ ਕਿਸੇ ਵੀ ਉਮਰ ਦੀ ਅਤੇ ਬੇਟਾ 8 ਸਾਲ ਤੱਕ) ਨੂੰ ਅਸਥਾਈ ਆਸਰਾ ਵੱਧ ਤੋਂ ਵੱਧ 5 ਦਿਨਾਂ ਲਈ, ਪ੍ਰਦਾਨ ਕਰਨ ਲਈ ਸਖੀ ਵਨ ਸਟਾਪ ਸੈਂਟਰ ਸਕੀਮ ਜਾਰੀ ਕੀਤੀ ਗਈ ਹੈ। ਇਹ ਸੈਂਟਰ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਖੋਲ੍ਹੇ ਗਏ ਹਨ ਅਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਇਹ ਸੈਂਟਰ ਸਿਵਲ ਹਸਪਤਾਲ, ਫਤਹਿਗੜ੍ਹ ਸਾਹਿਬ ਵਿਚ ਸਾਹਮਣੇ ਐਂਮਰਜੈਂਸੀ ਬਿਲਡਿੰਗ ਵਿਖੇ ਖੋਲ੍ਹਿਆ ਗਿਆ ਹੈ ਅਤੇ ਸੈਂਟਰ ਇੰਚਾਰਜ ਵਲੋਂ ਔਰਤਾਂ ਦੀ ਸਹਾਇਤਾ ਲਈ ਸੈਂਟਰ ਨਾਲ ਸੰਪਰਕ ਕਰਨ ਲਈ ਟੈਲੀਫੋਨ ਨੰ. 01763-233054, 9988100-415, 9569030645, 7710758976 ਵੀ ਮੁਹੱਈਆ ਕਰਵਾਏ ਗਏ। ਇਸ ਤੋਂ ਇਲਾਵਾ ਨਿਰਮਲ ਕੌਰ, ਕੇਸ ਵਰਕਰ ਵੱਲੋਂ ਔਰਤਾਂ ਦੀ ਸੁਰੱਖਿਆ ਲਈ ਬਣਾਏ ਗਏ ਕਾਨੂੰਨੀ ਅਧਿਕਾਰਾਂ ਜਿਵੇਂ ਕਿ ਜਿਨਸੀ ਸੋਸ਼ਣ ਐਕਟ, ਘਰੇਲੂ ਹਿੰਸਾ ਐਕਟ ਆਦਿ ਪ੍ਰਤੀ ਜਾਗਰੂਕ ਕਰਵਾਇਆ ਗਿਆ। ਉਨ੍ਹਾਂ ਵਲੋਂ ਐਮਰਜੈਂਸੀ ਹੈਲਪ ਲਾਇਨ ਨੰਬਰ 181, 112 ਜਾਂ 1091 ਨੰਬਰਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਕਿ ਇਹਨਾਂ ਨੰਬਰਾਂ ਤੇ ਔਰਤਾਂ ਤੇ ਹੋ ਰਹੀ ਹਿੰਸਾ ਸਬੰਧੀ ਕਿਸੇ ਵੀ ਸਮੇਂ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਸ ਮੌਕੇ ਤੇ ਏ.ਐੱਸ.ਆਈ. ਕਰਮਜੀਤ ਸਿੰਘ (ਇੰਚਾਰਜ ਸਾਂਝ ਕੇਂਦਰ, ਅਮਲੋਹ), ਪ੍ਰਿੰਸੀਪਲ ਸਤੀਸ਼ ਕੁਮਾਰ ਗੋਇਲ ਅਤੇ ਹੋਰ ਸਟਾਫ ਮੈਂਬਰ ਮੌਜੂਦ ਰਹੇ।