ਜਗਰਾਓਂ, 11 ਅਗਸਤ ( ਰਾਜੇਸ਼ ਜੈਨ, ਲਿਕੇਸ਼ ਸ਼ਰਮਾਂ )-ਅੱਡਾ ਰਾਏਕੋਟ ਦੇ ਨਜ਼ਦੀਕ ਮੁਹੱਲਾ ਮਾਈ ਜੀਨਾ ਵਿਖੇ ਕਰਿਆਨੇ ਦੀ ਦੁਕਾਨ ਕਰਨ ਵਾਲੀ ਇੰਦਰਜੀਤ ਕੌਰ ਨੇ ਐਂਟੀ ਨਾਰਕੋਟਿਕਸ ਸੈੱਲ ’ਚ ਤਾਇਨਾਤ ਏ.ਐੱਸ.ਆਈ ਪਹਾੜਾ ਸਿੰਘ ’ਤੇ ਉਸ ਨੂੰ ਨਸ਼ਾ ਤਸਕਰ ਦੱਸ ਕੇ ਬਲੈਕਮੇਲ ਕਰਨ ਦੇ ਨਾਂ ’ਤੇ 50 ਹਜ਼ਾਰ ਰੁਪਏ ਦੀ ਮੰਗ ਕਰਨ ਦੇ ਦੋਸ਼ ਲਗਾਏ ਸਨ। ਜਿਸ ਵਿਚੋਂ ਉਸਨੇ ਧਮਕਾ ਕੇ ਉਸਤੋਂ ਪਹਿਲਾਂ 15 ਹਜ਼ਾਰ ਰੁਪਏ ਲਏ ਸਨ ਅਤੇ ਜਦੋਂ ਉਹ ਬਾਕੀ 35 ਹਜ਼ਾਰ ਰੁਪਏ ਲੈਣ ਲਈ ਪਰੇਸ਼ਾਨ ਕਰਨ ਲੱਗਾ। ਇਸ ਸਬੰਧੀ ਇਕ ਪੋਸਟ ਵੀ ਔਰਤ ਵੱਲੋਂ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਗਈ। ਜਿਸ ਵਿਚ ਉਸ ਨੇ ਏ.ਐਸ.ਆਈ ’ਤੇ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਸੀ ਅਤੇ ਬਾਅਦ ਵਿਚ ਉਸ ਵਲੋਂ ਐਸ.ਐਸ.ਪੀ ਨੂੰ ਸ਼ਿਕਾਇਤ ਦਿੱਤੀ ਗਈ ਸੀ। ਜਿਸ ਦੀ ਜਾਂਚ ਡੀਐਸਪੀ ਸਤਵਿੰਦਰ ਸਿੰਘ ਵਿਰਕ ਨੂੰ ਸੌਂਪੀ ਗਈ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਏਐਸਆਈ ਪਹਾੜਾ ਸਿੰਘ ਅਤੇ ਦੋ ਹੋਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਐੱਸਐੱਸਪੀ ਨਵਨੀਤ ਸਿੰਘ ਬੈਂਸ ਦੇ ਸਾਹਮਣੇ ਪੇਸ਼ ਹੋ ਕੇ ਇੰਦਰਜੀਤ ਕੌਰ ਵਾਸੀ ਚੁੰਗੀ ਨਗਰ 5 ਮੁਹੱਲਾ ਹਰਦੇਵ ਨਗਰ ਜਗਰਾਉਂ ਨੇ ਦੋਸ਼ ਲਾਇਆ ਸੀ ਕਿ ਉਸ ਦੀ ਮੁਹੱਲੇ ਮਾਈ ਜੀਨਾ ਵਿੱਚ ਕਰਿਆਨੇ ਦੀ ਦੁਕਾਨ ਹੈ। ਮੇਰੇ ਅਤੇ ਮੇਰੇ ਪਤੀ ਹਰਪ੍ਰੀਤ ਸਿੰਘ ਉਰਫ ਲੌਂਗਾ ਖਿਲਾਫ ਪਹਿਲਾਂ ਐਨਡੀਪੀਐਸ ਐਕਟ ਦਾ ਮੁਕਦਮਾ ਦਰਜ ਹੈ। ਏ.ਐਸ.ਆਈ ਪਹਾੜਾ ਸਿੰਘ 3 ਅਗਸਤ ਨੂੰ ਉਸ ਦੇ ਘਰ ਆਇਆ ਅਤੇ ਉਸ ਦੇ ਨਾਲ ਦੋ ਹੋਰ ਪ੍ਰਾਈਵੇਟ ਵਿਅਕਤੀ ਵੀ ਸਨ। ਪਹਾੜਾ ਸਿੰਘ ਨੇ ਮੈਨੂੰ ਕਿਹਾ ਕਿ ਡਿਪਟੀ ਨੇ ਕਿਹਾ ਹੈ ਕਿ ਹਰਪ੍ਰੀਤ ਸਿੰਘ ਲੌਂਗਾ ਦੀ ਪਤਨੀ ਨੂੰ ਚੁੱਕ ਕੇ ਲਿਆਓ। ਪਰ ਮੈਂ ਤੁਹਾਨੂੰ ਹਿਰਾਸਤ ਵਿੱਚ ਨਹੀਂ ਲੈਂਦਾ, ਤੁਸੀਂ ਮੇਰੇ ਨਾਲ ਲੈਣ-ਦੇਣ ਕਰਕੇ ਗੱਲ ਖਤਮ ਕਰੋ। ਉਸ ਨੇ ਦੋਸ਼ ਲਾਇਆ ਕਿ ਏਐਸਆਈ ਪਹਾੜਾ ਸਿੰਘ ਨੇ ਕਿਹਾ ਕਿ ਤੁਸੀਂ ਮੈਨੂੰ ਪੰਜਾਹ ਹਜ਼ਾਰ ਰੁਪਏ ਦੇ ਦਿਓ ਤਾਂ ਮਾਮਲਾ ਖ਼ਤਮ ਹੋ ਜਾਵੇਗਾ। ਜਿਸ ’ਤੇ ਉਸ ਨੇ ਕਿਹਾ ਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਹਨ। ਹੁਣ ਅਸੀਂ ਕੋਈ ਗਲਤ ਕੰਮ ਵੀ ਨਹੀਂ ਕਰਦੇ। ਜੇ ਅਸੀਂ ਗਲਤ ਕਰਾਂਗੇ ਤਾਂ ਤੁਸੀਂ ਸਾਨੂੰ ਫੜ ਲੈਣਾ। ਇਸ ’ਤੇ ਏ.ਐਸ.ਆਈ ਪਹਾੜਾ ਸਿੰਘ ਅਤੇ ਉਸ ਦੇ ਨਾਲ ਆਏ ਵਿਅਕਤੀ ਨਾ ਮੰਨੇ ਤਾਂ ਮੈਂ ਉਨ੍ਹਾਂ ਨੂੰ ਦਸ ਹਜ਼ਾਰ ਰੁਪਏ ਦੇ ਦਿੱਤੇ ਪਰ ਇੰਨੇ ਪੈਸੇ ਤੋਂ ਸੰਤੁਸ਼ਟ ਨਾ ਹੋਣ ’ਤੇ ਉਸ ਨੇ ਆਪਣੀ ਭਰਜਾਈ ਕੁਲਦੀਪ ਕੌਰ ਤੋਂ ਪੰਜ ਹਜ਼ਾਰ ਰੁਪਏ ਉਧਾਰ ਲੈ ਕੇ ਉਨ੍ਹਾਂ ਨੂੰ ਹੋਰ ਦੇ ਦਿੱਤੇ। ਜਿਸ ਤੋਂ ਬਾਅਦ ਏ.ਐਸ.ਆਈ ਪਹਾੜਾ ਸਿੰਘ ਨੇ ਬਾਕੀ ਪੈਸੇ ਕੁਝ ਦਿਨਾਂ ਬਾਅਦ ਦੇਣ ਦੀ ਗੱਲ ਕਹੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਏਐਸਆਈ ਨੇ 7 ਅਗਸਤ ਨੂੰ 35 ਹਜ਼ਾਰ ਰੁਪਏ ਲੈਣ ਦੀ ਗੱਲ ਕਹੀ। ਉਸ ਤੋਂ ਬਾਅਦ 7 ਅਗਸਤ ਨੂੰ ਪਹਾੜਾ ਸਿੰਘ ਨੇ ਸਵੇਰੇ 8 ਵਜੇ ਫੋਨ ਕਰਕੇ ਪੈਸਿਆਂ ਦੀ ਮੰਗ ਕੀਤੀ। ਮੈਂ ਉਸਨੂੰ ਕੁਝ ਸਮਾਂ ਇੰਤਜ਼ਾਰ ਕਰਨ ਲਈ ਕਿਹਾ। ਫਿਰ ਕੁਝ ਦੇਰ ਬਾਅਦ ਉਸਨੇ ਉਸਨੂੰ 7 ਵਾਰ ਕਾਲ ਕੀਤੀ ਅਤੇ ਅਸੀਂ ਉਸਦੀ ਕਾਲ ਰਿਕਾਰਡ ਕਰਦੇ ਰਹੇ। ਏ.ਐਸ.ਆਈ ਪਹਾੜਾ ਸਿੰਘ ਪਹਿਲਾਂ ਹੀ ਸਾਡੇ ਕੋਲੋਂ 15,000 ਰੁਪਏ ਰਿਸ਼ਵਤ ਲੈ ਚੁੱਕਾ ਹੈ ਅਤੇ ਹੁਣ 35,000 ਰੁਪਏ ਹੋਰ ਮੰਗ ਰਿਹਾ ਹੈ। ਅਗਲੇ ਦਿਨ ਐਸਆਈ ਪਹਾੜਾ ਸਿੰਘ ਉਕਤ ਦੋ ਵਿਅਕਤੀਆਂ ਨਾਲ ਉਸ ਦੀ ਦੁਕਾਨ ’ਤੇ ਆਇਆ ਅਤੇ 35 ਹਜ਼ਾਰ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੈਂ ਨਾ ਦਿੱਤੇ ਤਾਂ ਉਸ ਨੇ ਮੇਰੀ ਦੁਕਾਨ ਅੰਦਰ ਹੀ ਮੇਰੀ ਬੇਇੱਜ਼ਤੀ ਕੀਤੀ ਅਤੇ ਮੈਨੂੰ ਧਮਕੀਆਂ ਦਿੱਤੀਆਂ ਅਤੇ ਕਿਹਾ ਕਿ ਉਹ ਤੇਰੇ ’ਤੇ ਹਜ਼ਾਰ ਨਸ਼ੀਲੀਆਂ ਗੋਲੀਆਂ ਦਾ ਪਰਚਾ ਦੇ ਦੇਵੇਗਾ। ਇੰਦਰਜੀਤ ਕੌਰ ਦੀ ਸ਼ਿਕਾਇਤ ਦੀ ਪੜਤਾਲ ਉਪਰੰਤ ਥਾਣਾ ਸਿਟੀ ਜਗਰਾਉਂ ਵਿਖੇ ਏ.ਐਸ.ਆਈ ਪਹਾੜਾ ਸਿੰਘ, ਉਸ ਦੇ ਪ੍ਰਾਈਵੇਟ ਡਰਾਈਵਰ ਦੀਪਾ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ।