Home ਸਭਿਆਚਾਰ ਵਿਸ਼ਵ ਮਾਤ ਦਿਹਾੜਾ ਹੈ ਅੱਜ, ਸਿਰਫ਼ ਯਾਦਾਂ ਸਲਾਮਤ ਨੇ

ਵਿਸ਼ਵ ਮਾਤ ਦਿਹਾੜਾ ਹੈ ਅੱਜ, ਸਿਰਫ਼ ਯਾਦਾਂ ਸਲਾਮਤ ਨੇ

31
0

ਗੁਰਭਜਨ ਗਿੱਲ

ਮੇਰੀ ਜਣਨਹਾਰੀ ਮਾਂ ਤੇਜ ਕੌਰ ਸੀ। 2007 ਚ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਫ਼ਤਹਿ ਬੁਲਾ ਗਈ ਹਮੇਸ਼ ਲਈ। ਯਾਦਾਂ ਚ ਰੋਜ਼ ਆਉਂਦੀ ਹੈ। ਪਿਆਰਦੀ, ਦੁਲਾਰਦੀ, ਘੂਰਦੀ ਘੱਪਦੀ , ਪਲੋਸਦੀ, ਅੱਥਰ ਪੂੰਝਦੀ। ਗੁੱਸੇ ਚ ਆਉਂਦੀ ਤਾਂ ਕਹਿੰਦੀ, ਤੈਨੂੰ ਅਕਲ ਨਹੀਂ ਆਉਣੀ, ਏਨਾ ਪੜ੍ਹ ਲਿਖ ਕੇ ਵੀ।
ਅਸੀਂ ਸਾਰੇ ਭੈਣ ਭਰਾ ਆਪਣੀ ਮਾਂ ਨੂੰ ਬੀਬੀ ਜੀ ਆਖਦੇ ਸਾਂ ਤੇ ਬਾਬਲ ਨੂੰ ਬਾਪੂ ਜੀ। ਬੀ ਜੀ ਕਦੇ ਨਹੀਂ ਸੀ ਆਖਿਆ। ਸਾਡੇ ਜਾਗਣ ਤੋਂ ਪਹਿਲਾਂ ਤੇ ਸਾਡੇ ਸੌਣ ਤੋਂ ਮਗਰੋਂ ਹੀ ਬੀਬੀ ਜੀ ਸੌਂਦੇ ਸਨ! ਆਖ਼ਰੀ ਕੁਝ ਸਾਲ ਛੱਡ ਕੇ ਉਹ ਸਦਾ ਸਰਗਰਮ ਰਹੇ।
ਥੁੜਾਂ ਮਾਰੇ ਟੱਬਰਾਂ ਵਾਂਗ ਸਾਡੇ ਮਾਪਿਆਂ ਨੇ ਸਾਨੂੰ ਬੜੀ ਕਿਰਸ ਨਾਲ ਪਾਲ਼ਿਆ। ਕਿਰਤ ਤਾਂ ਸਭ ਸ਼ਰੀਕੇ ਕਬੀਲੇ ਵਾਲੇ ਵੀ ਕਰਦੇ ਸਨ।
ਮੈਂ ਕਈ ਵਾਰ ਪੁੱਛਣਾ ਕਿ ਬੀਬੀ ਜੀ, ਤੁਹਾਨੂੰ ਕਢਾਈ, ਸਿਲਾਈ ਜਾਂ ਸਵੈਟਰ ਬੁਣਨਾ ਕਿਉਂ ਨਹੀਂ ਆਉਂਦਾ। ਉਹ ਡੂੰਘਾ ਹੌਕਾ ਭਰ ਕੇ ਕਹਿੰਦੇ, ਨਿੱਕੀ ਜਹੀ ਸਾਂ ਜਦ ਮਾਪੇ ਮਰ ਗਏ। ਨਾਨਕਿਆਂ ਦੇ ਘਰ ਕੌਣ ਸਿਖਾਉਂਦਾ? ਪਲ਼ ਗਏ, ਦੋਵੇਂ ਭੈਣ ਭਰਾ,ਏਨਾ ਹੀ ਬਰੁਤ ਹੈ। ਤੇਰਾਂ ਚੌਦਾਂ ਸਾਲਾਂ ਦੀ ਤਾਂ ਵਿਆਹੀ ਗਈ ਸਾਂ।
ਬਹੁਤ ਸਾਰੀਆਂ ਮਾਵਾਂ ਵਾਂਗ ਸਾਡੀ ਮਾਂ ਰਸਮੀ ਭਜਨੀਕ ਨਹੀਂ ਸੀ। ਬਾਬਾ ਬੁੱਢਾ ਜੀ ਤੋਂ ਹੀ ਸਾਰਾ ਕੁਝ ਮੰਗਦੀ। ਰਮਦਾਸ ਵਿੱਚ ਉਸ ਦੀ ਆਸਥਾ ਸੀ। ਅਖੀਰੀ ਇੱਛਾ ਵੀ ਇਹੀ ਦੱਸੀ ਕਿ ਮੇਰੇ ਫੁੱਲ ਰਮਦਾਸ ਤਾਰਿਉ।
ਮੇਰੀ ਨਵੀਂ ਕਾਵਿ ਪੁਸਤਕ ਚਰਖ਼ੜੀ ਵਿੱਚ ਮਾਂ ਬਾਰੇ ਮੇਰੀਆਂ ਸੱਤ ਕਵਿਤਾਵਾਂ ਹਨ। ਸਿਰਫ਼ ਜਣਨਹਾਰੀ ਬਾਰੇ ਨਹੀਂ, ਕਈ ਥਾਈਂ ਮੇਰੀ ਸੱਸ ਮਾਂ ਵੀ ਆ ਜਾਂਦੀ ਹੈ, ਕਰੋਸ਼ੀਆ ਨਾਲ ਬੁਣਤੀ ਕਰਦੀ। ਮੇਰੀ ਜਣਨਹਾਰੀ ਮਾਂ ਤਾਂ ਪੋਟਿਆਂ ਵਾਲੀਆਂ ਬਾਰੀਕ ਸੇਵੀਆਂ ਵੱਟਣੀਆਂ ਹੀ ਜਾਣਦੀ ਸੀ, ਜਾਂ ਜੰਦਰੀ ਵਾਲੀਆਂ ਲੰਮੀਆਂ ਲੰਮੀਆਂ। ਬਚਪਨ ਚ ਮੈਂ ਬੀਬੀ ਜੀ ਨਾਲ ਜੰਦਰੀ ਬਹੁਤ ਗੇੜ੍ਹੀ ਹੈ, ਮੰਜੇ ਦੀ ਬਾਹੀ ਨਾਲ ਨੂੜ ਕੇ।
ਮਾਂ ਦੇ ਅਲੱਗ ਅਲੱਗ ਰੂਪ ਮੇਰੀਆਂ ਕਵਿਤਾਵਾਂ ਚੋਂ ਵੇਖਣਾ।

ਮਾਵਾਂ ਨਹੀਂ ਥੱਕਦੀਆਂ,
ਕੰਮ ਨਾਲ,
ਰੋਟੀ ਪਕਾਉਂਦੀਆਂ,
ਲੀੜੇ ਧੋਂਦੀਆਂ, ਨਿਚੋੜਦੀਆਂ ।

ਸਿਆਲੂ ਕੱਪੜੇ ਟਰੰਕਾਂ ’ਚੋਂ ਕੱਢਦੀਆਂ,
ਗਰਮੀਆਂ ਆਉਣ ਤੇ ਸਾਂਭਦੀਆਂ,
ਸਮੇਟਦੀਆਂ ਪੇਕਿਆਂ ਸਹੁਰਿਆਂ ਦੇ,
ਸ਼ਿਕਵੇ ਗਿਲੇ ਗੁਜ਼ਾਰੀਆਂ ।
ਰਾਤ ਨੂੰ ਪੜ੍ਹਦੇ,
ਪੁੱਤਰ ਧੀਆਂ ਦੇ ਨਾਲ ਨਾਲ,
ਬੈਠੀਆਂ ਬੈਠੀਆਂ ਸਵੈਟਰ ਬੁਣਦੀਆਂ ।
ਚਾਵਾਂ ’ਚ ਸਾਹਾਂ ਦੇ ਕੁੰਡੇ ਪਾਉਂਦੀਆਂ ।
ਇੱਕ ਸਿੱਧਾ ਦੋ ਪੁੱਠੇ,
ਨਿੱਘ ਵਰਤਾਉਂਦੀਆਂ ।
ਬੱਚਿਆਂ ’ਚ ਘੁਲ ਜਾਂਦੀਆਂ ਹਨ ਮਾਵਾਂ ।
ਸਵੇਰ ਤੋਂ ਸ਼ਾਮ ਤੀਕ ਟੁੱਟ ਮਰਦੀਆਂ ।
ਆਪਣੇ ਲਈ,
ਇੱਕ ਪਲ ਨਹੀਂ ਬਚਾਉਂਦੀਆਂ ।
ਭਲੇ ਦਿਨਾਂ ਦੀ ਉਡੀਕ ’ਚ,
ਸਾਰੀ ਉਮਰ ਲੰਘਾਉਂਦੀਆਂ ।
ਮਾਵਾਂ ਨਹੀਂ ਥੱਕਦੀਆਂ ।
ਲੰਮੀ ਹੇਕ ਦੇ ਗੀਤਾਂ ਵਿੱਚ,
ਪਿਰ ਪਰਦੇਸ ਗਏ ਨੂੰ ਚਿਤਵਦੀਆਂ ।
ਧੂੰਏਂ ਦੇ ਪੱਜ ਰੋਂਦੀਆਂ,
ਵਿੱਚੇ ਵਿੱਚ ਗਾਉਂਦੀਆਂ ।
ਰੇਲ ਗੱਡੀ ਨੂੰ,
ਟੁੱਟ ਜਾਣ ਦਾ ਸਰਾਪ ਦੇਂਦੀਆਂ ।
ਬਸਰੇ ਦੀ ਲਾਮ ਟੁੱਟਣ ਤੇ,
ਰੰਡੀਓਂ ਸੁਹਾਗਣ ਹੋਣ ਦਾ,
ਸੁਪਨ ਪਾਲਦੀਆਂ ।
ਮਾਵਾਂ ਨਹੀਂ ਥੱਕਦੀਆਂ ।
ਗਲੀ ਗਲੀ ਫਿਰਦੇ ਵਣਜਾਰੇ ਤੋਂ
ਚੂੜੀਆਂ ਦਾ ਹੋਕਾ ਸੁਣ ਕੇ ਕੋਲ ਬੁਲਾਉਂਦੀਆਂ ।
ਭੀੜੀ ਵੰਗ ਬਚਾ ਕੇ ਚਾੜ੍ਹੀਂ,
ਦਾ ਸੁਖ਼ਨ ਅਲਾਉਂਦੀਆਂ ।
ਮਾਵਾਂ ਕਦੇ ਨਹੀਂ ਥੱਕਦੀਆਂ ।
ਪੈਲੀਆਂ ’ਚ ਵਾਹੇ ਸਿਆੜਾਂ ’ਚ,
ਸੁਪਨੇ ਬੀਜਦੇ ਹਾਲੀ ਦੀ,
ਮਗਰੋਂ ਰੋਟੀ ਲੈ ਕੇ ਜਾਂਦੀਆਂ ।
ਮੱਕੀ ਡੁੰਗਦੀਆਂ ਪੱਠੇ ਵੱਢਦੀਆਂ ।
ਚੁੱਕਦੀਆਂ ਚੁਕਾਉਂਦੀਆਂ ਕੁਤਰਦੀਆਂ,
ਤੇ ਤੂੜੀ ਦਾ ਗੁਤਾਵਾ ਕਰਦੀਆਂ,
ਖੁਰਲੀ ’ਚ
ਲਵੇਰਿਆਂ ਨੂੰ ਪਾਉਂਦੀਆਂ ।
ਮਾਵਾਂ ਕਦੇ ਨਹੀਂ ਥੱਕਦੀਆਂ ।
ਮਾਵਾਂ ਉਦੋਂ ਥੱਕ ਹਾਰ ਜਾਂਦੀਆਂ ਹਨ
ਜਦ ਪੁੱਤਰ ਦੀ ਜੇਬ ’ਚੋਂ
ਅਵੱਲੀ ਜੇਹੀ ਕੋਈ ਪੁੜੀ ਦੇਖਦੀਆਂ ।
ਬਟੂਏ ’ਚ ਲੁਕਾਈ ਕੋਈ
ਕਾਲੀ ਕਰਤੂਤ ਵੇਖਦੀਆਂ ।
ਥੱਕ ਜਾਂਦੀਆਂ ਹਨ ਮਾਵਾਂ ।
ਸ਼ਰਾਬੀ ਪਤੀ ਲਈ ਗੰਢੇ ਚੀਰਦੀਆਂ,
ਅੱਧੀ ਰਾਤ ਤੀਕ ਘਰ ਬੈਠੇ ਟੋਲੇ ਦੀ,
ਹਿੜ ਹਿੜ ਸੁਣਦੀਆਂ ।
ਥੱਕ ਜਾਂਦੀਆਂ ਹਨ ਮਾਵਾਂ ।
ਭਲੇ ਦਿਨਾਂ ਦੀ ਆਸ ’ਚ,
ਰੁਜ਼ਗਾਰ ਲੈਣ ਗਏ ਪੁੱਤਰ ਦੇ,
ਖ਼ਾਲੀ ਮੁੜਨ ਤੇ ਵੀ ਨਹੀਂ ।
ਆਸ ਦੀ ਢੇਰੀ ਢਾਹ ਕੇ ਬਹਿਣ ਨਾਲ,
ਮਾਵਾਂ ਥੱਕ ਜਾਂਦੀਆਂ ਹਨ ।
ਪੁੱਤਰ, ਪਤੀ, ਪੇਕਿਆਂ ਸਹੁਰਿਆਂ ਦੇ
ਪੁੜਾਂ ’ਚ ਪੀਸ ਕੇ ਵੀ ਜੁੜੀਆਂ ਰਹਿੰਦੀਆਂ ।
ਜੋੜੀ ਰੱਖਦੀਆਂ ਟੁੱਟਦੀਆਂ ਨਹੀਂ,
ਅਚਨਚੇਤ,
ਅੰਦਰੇ ਅੰਦਰ ਲੱਗੀ ਸਿਉਕ ਵਾਂਗ,
ਖਾ ਜਾਂਦੇ ਨੇ ਗ਼ਮ ।
ਥੱਕਦੀਆਂ ਨਹੀਂ ਮਾਵਾਂ,
ਮੁੱਕ ਜਾਂਦੀਆਂ ਹਨ ਮਾਵਾਂ ।
◾️
ਸਃ ਜਗਦੇਵ ਸਿੰਘ ਜੱਸੋਵਾਲ ਦੀ ਮਾਤਾ ਜਿਸਨੂੰ ਅਸੀਂ ਬੇਬੇ ਜੀ ਕਹਿੰਦੇ ਸਾਂ, ਉਨ੍ਹਾਂ ਤੋਂ ਵੀ ਬਹੁਤ ਪਿਆਰ ਲਿਆ ਹੈ ਅਸਾਂ ਸਭ ਦੋਸਤਾਂ। ਬੇਬੇ ਜੀ ਦੇ ਵਿਛੋੜੇ ਤੇ ਵੀਹ ਪੱਚੀ ਸਾਲ ਪਹਿਲਾਂ ਮੈਂ ਇਹ ਕਵਿਤਾ ਲਿਖੀ ਸੀ ਉਹ ਵੀ ਪੜ੍ਹੋ।

ਵਿਧਵਾ ਮਾਂ ਨੇ ਗੁਰੂ ਦੇ ਘਰ ‘ਚੋਂ,
ਇੱਕੋ ਲੱਤ ਦੇ ਭਾਰ ਖਲੋ ਕੇ,
ਰੱਬ ਸੱਚੇ ਤੋਂ ਇਹ ਮੰਗਿਆ ਸੀ ।
ਪੁੱਤਰ ਖਾਤਰ ਸ਼ਾਨ
ਉਮਰ ਤੇ ਉੱਚੀ ਕੁਰਸੀ ।
ਜਿਸ ਨੂੰ ਲੋਕੀ ਕਰਨ ਸਲਾਮਾਂ ।
ਪੋਤਰਿਆਂ ਲਈ ਰੁਤਬੇ ਵੱਡੇ ।
ਜਿਸ ਦਿਨ ਪੁੱਤ ਨੇ,
ਪਹਿਲੇ ਦਿਨ ਸਕੂਲ ਜਾਣ ਲਈ
ਬਸਤਾ ਚੁੱਕਿਆ
ਤੜਕੇ ਉੱਠ ਕੇ ਮਾਂ ਨੇ ਪਹਿਲਾਂ
ਖਿਚੜੀ ਰਿੰਨ੍ਹੀ ।
ਫੇਰ ਗੁਰੂ ਦੇ ਚਰਨੀਂ ਜਾ ਕੇ
ਸੀਸ ਨਿਵਾਇਆ ।
ਦਹੀਂ ਦੀ ਫੁੱਟੀ,
ਆ ਕੇ ਪੁੱਤ ਦੇ ਮੂੰਹ ਵਿੱਚ ਪਾਈ ।
ਮੂਕ ਜਹੀ ਅਰਦਾਸ ਕਿ ਜਿਸ ਵਿਚ ਲਫ਼ਜ਼ ਨਹੀਂ ਸਨ ।
ਆਪੇ ਕੀਤੀ ਚੁੱਪ ਚੁਪੀਤੀ ।
ਇਹੋ ਮੰਗਿਆ
ਮੇਰਾ ਪੁੱਤ ਦਰਿਆ ਬਣ ਜਾਵੇ ।
ਦੁੱਖ ਮੁਸੀਬਤ ਰਾਹ ਛੱਡ ਜਾਵਣ
ਜਿੱਧਰ ਜਾਵੇ ।
ਰੋਜ਼ ਸਵੇਰੇ ਤੜਕੇ
ਪਹਿਲਾਂ ਆਪ ਜਾਗਦੀ,
ਲਾਲਟੈਣ ਜਾਂ ਦੀਵਾ
ਜੋ ਵੀ ਘਰ ਵਿਚ ਹੁੰਦਾ,
ਪੂੰਝ ਪਾਂਝ ਕੇ ਖੁਦ ਰੁਸ਼ਨਾਉਂਦੀ।
ਮਗਰੋਂ ਪੁੱਤ ਨੂੰ ਆਣ ਜਗਾਉਂਦੀ ।
ਹਾਰੇ ਵਿਚੋਂ ਕੱਢ ਕਾੜ੍ਹਨੀ,
ਚੌਂਕੇ ਬੈਠ ਰਿੜਕਣਾ ਪਾਉਂਦੀ ।
ਘਮ ਘੁਮ ਘੁਮ ਘੁਮ ਫਿਰੇ ਮਧਾਣੀ ।
ਕੁਝ ਚਿਰ ਪਿਛੋਂ
ਮਧੁਰ ਰਾਗਣੀ ਮੁੱਕ ਜਾਂਦੀ ਸੀ ।
ਜ਼ਿੰਦਗੀ ਦੀ ਰਫ਼ਤਾਰ ਜਿਵੇਂ ਬਸ
ਰੁਕ ਜਾਂਦੀ ਸੀ ।
ਅਧਰਿੜਕੇ ਦਾ ਬਾਟਾ ਭਰ ਕੇ
ਪੁੱਤ ਨੂੰ ਦਿੰਦੀ ।
ਨਾਲੇ ਆਪਣੇ ਮੂੰਹੋਂ ਕਹਿੰਦੀ,
ਪੀ ਲੈ ਪੁੱਤ ਤੇ ਤਕੜਾ ਹੋ ਜਾ ।
ਛੇਤੀ ਛੇਤੀ ਵੱਡਾ ਹੋ ਜਾ ।
ਨਾਲੇ ਏਨੀ ਖੁਸ਼ਕ ਪੜ੍ਹਾਈ,
ਤੇਰਾ ਮੱਥਾ ਚੱਟ ਨਾ ਜਾਵੇ ।
ਥਿੰਦਾ ਪੀ ਕੇ
ਔਖੀ ਘਾਟੀ ਚੜ੍ਹ ਜਾਵੇਗਾ ।
ਗਿਣਤੀ ਮਿਣਤੀ
ਪੌਣੇ ਢਾਏ ਅਤੇ ਸਵਾਏ,
ਕੁੱਲ ਪਹਾੜੇ ਪੜ੍ਹ ਜਾਵੇਗਾ ।
ਨੀਲੀ ਛਤਰੀ ਵਾਲੇ ਰੱਬ ਨੇ,
ਭੋਲੀ ਭਾਲੀ ਅਨਪੜ੍ਹ ਮਾਂ ਦੀ,
ਬੋਲੀ ਅਣਬੋਲੀ ਅਭਿਲਾਖਾ,
ਤੇ ਚਿੱਤ ਵਿਚਲੀ ਇੱਛਿਆ ਪੂਰੀ ।
ਪੁੱਤ ਨੂੰ ਵੱਡੇ ਰੁਤਬੇ
ਨਾਲੇ ਮਾਣ-ਮਰਤਬੇ,
ਸਾਰੇ ਰੰਗ ਹੀ ਕੱਠੇ ਮਿਲ ਗਏ ।
ਸ਼ਬਦ ਸੂਝ ਅੱਖਰਾਂ ਤੋਂ ਕੋਰੀ ।
ਬਿਰਧ ਸਰੀਰ ਤਪੱਸਵੀ ਪੂਰੀ ।
ਹਰ ਦਮ ਰਹੇ ਅਰਦਾਸਾਂ ਕਰਦੀ ।
ਆਪਣਾ ਇੱਕੋ ਇਸ਼ਟ ਧਿਆਏ ।
ਫਿਰੇ ਸਿਮਰਨਾ ਮਣਕਾ ਮਣਕਾ,
ਮੂੰਹ ਵਿਚ ਵਾਹਿਗੁਰੂ ਜਾਪ ਨਿਰੰਤਰ ।
ਬੋਲਦੇ ਹੋਠ ਰਤਾ ਨਾ ਹਿੱਲਦੇ,
ਹਰ ਪਲ ਘਰ ਵਿਚ ਲੰਗਰ ਚੱਲਦੇ ।
ਅੱਕਦੀ ਨਾ ਥੱਕਦੀ ਮਾਤਾ,
ਭਰੀ ਪਰਾਤ ‘ਚ ਆਟਾ ਗੁੰਨ੍ਹਦੀ ।
ਪੇੜੇ ਕਰਕੇ ਵੇਲਣ ਬਹਿੰਦੀ,
ਲੋਹ ਤੇ ਮੰਨ ਪਕਾਈ ਜਾਵੇ।
ਪਾਥੀਆਂ ਲੱਕੜਾਂ ਮਿਲੀ ਜੁਲੀ ਅੱਗ,
ਵਿੱਚੇ ਰੱਬ ਧਿਆਈ ਜਾਵੇ ।
ਪੁੱਤਰ ਦੀ ਕਲਗੀ ਨੂੰ
ਕਿਧਰੇ ਆਂਚ ਨਾ ਆਵੇ ।
ਘਰ ਵਿਚ ਆਇਆ
ਜੀਅ ਕੋਈ ਭੁੱਖਾ ਨਾ ਜਾਵੇ ।
ਹਰ ਪਲ ਪੁੱਤਰ ਅਤੇ ਪੋਤਰੇ,
ਤੀਜਾ ਬੋਲ ਜ਼ਬਾਨ ਨਾ ਬੋਲੇ ।
ਘਰ ਵਿਚ ਨੂੰਹ ਤੇ ਪੁੱਤ ਪੋਤਰੇ,
ਆਗਿਆਕਾਰ ਬੇਗਾਨੀ ਧੀ ਹੈ ।
ਤੇ ਇਤਫ਼ਾਕ ‘ਚ ਹਰ ਕੋਈ ਜੀਅ ਹੈ ।
ਮਾਂ ਦੀ ਇੱਛਿਆ ਮੂਜਬ ਚੱਲਦੇ,
ਘਰ ਦੇ ਕਾਰੋਬਾਰੀ ਪਹੀਏ ।
ਜੇ ਚਾਹੁੰਦੀ ਤਾਂ ਅੱਗੇ ਰਿੜ੍ਹਦੇ,
ਨਾ ਚਾਹੁੰਦੀ ਤਾਂ ਰੁਕ ਜਾਂਦੇ ਸਨ,
ਇੱਕ ਵੀ ਕਦਮ ਅਗਾਂਹ ਨਾ ਗਿੜਦੇ ।
ਏਨੇ ਸੁਖ ਵਿਚ ਰਹਿੰਦੀ ਮਾਂ ਨੂੰ,
ਚੇਤੇ ਅਕਸਰ ਆਉਂਦਾ
ਆਪਣੇ ਸਿਰ ਦਾ ਸਾਈਂ ।
ਪਰ ਉਹ ਆਪਣੇ ਮੂੰਹੋਂ
ਕਹਿੰਦੀ ਕਦੇ ਕਦਾਈਂ ।

ਪੁੱਤਰ ਮੇਰਾ ਸਗਵਾਂ
ਆਪਣੇ ਬਾਪੂ ਵਰਗਾ,
ਓਹੀ ਨੱਕ ਤੇ ਓਹੀ ਮੱਥਾ ।
ਉਹੋ ਜਿਹੀ ਦਸਤਾਰ
ਤੇ ਹੇਠ ਦਰਸ਼ਨੀ ਦਾੜਾ ।
ਸ਼ੁਕਰ ਪਾਤਸ਼ਾਹ ਬੜਾ ਸੁਲੱਗ ਹੈ,
ਇਸ ਦੇ ਪੈਰੋਂ ਮੈਂ
ਅੱਜ ਤੀਕ ਪਈ ਨਾ ਝੂਠੀ,
ਇਸ ਕੀਤਾ ਕੰਮ ਕਦੇ ਨਾ ਮਾੜਾ ।
ਨੱਬੇ ਸਾਲ ਹੰਢਾ ਕੇ ਬੇਬੇ ਜਦ ਮੋਈ ਸੀ,
ਪੂਰੇ ਪਿੰਡ ਵਿਚ ਗੱਲ ਹੋਈ ਸੀ ।
ਸਿਰ ਤੋਂ ਨੰਗੀ ਹੋ ਗਈ ਭਾਵੇਂ
ਨਿੱਕੀ ਉਮਰੇ,
ਪਰ ਨਾ ਉਸਦੀ ਚੁੰਨੀ ਉਤੇ,
ਮਰਦੇ ਦਮ ਤੱਕ ਦਾਗ਼ ਕੋਈ ਸੀ ।
ਸੱਚੀ ਸੁੱਚੀ ਸਹੁੰ ਵਰਗੀ ਸੀ ।
ਕੱਲੀ ਵੀ ਉਹ ਚਹੁੰ ਵਰਗੀ ਸੀ।
ਪਾਕ-ਪਵਿੱਤਰ ਥਾਂ ਵਰਗੀ ਸੀ ।
ਸੱਚਮੁੱਚ ਰੱਬ ਦੇ ਨਾਂ ਵਰਗੀ ਸੀ ।
ਪੁੱਤਰ ਨੂੰ ਵੀ ਇੰਝ ਲੱਗਾ ਸੀ,
ਮਾਂ ਨਹੀਂ ਮੇਰਾ ਬਾਬਲ ਮੋਇਆ ।
ਬੇਬੇ ਤੁਰ ਗਈ,
ਇੰਝ ਲੱਗਾ ਜਿਉਂ
ਘਰ ਦੇ ਕੰਮਕਾਰ ਨੇ ਮੁੱਕੇ ।
ਘਰ ਦੀਆਂ ਚੀਜ਼ਾਂ ਬੇ-ਤਰਤੀਬੀਆਂ
ਹੋ ਗਈਆਂ ਨੇ ।
ਜ਼ਿੰਦਗੀ ਦੀ ਇਕ ਤਾਰ
ਵਿਚਾਲਿਓਂ ਟੋਟੇ ਹੋਈ ।
ਬੇ-ਸੁਰ ਸਾਜ਼ ਵਜਾਵੇ ਕਿਹੜਾ ।
ਮਾਂ ਕਾਹਦੀ ਸੀ
ਸੱਚ ਮੁੱਚ ਸੰਘਣੀ ਛਾਂ ਵਰਗੀ ਸੀ,
ਸੁੱਚਮ ਸੁੱਚੜੇ ਥਾਂ ਵਰਗੀ ਸੀ ।
ਸਿਵਿਆਂ ਵਿਚੋਂ ਗੱਲਾਂ ਤੁਰ ਕੇ
ਘਰ ਘਰ ਗਈਆਂ,
ਦਸ ਦਿਨ ਮਗਰੋਂ ਭੋਗ ਪੈ ਗਿਆ,
ਕਿਣਕਾ ਕਿਣਕਾ ਹੋ ਗਈ
ਮਾਂ ਦੀ ਕਥਾ-ਕਹਾਣੀ ।
ਜਲ ਪਰਵਾਹੇ ਫੁੱਲਾਂ ਦੇ ਸੰਗ,
ਕੀਰਤੀਆਂ ਦੇ ਮਾਲ ਖਜ਼ਾਨੇ,
ਰੋੜ੍ਹ ਲੈ ਗਿਆ ਵਗਦਾ ਪਾਣੀ ।

ਇਹ ਕਵਿਤਾ “ਅਗਨ ਕਥਾ”ਵਿੱਚੋਂ ਹੈ।
◾️

LEAVE A REPLY

Please enter your comment!
Please enter your name here