ਫਤਿਹਗੜ੍ਹ ਸਾਹਿਬ, 15 ਮਈ ( ਬੌਬੀ ਸਹਿਜਲ, ਧਰਮਿੰਦਰ )- ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਵੱਲੋਂ ਸੀ.ਐਚ.ਸੀ. ਬਸੀ ਪਠਾਣਾਂ ਦਾ ਅਚਨਚੇਤ ਦੌਰਾ ਕੀਤਾ ਗਿਆ, ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਡਾ. ਗੁਰਦੀਪ ਸਿੰਘ ਬੋਪਰਾਏ ਅਤੇ ਸਟਾਫ ਨਾਲ ਮੀਟਿੰਗ ਕੀਤੀ ਗਈ।ਇਸ ਮੌਕੇ ਉਨ੍ਹਾਂ ਨੇ ਵਾਰਡ ਵਿਚ ਦਾਖਲ ਮਰੀਜ਼ਾ ਨਾਲ ਗੱਲਬਾਤ ਕੀਤੀ ਤੇ ਹਸਪਾਤਲ ਵੱਲੋਂ ਦਿਤੀਆਂ ਜਾਂਦੀਆਂ ਸਿਹਤ ਸਹੂਨਤਾ ਦਾ ਜਾਇਜ਼ਾ ਲਿਆ।ਇਸ ਮੌਕੇ ਉਨ੍ਹਾਂ ਵੱਲੋਂ ਸਟਾਫ ਨੂੰ ਆਪਣਾ ਕੰਮ ਸਮੇਂ ਸਿਰ, ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਕਰਨ ਲਈ ਕਿਹਾ ਗਿਆ, ਉਨ੍ਹਾਂ ਕਿਹਾ ਕਿ ਮਾਂ ਅਤੇ ਨਵਜੰਮੇ ਬੱਚਿਆਂ ਨੂੰ ਮਿਲਦੀਆਂ ਸਿਹਤ ਸਹੂਲਤਾਂ, ਪ੍ਰਦਾਨ ਕਰਨ ਸਿਹਤ ਵਿਭਾਗ ਦਾ ਮੁੱਢਲਾ ਕੰਮ ਹੈ ਤੇ ਕੋਈ ਵੀ ਗਰਭਵਤੀ ਮਾਂ ਤੇ ਬੱਚਾ ਸਿਹਤ ਸਹੂਲਤਾਂ ਤੋਂ ਵਾਂਝਾ ਨਾ ਰਹੇ। ਉਨ੍ਹਾਂ ਨੇ ਹਦਾਇਤ ਕੀਤੀ ਕਿ ਹਾਈ ਰਿਸਕ ਗਰਭਵਤੀਆਂ ਦੇ ਜਣੇਪੇ ਦੀ ਅਗਾਊ ਪਲਾਨਿੰਗ ਕੀਤੀ ਜਾਵੇ ਤੇ ਗਰਭਵਤੀ ਦੇ ਹਾਈ ਰਿਸਕ ਫੈਕਟਰ ਅਨੁਸਾਰ ਢੁੱਕਵੀ ਸਰਕਾਰੀ ਸਿਹਤ ਸੰਸਥਾਂ ਵਿਚ ਜਣੇਪਾ ਕਰਵਾਉਣ ਲਈ ਉਸ ਨੂੰ ਮੋਟੀਵੇਟ ਕੀਤਾ ਜਾਵੇ । ਮਾਈਗ੍ਰੇਟਰੀ ਆਬਾਦੀ ਦੇ ਠਿਕਾਣਿਆਂ ਦਾ ਸਰਵੇ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਲੋੜੀਦੀਆਂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਦੂਜੇ ਅਤੇ ਤੀਸਰੇ ਤਿਮਾਹੀ ਦੀ ਹਰ ਗਰਭਵਤੀ ਦਾ ਚੈਕਅੱਪ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਹਾਈ ਰਿਸਕ ਗਰਭਵਤੀਆਂ ਦੀ ਸਮੇਂ ਸਿਰ ਪਛਾਣ ਕਰਕੇ, ਇਲਾਜ਼ ਕਰਨਾ ਯਕੀਨੀ ਬਣਾਇਆ ਜਾਵੇ।ਉਨ੍ਹਾਂ ਨੇ ਸਟਾਫ ਨੂੰ ਹਦਾਇਤ ਕੀਤੀ ਕਿ ਹਰ ਗਰਭਵਤੀ ਨੂੰ ਪਹਿਲੇ ਤਿੰਨ ਮਹੀਨਿਆਂ ਦੌਰਾਨ ਟ੍ਰੈਕ ਕਰਕੇ ਰਜਿਸਟਰ ਕਰਵਾਇਆ ਜਾਵੇ ਤੇ ਗਰਵਤੀਆਂ ਦਾ ਜਣੇਪਾ ਸਰਕਾਰੀ ਸਿਹਤ ਸੰਸਥਾ ਵਿਚ ਕਰਵਾਇਆ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਜਨਨੀ ਸਿ਼ਸ਼ੂ ਸੁਰੱਖਿਆਂ ਕਾਰਿਆਕਰਮ ਤਹਿਤ ਗਰਭਵਤੀਆਂ ਤੇ ਬੱਚਿਆਂ ਨੂੰ ਬਣਦਾ ਲਾਭ ਤੇ ਜਨਨੀ ਸੁਰੱਖਿਆਂ ਯੋਜਨਾ ਤਹਿਤ ਮਾਲੀ ਸਹਾਇਤਾ ਲਾਭਪਾਤਰੀ ਗਰਭਵਤੀਆਂ ਨੂੰ ਸਮੇਂ ਸਿਰ ਦੇਣ ਲਈ ਹਦਾਇਤ ਵੀ ਜਾਰੀ ਕੀਤੀ।ਇਸ ਮੌਕੇ ਉਨ੍ਹਾਂ ਨੇ ਸੀ.ਐਚ.ਸੀ. ਅਧੀਨ ਸਿਹਤ ਵਿਭਾਗ ਦੀਆਂ ਸਿਹਤ ਸਕੀਮਾਂ ਅਤੇ ਸਹੂਲਤਾਂ ਓ.ਪੀ.ਡੀ., ਆਈ.ਪੀ.ਡੀ., ਲੈਬ ਟੈਸਟ, ਟੀ.ਬੀ., ਓਟ ਸੈਂਟਰ, 24 ਘੰਟੇ ਐਮਰਜਸੀ ਸੇਵਾਵਾਂ, ਆਰ.ਸੀ.ਐਚ., ਐਨ.ਸੀ.ਡੀ., ਆਰ.ਕੇ.ਐਸ.ਕੇ., ਆਰ.ਬੀ.ਐਸ.ਕੇ ਆਦਿ ਦਾ ਰੀਵਿਉ ਕੀਤਾ।ਉਨ੍ਹਾਂ ਨੇ ਕਿਹਾ ਕਿ ਗਰਮੀ ਦੇ ਮੌਸਮ ਦੀ ਸ਼ੁਰੂਆਤ ਦੇ ਮੱਦੇਨਜ਼ਰ ਹੀਟ ਵੇਵ, ਮੌਸਮੀ ਬੀਮਾਰੀਆਂ ਅਤੇ ਡੇਂਗੂ ਮਲੇਰੀਆਂ ਆਦਿ ਦੇ ਅਗਾਊ ਪ੍ਰਬੰਧ ਕੀਤੇ ਜਾਣ ਤੇ ਡੇਂਗੂ ਮਲੇਰੀਆਂ ਦੇ ਮਰੀਜ਼ਾ ਲਈ ਅਲੱਗ ਵਾਰਡ ਬਣਾਏ ਜਾਣ।ਉਨ੍ਹਾਂ ਵੱਲੋਂ ਕਰਮਚਾਰੀਆਂ ਨੂੰ ਸਮੇਂ ਦੇ ਪਾਬੰਦ ਅਤੇ ਅਨੁਸ਼ਾਸਨ ਵਿਚ ਰਹਿਣ ਦੀ ਹਦਾਇਤ ਕੀਤੀ।ਉਨ੍ਹਾਂ ਵੱਲੋਂ ਸੀ.ਐਚ.ਸੀ. ਦੇ ਕੰਮ ਪ੍ਰਤੀ ਤਸ਼ੱਲੀ ਪ੍ਰਗਟ ਕੀਤੀ ਗਈ ਅਤੇ ਇਸ ਮੌਕੇ ਸਾਰਾ ਸਟਾਫ ਹਾਜ਼ਰ ਪਾਇਆ ਗਿਆ।