ਜਗਰਾਉਂ, 16 ਮਈ ( ਲਿਕੇਸ਼ ਸ਼ਰਮਾਂ, ਜਗਰੂਪ ਸੋਹੀ )- ਮੋਗਾ ਸਾਈਡ ਜੀ.ਟੀ.ਰੋਡ ’ਤੇ ਸੋਮਵਾਰ ਨੂੰ ਸਕੂਲ ਵੈਨ ਅਤੇ ਰੋਡਵੇਜ਼ ਦੀ ਬੱਸ ਦੀ ਭਿਆਨਕ ਟੱਕਰ ’ਚ 35 ਦੇ ਕਰੀਬ ਬੱਚੇ ਅਤੇ 10 ਬੱਸ ਸਵਾਰਾਂ ਦੇ ਜ਼ਖਮੀ ਹੋਣ ਦੇ ਮਾਮਲੇ ’ਚ ਸਕੂਲ ਵੈਨ ਦੇ ਡਰਾਈਵਰ ਗੁਰਮੁੱਖ ਸਿੰਘ ਵਾਸੀ ਦੌਧਰ ਜ਼ਿਲਾ ਮੋਗਾ ਅਤੇ ਰੋਡਵੇਜ ਬੱਸ ਦੇ ਡਰਾਇਵਰ ਲਖਬੀਰ ਸਿੰਘ ਵਾਸੀ ਮਸੀਤ ਥਾਣਾ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ ਦੇ ਖ਼ਿਲਾਫ਼ ਥਾਣਾ ਸਿਟੀ ਜਗਰਾਓਂ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਬੱਸ ਅੱਡਾ ਪੁਲੀਸ ਚੌਕੀ ਦੇ ਏਐਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਨਾਨਕਸਰ ਤੋਂ ਜਗਰਾਓਂ ਵਾਲੀ ਸਾਈਡ ਨੂੰ ਚੈਕਿੰਗ ਲਈ ਆ ਰਹੇ ਸਨ। ਜਦੋਂ ਉਹ ਸਿਟੀ ਮੈਰਿਜ ਪੈਲੇਸ ਨੇੜੇ ਪਹੁੰਚਿਆ ਤਾਂ ਉਸ ਨੇ ਗੱਡੀ ਰੋਕ ਕੇ ਦੇਖਿਆ ਕਿ ਹਾਈਵੇਅ ਇਕ ਪਾਸੇ ਚੱਲ ਰਿਹਾ ਸੀ। ਜਾਂਚ ਦੌਰਾਨ ਸੋਮਵਾਰ ਸਵੇਰੇ ਲੁਧਿਆਣਾ ਤੋਂ ਮੋਗਾ ਸਾਈਡ ਹਾਈਵੇਅ ਅਥਾਰਟੀ ਨੇ ਸੈਕਰਡ ਹਾਰਟ ਸਕੂਲ ਤੋਂ ਸੜਕ ਇਕ ਪਾਸੇ ਤੋਂ ਬੰਦ ਕੀਤੀ ਹੋਈ ਸੀ ਅਤੇ ਸੜਕ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਸੀ। ਲੁਧਿਆਣਾ ਵੱਲੋਂ ਆ ਰਹੀ ਟਰੈਫਿਕ ਰਾਜਾ ਢਾਬੇ ਨੇੜੇ ਹਾਈਵੇ ਟੱਕ ਤੋਂ ਦਿਸ਼ਾ ਬਦਲ ਕੇ ਮੋਗੇ ਵਾਲੇ ਪਾਸੇ ਉਲਟ ਦਿਸ਼ਾ ਵਿਚ ਜਾ ਰਹੀ ਸੀ। ਸਾਡੇ ਸਾਹਮਣੇ ਸੈਕਰਡ ਹਾਰਟ ਸਕੂਲ ਦੀ ਇੱਕ ਵੈਨ, ਜੋ ਬੱਚਿਆਂ ਨੂੰ ਸਕੂਲ ਅਤੇ ਘਰ ਤੋਂ ਸਕੂਲ ਲੈ ਕੇ ਜਾਂਦੀ ਹੈ, ਪੂਰੀ ਤਰ੍ਹਾਂ ਲੋਡ ਹੋ ਕੇ ਆ ਰਹੀ ਸੀ ਅਤੇ ਮੋਗਾ ਵਾਲੇ ਪਾਸੇ ਤੋਂ ਪੰਜਾਬ ਰੋਡਵੇਜ਼ ਦੀ ਬੱਸ ਸਵਾਰੀਆਂ ਨਾਲ ਭਰੀ ਹੋਈ ਆ ਰਹੀ ਸੀ। ਤੇਜ਼ ਰਫ਼ਤਾਰ ਨਾਲ ਆ ਰਹੀ ਸਕੂਲ ਵੈਨ ਅਤੇ ਰੋਡਵੇਜ਼ ਬੱਸ ਦੋਵਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਜਦੋਂ ਕਿ ਦੋਵਾਂ ਬੱਸਾਂ ਦੇ ਡਰਾਈਵਰਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਟਰੈਫਿਕ ਇਕ ਤਰਫਾ ਚੱਲ ਰਹੀ ਹੈ ਅਤੇ ਦੋਵਾਂ ਨੂੰ ਆਪਣੇ ਪਾਸੇ ਚੱਲਦੇ ਹੋਏ ਸਵਾਰੀਆਂ ਅਤੇ ਬੱਚਿਆਂ ਦੀ ਜਾਨ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਧੀਮੀ ਰਫਤਾਰ ਨਾਲ ਗੱਡੀ ਚਲਾਉਣੀ ਚਾਹੀਦੀ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੰਜਾਬ ਰੋਡਵੇਜ਼ ਦਾ ਡਰਾਈਵਰ ਅੱਗੇ ਜਾ ਰਹੇ ਇੱਕ ਹੋਰ ਟਰੱਕ ਨੂੰ ਓਵਰਟੇਕ ਕਰ ਰਿਹਾ ਸੀ। ਇਸ ਸਬੰਧੀ ਦੋਵਾਂ ਵਾਹਨਾਂ ਦੇ ਡਰਾਈਵਰਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।