ਜਗਰਾਉਂ, 16 ਮਈ ( ਰਾਜੇਸ਼ ਜੈਨ, ਭਗਵਾਨ ਭੰਗੂ )-ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਜੇਲ ’ਚ ਨਜ਼ਰਬੰਦ ਇਕ ਦੋਸ਼ੀ ਦੀ ਜ਼ਮਾਨਤ ਦੇਣ ਆਈ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਸੀ.ਆਈ.ਏ ਸਟਾਫ ਦੀ ਪੁਲਸ ਪਾਰਟੀ ਨੇ ਕਾਬੂ ਕੀਤਾ। ਉਨ੍ਹਾਂ ਕੋਲੋਂ ਜ਼ਮੀਨ ਦੀਆਂ ਫਰਦਾਂ, ਪੰਚਾਇਤ ਮੈਂਬਰ ਦੀ ਜਾਅਲੀ ਮੋਹਰ ਅਤੇ ਦੋ ਆਧਾਰ ਕਾਰਡ ਬਰਾਮਦ ਹੋਏ ਹਨ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ 2 ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ। ਸੀਆਈਏ ਸਟਾਫ਼ ਦੇ ਸਬ-ਇੰਸਪੈਕਟਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਤਹਿਸੀਲ ਚੌਕ ਜਗਰਾਉਂ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਇਤਲਾਹ ਮਿਲੀ ਸੀ ਕਿ ਗੁਰਮੀਤ ਸਿੰਘ ਉਰਫ ਮੀਤਾ ਵਾਸੀ ਅਗਵਾੜ ਕਮਾਓ ਜ਼ਿਲਾ ਮੋਗਾ, ਮਿੰਦਰਜੀਤ ਸਿੰਘ ਉਰਫ ਦੀਪੂ ਵਾਸੀ ਢੋਲੇਵਾਲ ਰੋਡ ਧਰਮਕੋਟ ਜ਼ਿਲਾ ਮੋਗਾ ਅਤੇ ਕਮਲਜੀਤ ਕੌਰ ਵਾਸੀ ਪਿੰਡ ਮਲਕਪੁਰ ਜ਼ਿਲਾ ਮੋਹਾਲੀ ਨੇ ਜਾਅਲੀ ਦਸਤਾਵੇਜ ਤਿਆਰ ਕਰਕੇ ਦੂਜੇ ਜ਼ਿਲਿਆਂ ਵਿਚ ਜਾ ਕੇ ਜੇਲਾਂ ਵਿਚ ਬੰਦ ਦੋਸ਼ੀਆਂ ਦੀ ਜਮਾਨਤ ਪੈਸੇ ਲੈ ਕੇ ਭਰਦੇ ਹਨ। ਇਨਾਂ ਪਾਸ ਜਮੀਨ ਦੀਆਂ ਫਰਦਾਂ, ਪੰਚਾਇਤ ਮੈਂਬਰ ਦੀ ਜਾਅਲੀ ਮੋਹਰ ਅਤੇ ਆਧਾਰ ਕਾਰਡ ਵੀ ਹਨ। ਅੱਜ ਇਹ ਲੋਕ ਕਿਸੇ ਦੀ ਜ਼ਮਾਨਤ ਕਰਵਾਉਣ ਲਈ ਜਗਰਾਉਂ ਅਦਾਲਤ ਵਿੱਚ ਵੀ ਪਹੁੰਚ ਗਏ ਹਨ। ਇਸ ਸੂਚਨਾ ’ਤੇ ਕੋਰਟ ਕੰਪਲੈਕਸ ਦੇ ਬਾਹਰ ਛਾਪਾ ਮਾਰ ਕੇ ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਹ ਲੋਕ ਕਿੰਨੇ ਸਮੇਂ ਤੋਂ ਇਸ ਧੰਦੇ ’ਚ ਸ਼ਾਮਲ ਸਨ ਅਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਇਨ੍ਹਾਂ ਨੇ ਕਿੱਥੇ-ਕਿੱਥੇ ਜ਼ਮਾਨਤ ਕਰਵਾਈ ਹੈ, ਪੁਲਿਸ ਰਿਮਾਂਡ ਦੌਰਾਨ ਇਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।