Home Sports ਡਿਪਟੀ ਕਮਿਸ਼ਨਰ ਨੇ ਬੈਡਮਿੰਟਨ ਵਿੱਚ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੀਆਂ ਭੈਣਾਂ...

ਡਿਪਟੀ ਕਮਿਸ਼ਨਰ ਨੇ ਬੈਡਮਿੰਟਨ ਵਿੱਚ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੀਆਂ ਭੈਣਾਂ ਰਾਧਿਕਾ ਅਤੇ ਤਨਵੀ ਨੂੰ ਕੀਤਾ ਸਨਮਾਨਿਤ

57
0


ਹੁਸ਼ਿਆਰਪੁਰ, 19 ਮਈ (ਭਗਵਾਨ ਭੰਗੂ – ਬੋਬੀ ਸਹਿਜਲ) : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਬੈਡਮਿੰਟਨ ਵਿੱਚ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਨ ਵਾਲੀਆਂ ਦੋ ਭੈਣਾਂ ਰਾਧਿਕਾ ਸ਼ਰਮਾ ਅਤੇ ਤਨਵੀ ਸ਼ਰਮਾ ਨੂੰ ਆਪਣੇ ਦਫ਼ਤਰ ਬੁਲਾ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਅਗਲੇ ਮੈਚਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਲੁਧਿਆਣਾ ਬੈਵਰੇਜਿਜ਼ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਰਾਧਿਕਾ ਸ਼ਰਮਾ ਨੂੰ ਉਸ ਦੀ ਇਸ ਪ੍ਰਾਪਤੀ ਲਈ 2 ਲੱਖ ਰੁਪਏ ਦਾ ਚੈੱਕ ਸੌਂਪਿਆ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ’ਤੇ ਬੈਡਮਿੰਟਨ ਖੇਡਣ ਵਾਲੀਆਂ ਇਨ੍ਹਾਂ ਦੋਵਾਂ ਭੈਣਾਂ ਨੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ, ਜਿਸ ’ਤੇ ਜ਼ਿਲ੍ਹੇ ਦੇ ਲੋਕਾਂ ਨੂੰ ਮਾਣ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 10 ਤੋਂ 17 ਮਈ ਤੱਕ ਗੁਵਾਹਾਟੀ (ਅਸਾਮ) ਵਿਖੇ ਕਰਵਾਏ ਗਏ ਆਲ ਇੰਡੀਆ ਰੈਂਕਿੰਗ ਟੂਰਨਾਮੈਂਟ ਵਿੱਚ ਤਨਵੀ ਨੇ ਸਿੰਗਲਜ਼ ਵਿੱਚ ਸੋਨ, ਤਨਵੀ ਅਤੇ ਰਾਧਿਕਾ ਨੇ ਡਬਲਜ਼ ਵਿੱਚ ਕਾਂਸੀ ਦਾ ਤਗ਼ਮਾ ਅਤੇ ਰਾਧਿਕਾ ਨੇ ਮਿਕਸਡ ਡਬਲਜ਼ ਅੰਡਰ-19 ਵਿੱਚ ਸੋਨ ਤਗ਼ਮਾ ਜਿੱਤਿਆ। ਇਸ ਦੌਰਾਨ ਬੈਡਮਿੰਟਨ ਖਿਡਾਰਨਾਂ ਰਾਧਿਕਾ ਸ਼ਰਮਾ ਅਤੇ ਤਨਵੀ ਸ਼ਰਮਾ ਨਾਲ ਉਨ੍ਹਾਂ ਦੀਆਂ ਖੇਡਾਂ ਬਾਰੇ ਵਿਸਥਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਰਾਧਿਕਾ ਅਤੇ ਤਨਵੀ ਦੀ ਮਾਤਾ ਮੀਨਾ ਸ਼ਰਮਾ ਅਤੇ ਪਿਤਾ ਵਿਕਾਸ ਸ਼ਰਮਾ (ਸੁਪਰਡੈਂਟ ਏ.ਡੀ.ਸੀ. ਦਫ਼ਤਰ) ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਕੋਮਲ ਮਿੱਤਲ ਨੇ ਕਿਹਾ ਕਿ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਰਾਹੀਂ ਖੇਡਾਂ ਅਤੇ ਖਿਡਾਰੀਆਂ ਦੇ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੂੰ ਖੁਸ਼ੀ ਹੈ ਕਿ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਹੁਸ਼ਿਆਰਪੁਰ ਨੇ ਆਪਣੀ ਸ਼ਾਨਦਾਰ ਕਾਰਜਸ਼ੈਲੀ ਕਾਰਨ ਪੂਰੇ ਸੂਬੇ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਦੋਵਾਂ ਖਿਡਾਰਨਾਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕਰਦਿਆਂ ਜ਼ਿਲ੍ਹੇ ਦੇ ਹੋਰਨਾਂ ਨੌਜਵਾਨਾਂ ਨੂੰ ਵੀ ਇਨ੍ਹਾਂ ਵਾਂਗ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਉਹ ਸਖ਼ਤ ਮਿਹਨਤ ਕਰਕੇ ਵੱਖ-ਵੱਖ ਖੇਡਾਂ ਵਿੱਚ ਵੀ ਆਪਣਾ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਸਾਨੂੰ ਅਨੁਸ਼ਾਸਨ ਅਤੇ ਅਗਵਾਈ ਸਿਖਾਉਂਦੀਆਂ ਹਨ, ਉੱਥੇ ਇਹ ਸਾਡਾ ਸਰੀਰਕ ਅਤੇ ਮਾਨਸਿਕ ਵਿਕਾਸ ਵੀ ਕਰਦੀਆਂ ਹਨ। ਰਾਧਿਕਾ ਅਤੇ ਤਨਵੀ ਨੇ ਦੱਸਿਆ ਕਿ ਉਨ੍ਹਾਂ ਦਾ ਉਦੇਸ਼ ਭਾਰਤ ਲਈ ਓਲੰਪਿਕ ’ਚ ਸੋਨਾ ਲਿਆਉਣਾ ਹੈ, ਜਿਸ ਲਈ ਉਹ ਲਗਾਤਾਰ ਮਿਹਨਤ ਕਰ ਰਹੀਆਂ ਹਨ। ਇਸ ਦੌਰਾਨ ਸਹਾਇਕ ਮੈਨੇਜਰ ਲੁਧਿਆਣਾ ਬੈਵਰੇਜਿਜ਼ ਪ੍ਰਾਈਵੇਟ ਲਿਮਟਿਡ ਦੇ ਸਹਾਇਕ ਮੈਨੇਜਰ ਗੁਰਮੀਤ ਸਿੰਘ ਨੇ ਕਿਹਾ ਕਿ ਭਵਿੱਖ ਵਿੱਚ ਵੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪ੍ਰੀਤ ਕੋਹਲੀ, ਤਨਵੀ ਅਤੇ ਰਾਧਿਕਾ ਦੀ ਮਾਂ ਮੀਨਾ ਸ਼ਰਮਾ ਅਤੇ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਤੋਂ ਰਾਘਵ ਬਾਂਸਲ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here