ਸਿੱਧਵਾਂਬੇਟ, 20 ਮਈ ( ਜਗਰੂਪ ਸੋਹੀ, ਬੌਬੀ ਸਹਿਜਲ )-ਪੁਲਿਸ ਚੌਕੀ ਗਿੱਦੜਵਿੰਡੀ ਦੀ ਪੁਲਿਸ ਪਾਰਟੀ ਵੱਲੋਂ ਐਕਟਿਵਾ ਸਕੂਟੀ ’ਤੇ ਸ਼ਰਾਬ ਲੈ ਕੇ ਜਾ ਰਹੀਆਂ ਦੋ ਔਰਤਾਂ ਨੂੰ ਕਾਬੂ ਕੀਤਾ ਗਿਆ ਹੈ। ਏਐਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਨਾਲ ਪਿੰਡ ਸੋਢੀਵਾਲ ਤੋਂ ਗਿੱਦੜਵਿੰਡੀ ਵੱਲ ਚੈਕਿੰਗ ਲਈ ਜਾ ਰਹੇ ਸਨ। ਜਦੋਂ ਪੁਲੀਸ ਪਾਰਟੀ ਸੋਢੀਵਾਲ ਸੇਮ ਪੁਲ ’ਤੇ ਪੁੱਜੀ ਤਾਂ ਸਾਹਮਣੇ ਤੋਂ ਦੋ ਔਰਤਾਂ ਐਕਟਿਵਾ ਸਕੂਟੀ ’ਤੇ ਆ ਰਹੀਆਂ ਸਨ ਅਤੇ ਸਕੂਟੀ ’ਤੇ ਪਲਾਸਟਿਕ ਦਾ ਭਾਰੀ ਗੱਟੂ ਰੱਖਿਆ ਹੋਇਆ ਸੀ। ਪੁਲਸ ਪਾਰਟੀ ਨੂੰ ਸਾਹਮਣੇ ਤੋਂ ਆਉਂਦੀ ਦੇਖ ਕੇ ਉਨ੍ਹਾਂ ਤੁਰੰਤ ਸਕੂਟੀ ਰੋਕ ਕੇ ਉਸ ਨੂੰ ਪਿੱਛੇ ਵੱਲ ਨੂੰ ਮੁੜਣ ਦੀ ਕੋਸ਼ਿਸ਼ ਕੀਤੀ ਤਾਂ ਸਕੂਟੀ ਦੇ ਵਿਚਕਾਰ ਰੱਖਿਆ ਪਲਾਸਿਟਕ ਦਾ ਭਾਰਾ ਗੱਟੂ ਹੇਠਾਂ ਡਿੱਗ ਪਿਆ। ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਉਕਤ ਔਰਤਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਅਤੇ ਜਦੋਂ ਉਨ੍ਹਾਂ ਦੇ ਪਲਾਸਟਿਕ ਦੇ ਗੱਟੂ ਦੀ ਜਾਂਚ ਕੀਤੀ ਗਈ ਤਾਂ ਉਸ ’ਚੋਂ 25 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਇਨ੍ਹਾਂ ਔਰਤਾਂ ਦੀ ਪਛਾਣ ਪਰਮਜੀਤ ਕੌਰ ਅਤੇ ਸਰਵਜੀਤ ਕੌਰ ਵਾਸੀ ਖੋਲੀਆਂ ਵਾਲਾ ਖੂਹ ਮਲਸੀਹਾਂ ਬਾਜਾਨ ਵਜੋਂ ਹੋਈ ਹੈ। ਇਨ੍ਹਾਂ ਔਰਤਾਂ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਸਿੱਧਵਾਂਬੇਟ ਵਿਖੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।