ਰਾਏਰੋਟ, 21 ਮਈ ( ਲਿਕੇਸ਼ ਸ਼ਰਮਾਂ, ਜਗਰੂਪ ਸੋਹੀ )-ਪੁਲਿਸ ਚੌਕੀ ਲੋਹਟਬੱਦੀ ਦੀ ਟੀਮ ਵੱਲੋਂ ਬੱਕਰੀਆਂ ਚਰਾਉਣ ਗਏ 3 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਚੌਕੀ ਤੋਂ ਏਐਸਆਈ ਰਾਜਕੁਮਾਰ ਨੇ ਦੱਸਿਆ ਕਿ ਸੂਰਾਜ ਖਾਨ ਵਾਸੀ ਪਿੰਡ ਬੜੂੰਦੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਭੇਡਾਂ-ਬੱਕਰੀਆਂ ਪਾਲਣ ਦਾ ਕੰਮ ਕਰਦਾ ਹੈ। ਮੇਰੇ ਘਰ ਵਿੱਚ ਜਗ੍ਹਾ ਦੀ ਘਾਟ ਹੋਣ ਕਾਰਨ ਮੈਂ ਬੱਕਰੀਆਂ ਪਾਲਣ ਲਈ ਪਿੰਡ ਜਿੰਦਰ ਸਿੰਘ ਭੋਜੂ ਪੱਤੀ ਪਿੰਡ ਬੜੂੰਦੀ ਦਾ ਮਕਾਨ ਕਿਰਾਏ ’ਤੇ ਲੈ ਲਿਆ ਹੈ। ਜਿਸ ਵਿੱਚ ਉਸ ਨੇ 15 ਬੱਕਰੀਆਂ ਅਤੇ 6 ਭੇਡਾਂ ਰੱਖੀਆਂ ਹਨ। ਜਿਸ ਨੂੰ ਉਹ ਦਿਨ ਵੇਲੇ ਖੇਤਾਂ ਵਿੱਚ ਲੈ ਚਾਰਨ ਲਈ ਖੇਤਾਂ ਵਿਚ ਲੈ ਜਾਂਦਾ ਹੈ ਅਤੇ ਰਾਤ ਸਮੇਂ ਘਰ ਦੇ ਅੰਦਰ ਬੰਦ ਕਰ ਦਿੰਦਾ ਹੈ ਅਤੇ ਬਾਹਰੋਂ ਤਾਲਾ ਲਗਾ ਕੇ ਆਪਣੇ ਘਰ ਚਲਾ ਜਾਂਦਾ ਹੈ। ਹਰ ਰੋਜ਼ ਦੀ ਤਰ੍ਹਾਂ ਜਦੋਂ ਉਹ ਬੱਕਰੀਆਂ ਨੂੰ ਘਰ ਦੇ ਅੰਦਰ ਛੱਡ ਕੇ ਆਪਣੇ ਘਰ ਗਿਆ ਤਾਂ ਰਾਤ ਕਰੀਬ 11.30 ਵਜੇ ਮੇਰੇ ਬੱਕਰੀ ਫਾਰਮ ਦੇ ਗੁਆਂਢੀ ਦੇ ਛੋਟੇ ਭਈਆ ਦਾ ਫੋਨ ਆਇਆ ਕਿ ਤੁਹਾਡੇ ਫਾਰਮ ’ਚੋਂ ਤਿੰਨ ਨੌਜਵਾਨ ਕੰਧ ’ਤੇ ਚੜ੍ਹ ਕੇ ਬੱਕਰੀਆਂ ਚੋਰੀ ਕਰ ਰਹੇ ਹਨ। ਜਦੋਂ ਮੈਂ ਆਪਣੇ ਤਾਇਆ ਦੇ ਲੜਕੇ ਇਕਬਾਲ ਮੁਹੰਮਦ ਨਾਲ ਮੌਕੇ ’ਤੇ ਪਹੁੰਚਿਆ ਤਾਂ ਮੈਂ ਗਲੀ ਦੀ ਸਟਰੀਟ ਲਾਈਟ ਦੀ ਰੋਸ਼ਨੀ ਵਿਚ ਦੇਖਿਆ ਕਿ ਇਕ ਨੌਜਵਾਨ ਨੇ ਮੇਰੇ ਫਾਰਮ ਦੀ ਕੰਧ ਦੇ ਉੱਪਰ ਬੈਠਾ ਹੈ ਇਕ ਹੋਰ ਨੌਜਵਾਨ ਅੰਦਰੋਂ ਕੰਧ ਤੇ ਬੈਠੇ ਵਿਅਕਤੀ ਨੂੰ ਬੱਕਰੀਆਂ ਪਕੜਾ ਰਿਹਾ ਅਤੇ ਹੇਠਾਂ ਗਲੀ ਵਿਚ ਖੜਾ ਇਨ੍ਹਾਂ ਦਾ ਤੀਸਰਾ ਸਾਥੀ ਕੰਧ ਤੋਂ ਬੱਕਰੀਆਂ ਹੇਠਾਂ ਪਕੜ ਰਿਹਾ ਹੈ। ਜਦੋਂ ਅਸੀਂ ਰੌਲਾ ਪਾ ਕੇ ਫਾਰਮ ਦੇ ਨੇੜੇ ਪਹੁੰਚੇ ਤਾਂ ਦੋਵੇਂ ਜਣੇ ਕੰਧ ਟੱਪ ਕੇ ਬਾਹਰ ਗਲੀ ਵਿਚ ਆ ਗਏ ਅਤੇ ਗਲੀ ਵਿਚ ਖੜੇ ਆਪਣੇ ਤੀਸਰੇ ਸਾਥੀ ਸਮੇਤ ਮੌਕੇ ਤੋਂ ਫਰਾਰ ਹੋ ਗਏ। ਇਨਾਂ ਨੂੰ ਭੱਜਦੇ ਹੋਏ ਅਸੀਂ ਪਹਿਚਾਣ ਲਿਆ ਜੋ ਕਿ ਮਨਜੀਤ ਸਿੰਘ, ਗੁਰਜੀਤ ਸਿੰਘ ਉਰਫ ਕਾਕਾ ਅਤੇ ਗੋਪੀ ਸਾਰੇ ਪਿੰਡ ਆਂਡਲੂ ਦੇ ਰਹਿਣ ਵਾਲੇ ਸਨ। ਸੂਰਾਜ ਖਾਨ ਨੇ ਦੋਸ਼ ਲਾਇਆ ਕਿ ਉਸ ਦੇ ਫਾਰਮ ਵਿੱਚੋਂ 5 ਬੱਕਰੀਆਂ ਚੋਰੀ ਹੋ ਗਈਆਂ ਹਨ। ਇਸ ਸਬੰਧੀ ਥਾਣਾ ਸਦਰ ਰਾਏਕੋਟ ਵਿੱਚ ਮਨਜੀਤ ਸਿੰਘ, ਗੁਰਜੀਤ ਸਿੰਘ ਅਤੇ ਗੋਪੀ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।