ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹੁਣ ਤੱਕ ਗੁਰਬਾਣੀ ਦਾ ਪ੍ਰਸਾਰਣ ਪੰਜਾਬ ਦੇ ਇੱਕ ਨਿੱਜੀ ਪੀ.ਟੀ.ਸੀ ਚੈਨਲ ’ਤੇ ਹੀ ਦਿਖਾਇਆ ਜਾ ਰਿਹਾ ਹੈ। ਸਮੇਂ-ਸਮੇਂ ’ਤੇ ਆਵਾਜ਼ ਉਠਾਈ ਜਾਂਦੀ ਹੈ ਕਿ ਇਹ ਪ੍ਰਸਾਰਣ ਜੋ ਵੀ ਚੈਨਲ ਕਰਨਾ ਚਾਹੁੰਦਾ ਹੈ, ਉਸ ਨੂੰ ਵੀ ਇਸ ਸੇਵਾ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਅਤੇ ਸਿਰਫ਼ ਇੱਕ ਚੈਨਲ ’ਤੇ ਪ੍ਰਸਾਰਣ ਹੋਣ ਕਾਰਨ ਸਿੱਖ ਸੰਗਤਾਂ ਨੂੰ ਗੁਰਬਾਣੀ ਸੁਣਨ ਲਈ ਪੈ ਪੈਸੇ ਖਰਚ ਕਰਨੇ ਪੈਂਦੇ ਹਨ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪ੍ਰਸਾਰਿਤ ਕੀਤੇ ਜਾ ਰਹੇ ਗੁਰਬਾਣੀ ਕਥਾ ਕੀਰਤਨ ਨੂੰ ਹੋਰ ਚੈਨਲਾਂ ’ਤੇ ਵੀ ਮੁਫਤ ਪ੍ਰਸਾਰਿਤ ਕਰਨ ਦੀ ਇੱਛਾ ਜ਼ਾਹਰ ਕਰਦਿਆਂ ਸ੍ਰੀ ਦਰਬਾਰ ਸਾਹਿਬ ਅੰਦਰ ਵਿਸ਼ੇਸ਼ ਅਧੁਨਿਕ ਪ੍ਰਕਰਣ ਮੁਹਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਹੈ। ਸਰਕਾਰ ਦੀ ਤਰਫੋਂ ਆਪਣੇ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਲਏ ਜਾ ਰਹੇ ਇਸ ਫੈਸਲੇ ਦੀ ਦੇਸ਼-ਵਿਦੇਸ਼ ਵਿੱਚ ਪ੍ਰਸ਼ੰਸਾ ਵੀ ਕੀਤੀ ਜਾ ਰਹੀ ਹੈ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੋਵਾਂ ਨੂੰ ਭਗਵੰਤ ਮਾਨ ਦੀ ਇਸ ਸੋਚ ਤੇ ਭਾਰੀ ਤਕਲੀਫ ਹੋ ਰਹੀ ਹੈ। ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਿਪਾਹਸਲਾਪ ਮੈਦਾਨ ’ਚ ਉਤਾਰ ਦਿਤੇ ਹਨ। ਜਿੰਨਾਂ ਨੇ ਭਗਵੰਤ ਮਾਨ ਦੇ ਇਸ ਬਿਆਨ ਦੀ ਨਿਖੇਧੀ ਕਰਦਿਆਂ ਵੱਖ-ਵੱਖ ਤਰਕ ਦੇਣੇ ਸ਼ੁਰੂ ਕਰ ਦਿੱਤੇ ਹਨ। ਜਿਸ ਨੂੰ ਸੋਸ਼ਲ ਮੀਡੀਆ ’ਤੇ ਲੋਕ ਵੀ ਖੂਬ ਜਵਾਬ ਦੇ ਰਹੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾਂ ਹੋਰ ਤਖਤ ਸਾਹਿਬਾਨਾਂ ਅਤੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੋਂ ਪ੍ਰਸਾਰਿਤ ਹੋਣ ਵਾਲੀ ਗੁਰਬਾਣੀ ਵਿਚਾਰ ਕੇਵਲ ਇੱਕ ਚੈਨਲ ਲਈ ਹੀ ਕਿਉਂ ਰਾਖਵੀਂ ਕੀਤੀ ਹੋਈ ਹੈ ? ਗੁਰਬਾਣੀ ਦਾ ਪ੍ਰਸਾਰਣ ਹੋਰਨਾਂ ਚੈਨਲਾਂ ਤੇ ਕਿਉਂ ਨਹੀਂ ਦਿਖਾਇਆ ਜਾਣਾ ਚਾਹੀਦਾ ? ਸਮੇਂ ਦੀ ਮੰਗ ਅਤੇ ਲੋੜ ਹੈ ਕਿ ਸ੍ਰੀ ਦਰਬਾਰ ਸਾਹਿਬ ਤੋਂ ਲੈ ਕੇ ਹੋਰਨਾਂ ਗੁਰਧਾਮਾਂ ਤੋਂ ਜਿਥੋਂ ਵੀ ਗੁਰਬਾਣੀ ਗਾ ਪ੍ਰਸਾਰਣ ਹੁੰਦਾ ਹੈ ਉਹ ਸਭ ਚੈਨਲਾਂ ਤੇ ਮੁਫਤ ਪ੍ਰਸਾਰਤ ਕਰਨ ਦਾ ਪ੍ਰਬੰਧ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਵਿਦੇਸ਼ ਵਿੱਚ ਬੈਠੀ ਸਿੱਖ ਸੰਗਤ ਨੂੰ ਗੁਰੂ ਅਤੇ ਗੁਰਬਾਣੀ ਨਾਲ ਜੋੜਿਆ ਜਾ ਸਕੇ। ਇਸ ਸਮੇਂ ਜੇਕਰ ਕਿਸੇ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਕਥਾ ਕੀਰਤਨ ਸੁਨਣਾ ਹੈ ਜਾਂ ਗੁਰੂ ਦੇ ਦਰਸ਼ਨ ਕਰਨੇ ਹਨ ਤਾਂ ਉਸਨੂੰ ਪੈਸੇ ਖਰਚ ਕਰਨੇ ਪੈਂਦੇ ਹਨ ਕਿਉਂਕਿ ਪੀ ਟੀ ਸੀ ਚੈਨਲ ਸਿਰਫ ਕੇਬਲ ਤਾਰ ਤੇ ਹੀ ਚੱਲਦਾ ਹੈ। ਡਿਸ਼ ਚੈਨਲਾਂ ਤੇ ਇਸਨੂੰ ਮਨਜੂਰੀ ਨਹੀਂ ਹੈ। ਜੇਕਰ ਕਿਸੇ ਪਾਸ ਕੇਬਲ ਤਾਰ ਦਾ ਕੁਨੈਕਸ਼ਨ ਹੈ ਤਾਂ ਹੀ ਉਬ ਗੁਰਬਾਣੀ ਸੁਣ ਸਕਦਾ ਹੈ। ਜੇਕਰ ਗੁਰਬਾਣੀ ਦਾ ਪ੍ਰਸਾਰਣ ਹੋਰ ਚੈਨਲਾਂ ਅਤੇ ਡਿਸ਼ ਟੀਵੀ ’ਤੇ ਵੀ ਚੱਲਣਾ ਸ਼ੁਰੂ ਹੋ ਜਾਂਦਾ ਹੈ ਤਾਂ ਸਿੱਖ ਸੰਗਤਾਂ ਬਿਨਾਂ ਕੋਈ ਪੈਸਾ ਖਰਚ ਕੀਤੇ ਗੁਰਬਾਣੀ ਦਾ ਲਾਹਾ ਲੈ ਸਕਦੀਆਂ ਹਨ। ਇਸ ਸਬੰਧ ’ਚ ਸਿੱਖ ਸੰਗਤ ਲੰਬੇ ਸਮੇਂ ਤੋਂ ਲਗਾਤਾਰ ਆਵਾਜ਼ ਉਠਾਉਂਦੀ ਆ ਰਹੀ ਹੈ। ਪਰ ਸ਼੍ਰੋਮਣੀ ਅਕਾਲੀ ਦਲ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਪਿਛਲੇ ਦਿਨੀਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਪੇਸ਼ ਕੀਤਾ ਗਿਆ ਸੀ ਤਾਂ ਅਸੀਂ ਉਸ ਸਮੇਂ ਵੀ ਸੰਪਾਦਕੀ ਰਾਹੀਂ ਇਹ ਮੁੱਦਾ ਉਠਾਇਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਮ ਸਿੱਖਾਂ ਲਈ ਕਿਹੜੀਆਂ ਸਹੂਲਤਾਂ ਦੇ ਰਹੀ ਹੈ। ਇਸ ਬਾਰੇ ਵਿਚਾਰ ਕੀਤਾ ਜਾਵੇ ਕਿਉਂਕਿ ਹੁਣ ਤੱਕ ਦੇਸ਼-ਵਿਦੇਸ਼ ਵਿਚ ਬੈਠੀਆਂ ਸਿੱਖ ਸੰਗਤਾਂ ਨੂੰ ਗੁਰਬਾਣੀ ਸੁਨਣ ਲਈ ਵੀ ਪੈਸੇ ਖਰਚ ਕਰਨਾ ਪੈਂਦਾ ਹੈ। ਆਮ ਸੰਗਤ ਨੂੰ ਗੁਰਬਾਣੀ ਸੁਣਨ ਲਈ ਪੈਸੇ ਨਾ ਖਰਚ ਕਰਨੇ ਪੈਣ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਚੈਨਲਾਂ ਤੋਂ ਵੀ ਗੁਰਬਾਣੀ ਦੇ ਪ੍ਰਸਾਰਣ ਦਾ ਪ੍ਰਬੰਧ ਕਰੇਗੀ? ਡੇਲੀ ਜਗਰਾਓ ਨਿਊਜ਼ ਵੱਲੋਂ ਉਠਾਈ ਗਈ ਆਵਾਜ਼ ਕਿਸੇ ਨਾ ਕਿਸੇ ਤਰ੍ਹਾਂ ਸਰਕਾਰ ਦੇ ਕੰਨਾਂ ਤੱਕ ਵੀ ਪਹੁੰਚੀ ਹੈ ਅਤੇ ਇਹ ਮਾਮਲਾ ਮੁੱਖ ਮੰਤਰੀ ਤੱਕ ਵੀ ਧਿਆਨ ਵਿਚ ਆਇਆ ਹੈ। ਇਸ ਲਈ ਭਾਵੇਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਇਸਦਾ ਵਿਰੋਧ ਕਰ ਰਹੀ ਹੈ ਪਰ ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਬਹੁਤੀਆਂ ਸੰਗਤਾਂ ਇਹ ਚਾਹੁੰਦੀਆਂ ਹਨ ਕਿ ਸਾਰੇ ਚੈਨਲਾਂ ’ਤੇ ਗੁਰਬਾਣੀ ਦਾ ਪ੍ਰਸਾਰਣ ਮੁਫ਼ਤ ਕੀਤਾ ਜਾਵੇ। ਇਹ ਬਹੁਤ ਹੀ ਹਾਸੋਹੀਣੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੂਜੇ ਚੈਨਲਾਂ ’ਤੇ ਗੁਰਬਾਣੀ ਦਾ ਪ੍ਰਸਾਰਣ ਨਾ ਕਰਨ ਲਈ ਇਹ ਤਰਕ ਦਿੰਦੇ ਹਨ ਕਿ ਚੈਨਲ ਗੁਰਬਾਣੀ ਦੇ ਪ੍ਰਸਾਰਣ ਦੌਰਾਨ ਇਤਰਾਜ਼ਯੋਗ ਇਸ਼ਤਿਹਾਰ ਦਿਖਾ ਸਕਦੇ ਹਨ। ਇਸ ਮਾਮਲੇ ’ਤੇ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਰਤਾਂ ਸਹਿਤ ਹੋਰਨਾਂ ਚੈਨਲਾਂ ਨੂੰ ਗੁਰਬਾਣੀ ਪ੍ਰਸਾਰਤ ਕਰਨ ਦੀ ਇਜਾਜਤ ਦੇ ਸਕਦੀ ਹੈ। ਵੈਸੇ ਕੋਈ ਵੀ ਚੈਨਲ ਜਦੋਂ ਗੁਰਬਾਣੀ ਦਾ ਪ੍ਰਸਾਰਣ ਕਰੇਗਾ ਤਾਂ ਉਸਨੂੰ ਇਸਦੀ ਮਾਣ ਮਰਿਯਾਦਾ ਦਾ ਵੀ ਗਿਆਨ ਹੋਵੇਗਾ। ਮੇਰੇ ਖਿਆਲ ਵਿੱਚ ਕੋਈ ਵੀ ਪ੍ਰਾਈਵੇਟ ਚੈਨਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਸ਼ਰਤ ਦੀ ਉਲੰਘਣਾ ਨਹੀਂ ਕਰੇਗਾ ਅਤੇ ਇੱਥੇ ਇੱਕ ਗੱਲ ਇਹ ਵੀ ਜ਼ਰੂਰੀ ਹੈ ਕਿ ਜਿਹੜੇ ਚੈਨਲ ਗੁਰਬਾਣੀ ਦਾ ਪ੍ਰਸਾਰਣ ਕਰਨਾ ਚਾਹੁੰਦੇ ਹਨ ਉਹ ਵੀ ਕਰਨ। ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦਾ ਇਸ਼ਤਿਹਾਰਾਂ ਵਾਲਾ ਤਰਕ ਬਿਲਕੁਲ ਹੀ ਬੇਬੁਨਿਆਦ ਹੈ। ਇਸ ਲਈ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਸਿਰਫ ਬਿਆਨਬਾਜੀ ਤੱਕ ਹੀ ਸੀਮਤ ਨਾ ਰਹਿ ਕੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੀਆਂ ਇਨ੍ਹਾਂ ਬੇ ਬੁਨਿਆਦ ਦਲੀਲਾਂ ਨੂੰ ਇਕ ਪਾਸੇ ਰੱਖ ਕੇ ਅਗਾਂਹ ਕਦਮ ਚੁੱਕੇ ਜਾਣ। ਦੂਜੇ ਚੈਨਲਾਂ ’ਤੇ ਗੁਰਬਾਣੀ ਦਾ ਪ੍ਰਸਾਰਣ ਸ਼ੁਰੂ ਕਰਵਾਇਆ ਜਾਵੇ ਕਿਉਂਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੀ ਧਰਮ ਦੇ ਠੇਕੇਦਾਰ ਨਹੀਂ ਹਨ। ਸਭ ਲੋਕਾਂ ਦਾ ਹੱਕ ਹੈ ਜੋ ਗੁਰਬਾਣੀ ਨਾਲ ਜੁੜਨਾ ਚਾਹੁੰਦੇ ਹਨ। ਇਸ ਲਈ ਸਿਰਫ਼ ਇੱਕ ਨਿੱਜੀ ਚੈਨਲ ਨੂੰ ਲਾਭ ਦੇਣ ਲਈ ਬਾਕੀ ਦੇਸ਼ ਅਤੇ ਵਿਦੇਸ਼ਾਂ ਵਿੱਚ ਬੈਠੀ ਸੰਗਤ ਨੂੰ ਗੁਰਬਾਣੀ ਤੋਂ ਦੂਰ ਰੱਖਣਾ ਕੌਮ ੇ ਹਿਤ ਵਿਚ ਨਹੀਂ ਹੈ। ਉਮੀਦ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਸਮੇਂ ਦੀ ਨਜਾਕਤ ਨੂੰ ਸਮਝਦੇ ਹੋਏ ਖੁਦ ਹੀ ਇਸ ਪਾਸੇ ਕਦਮ ਉਠਾਉਣਗੇ। ਜਿਵੇਂ ਕਿ ਉਹ ਕਹਿ ਰਹੇ ਹਨ ਕਿ ਇਸ ਕੰਮ ਵਿਚ ਸਰਕਾਰ ਦੀ ਮਦਦ ਦੀ ਲੋੜ ਨਹੀਂ ਹੈ। ਸ਼ਰੋਮਣੀ ਕਮੇਟੀ ਖੁਦ ਇਸ ਲਈ ਸਮਰੱਥ ਹੈ ਤਾਂ ਫਿਰ ਉਹ ਕਿਸਦੀ ਇਜਾਜਤ ਚਾਹੁੰਦੇ ਹਨ। ਸਮੁੱਚੀ ਸਿੱਖ ਸੰਗਤ ਇਹ ਪ੍ਰਸਾਰਨ ਹਰ ਚੈਨਲ ਤੇ ਦੇਖਣਾ ਚਾਬੰਦੀ ਹੈ ਤਾਂ ਉਨ੍ਹਾਂ ਨੂੰ ਕੌਮ ਅਤੇ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਜੋ ਪੈਸਾ ਲੱਗਣਾ ਹੈ ਉਹ ਸਿੱਖ ਸੰਗਤ ਦਾ ਹੀ ਹੈ। ਉਸਨੂੰ ਨੇਕ ਕੰਮ ਵਿਚ ਲਗਾ ਦੇਣਾ ਚਾਹੀਦਾ ਹੈ।
ਹਰਵਿੰਦਰ ਸਿੰਘ ਸੱਗੂ।