ਸੁਨਾਮ (ਮੋਹਿਤ- ਬੋਬੀ ਸਹਿਜਲ) ਸੁਨਾਮ ਦੀ ਜੂਹ ‘ਤੇ ਵਸੀ ਟਿੱਬੀ ਰਵਿਦਾਸਪੁਰਾ ਵਿਖੇ ਨਾਜਾਇਜ਼ ਉਸਾਰੀ ਰੋਕਣ ਲਈ ਗਏ ਵਕਫ਼ ਬੋਰਡ ਤੇ ਪੁਲਿਸ ਅਧਿਕਾਰੀਆਂ ’ਤੇ ਉੱਥੇ ਮੌਜੂਦ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਹਮਲੇ ਦੌਰਾਨ ਥਾਣਾ ਮੁਖੀ ਦੀ ਵਰਦੀ ਪਾੜ ਦਿੱਤੀ ਗਈ, ਪੁਲਿਸ ਦੀ ਗੱਡੀ ‘ਤੇ ਇੱਟਾਂ-ਰੋੜੇ ਮਾਰੇ ਗਏ।ਪੁਲਿਸ ਨੇ ਵਕਫ਼ ਬੋਰਡ ਦੇ ਅਧਿਕਾਰੀ ਵੱਲੋਂ ਦਿੱਤੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਚਾਰ ਜਣਿਆਂ ਖ਼ਿਲਾਫ਼ ਮੁਕੱਦਮਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਉਸਾਰੀ ਕਰ ਰਹੇ ਲੋਕਾਂ ਨੇ ਇਸ ਸਾਰੀ ਕਵਾਇਦ ਦਾ ਵਿਰੋਧ ਕਰਦਿਆਂ ਪੰਜਾਬ ਸਰਕਾਰ ’ਤੇ ਗ਼ਰੀਬਾਂ ਦਾ ਉਜਾੜਾ ਕਰਨ ਦੇ ਦੋਸ਼ ਲਾਏ। ਪੁਲਿਸ ਵੱਲੋਂ ਦਲਿਤ ਭਾਈਚਾਰੇ ਨੂੰ ਗਾਲੀ-ਗਲੋਚ ਕਰਨ ਅਤੇ ਕਥਿਤ ਤੌਰ ‘ਤੇ ਮਾਰਕੁੱਟ ਕੀਤੇ ਜਾਣ ਖ਼ਿਲਾਫ਼ ਮਜ਼ਦੂਰਾਂ ਨੇ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ ਹੇਠ ਥਾਣੇ ਅੱਗੇ ਧਰਨਾ ਦੇਕੇ ਨਾਅਰੇਬਾਜ਼ੀ ਕੀਤੀ।
ਪੁਲਿਸ ਕੋਲ ਦਰਜ਼ ਕਰਵਾਈ ਸ਼ਿਕਾਇਤ ਵਿੱਚ ਵਕਫ਼ ਬੋਰਡ ਸੰਗਰੂਰ ਦੇ ਅਸਟੇਟ ਅਫ਼ਸਰ ਬਹਾਰ ਅਹਿਮਦ ਨੇ ਕਿਹਾ ਕਿ ਟਿੱਬੀ ਰਵਿਦਾਸਪੁਰਾ ਵਿੱਚ ਵਕਫ਼ ਬੋਰਡ ਦੀ ਜ਼ਮੀਨ ’ਤੇ ਨਾਜਾਇਜ਼ ਉਸਾਰੀ ਚੱਲ ਰਹੀ ਸੀ। ਉਕਤ ਜ਼ਮੀਨ ਵਕਫ਼ ਬੋਰਡ ਤੋਂ ਲੀਜ਼ ‘ਤੇ ਨਹੀਂ ਲਈ ਗਈ । ਉਨ੍ਹਾਂ ਕਿਹਾ ਕਿ ਜਦੋਂ ਉਹ ਪੁਲਿਸ ਮੁਲਾਜ਼ਮਾਂ ਸਮੇਤ ਥਾਣਾ ਮੁਖੀ ਨਾਜਾਇਜ਼ ਉਸਾਰੀ ਵਾਲੀ ਥਾਂ ’ਤੇ ਪੁੱਜੇ ਤਾਂ ਉਥੇ ਉਸਾਰੀ ਕਰ ਰਹੇ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਐੱਸਐੱਚਓ ਦੀਪਇੰਦਰਪਾਲ ਸਿੰਘ ਜੇਜੀ ਦੀ ਵਰਦੀ ਪਾੜ ਦਿੱਤੀ ਗਈ ਅਤੇ ਪੁਲਿਸ ਵਾਹਨਾਂ ’ਤੇ ਪਥਰਾਅ ਕੀਤਾ ਗਿਆ। ਐੱਸਐੱਚਓ ਦੀਪਇੰਦਰਪਾਲ ਸਿੰਘ ਜੇਜੀ ਨੇ ਦੱਸਿਆ ਕਿ ਪੁਲਿਸ ਨੇ ਵਕਫ਼ ਬੋਰਡ ਦੇ ਅਧਿਕਾਰੀ ਦੇ ਬਿਆਨਾਂ ਦੇ ਆਧਾਰ ’ਤੇ ਜਗਤਾਰ ਸਿੰਘ, ਤਰਸੇਮ ਸਿੰਘ, ਸਿਮਰਨਜੀਤ ਕੌਰ ਅਤੇ ਗੁੱਡੀ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਗੋਬਿੰਦ ਸਿੰਘ ਛਾਜਲੀ ਦੀ ਅਗਵਾਈ ਹੇਠ ਲੋਕਾਂ ਨੇ ਇਸ ਸਾਰੀ ਕਾਰਵਾਈ ਦਾ ਵਿਰੋਧ ਕੀਤਾ। ਗੋਬਿੰਦ ਸਿੰਘ ਛਾਜਲੀ ਨੇ ਦੋਸ਼ ਲਾਇਆ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਗ਼ਰੀਬਾਂ ਨੂੰ ਉਜਾੜਨ ਦੇ ਰਾਹ ਤੁਰੀ ਹੋਈ ਹੈ। ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਆੜ ਵਿੱਚ ਗ਼ਰੀਬਾਂ ਨੂੰ ਮਕਾਨ ਬਣਾਉਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਮੁਕਤੀ ਮੋਰਚਾ ਸਰਕਾਰ ਦੀਆਂ ਅਜਿਹੀਆਂ ਮਜ਼ਦੂਰ ਮਾਰੂ ਨੀਤੀਆਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗੀ ਅਤੇ ਗ਼ਰੀਬਾਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰਹੇਗਾ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।