ਜਗਰਾਉਂ, 1 ਜੂਨ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਪੁਲਿਸ ਜ਼ਿਲ੍ਹਾ ਲੁਧਿਆਣਾ ਦੇਹਾਤ ਅਧੀਨ ਵੱਖ-ਵੱਖ ਪੁਲਿਸ ਪਾਰਟੀਆਂ ਵੱਲੋਂ 30 ਗ੍ਰਾਮ ਹੈਰੋਇਨ, 330 ਨਸ਼ੀਲੀਆਂ ਗੋਲੀਆਂ, 10 ਲੀਟਰ ਲਾਹਣ ਅਤੇ 13 ਬੋਤਲਾਂ ਨਜਾਇਜ਼ ਸ਼ਰਾਬ ਸਮੇਤ 4 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਥਾਣਾ ਸਿੱਧਵਾਂਬੇਟ ਦੇ ਏ.ਐਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਏ.ਐਸ.ਆਈ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਸਮੇਤ ਚੈਕਿੰਗ ਲਈ ਬੱਸ ਸਟੈਂਡ ਪਿੰਡ ਭੈਣੀ ਅਰਾਈਆਂ ਵਿਖੇ ਮੌਜੂਦ ਸਨ। ਉੱਥੇ ਸੂਚਨਾ ਮਿਲੀ ਸੀ ਕਿ ਸੁੱਚਾ ਸਿੰਘ ਅਤੇ ਗੁਰਮੀਤ ਸਿੰਘ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਜੋ ਹੈਰੋਇਨ ਦੀ ਸਪਲਾਈ ਕਰਨ ਲਈ ਲੁਧਿਆਣਾ ਤੋਂ ਪਿੰਡ ਤਲਵਾੜਾ ਵੱਲ ਆਪਣੇ ਮੋਟਰਸਾਈਕਲ ’ਤੇ ਆ ਰਹੇ ਹਨ। ਇਸ ਸਬੰਧੀ ਸੂਚਨਾ ਮਿਲਣ ’ਤੇ ਸੁੱਚਾ ਸਿੰਘ ਵਾਸੀ ਪਿੰਡ ਮਾਣੀਏਵਾਲ, ਜ਼ਿਲ੍ਹਾ ਲੁਧਿਆਣਾ ਅਤੇ ਗੁਰਮੀਤ ਸਿੰਘ ਉਰਫ਼ ਮੀਤਾ ਵਾਸੀ ਪਿੰਡ ਉਮਰੇਵਾਲਾ, ਜ਼ਿਲ੍ਹਾ ਜਲੰਧਰ ਨੂੰ ਬੱਸ ਸਟੈਂਡ ਪਿੰਡ ਤਲਵਾੜਾ ਕੋਲ ਨਾਕਾਬੰਦੀ ਕਰਕੇ 30 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਥਾਣਾ ਹਠੂਰ ਤੋਂ ਸਬ-ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਏਐਸਆਈ ਰਛਪਾਲ ਸਿੰਘ ਦੇ ਨਾਲ ਪਾਰਟੀ ਰਾਜਾ ਸਿੰਘ ਨਾਮ ਦੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਦਿੱਤੀ ਸ਼ਿਕਾਇਤ ਮਿਲੀ ਸੀ, ਜਿਸ ਵਿੱਚ ਉਨ੍ਹਾਂ ਰਣਜੀਤ ਸਿੰਘ ਉਰਫ਼ ਜੀਤਾ ਵਾਸੀ ਚਕਰ ਰੋਡ ਮੱਲਾ ’ਤੇ ਨਸ਼ਾ ਵੇਚਣ ਦਾ ਦੋਸ਼ ਲਾਇਆ ਸੀ। ਸ਼ਿਕਾਇਤ ਦੀ ਪੜਤਾਲ ਕਰਨ ਲਈ ਜਦੋਂ ਉਹ ਰਣਜੀਤ ਸਿੰਘ ਦੇ ਘਰ ਪੁੱਜੇ ਤਾਂ ਘਰ ਦੇ ਤੂੜੀ ਵਾਲੇ ਕਮਰੇ ਵਿੱਚ ਇੱਕ ਵਿਅਕਤੀ ਲੋਹੇ ਦੇ ਡਰੰਮ ਵਿੱਚ ਕੋਈ ਚੀਜ਼ ਕੱਢ ਰਿਹਾ ਸੀ, ਜੋ ਪੁਲੀਸ ਪਾਰਟੀ ਨੂੰ ਦੇਖ ਕੇ ਭੱਜਣ ਲੱਗਾ। ਜਦੋਂ ਉਸ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਨਾਮ ਰਣਜੀਤ ਸਿੰਘ ਦੱਸਿਆ ਅਤੇ ਉਸ ਕੋਲੋਂ ਲੋਹੇ ਦੇ ਡਰੰਮ ਵਿੱਚ 10 ਲੀਟਰ ਲਾਹਣ ਬਰਾਮਦ ਹੋਈ ਅਤੇ ਘਰ ਦੀ ਤਲਾਸ਼ੀ ਲੈਣ ’ਤੇ ਉਸ ਦੇ ਘਰ ਦੇ ਤੂੜੀ ਵਾਲੇ ਕਮਰੇ ਵਿੱਚੋਂ 330 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਥਾਣਾ ਸਦਰ ਰਾਏਕੋਟ ਤੋਂ ਸਬ-ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਚੈਕਿੰਗ ਲਈ ਟੀ-ਪੁਆਇੰਟ ਜਲਾਲਦੀਵਾਲ ਵਿਖੇ ਮੌਜੂਦ ਸੀ। ਉੱਥੇ ਸੂਚਨਾ ਮਿਲੀ ਕਿ ਅੰਮ੍ਰਿਤਪਾਲ ਸਿੰਘ ਆਪਣੇ ਘਰ ਵਿੱਚ ਠੇਕਾ ਸ਼ਰਾਬ ਬਾਹਰੋਂ ਲਿਆ ਕੇ ਵੇਚਦਾ ਹੈ। ਜਿਸ ਦੇ ਘਰ ਆਟਾ ਚੱਕੀ ਹੈ ਅਤੇ ਉਹ ਆਟਾ ਵੇਚਣ ਦੀ ਆੜ ਵਿੱਚ ਸ਼ਰਾਬ ਵੇਚਦਾ ਹੈ। ਇਸ ਸੂਚਨਾ ’ਤੇ ਅੰਮ੍ਰਿਤਪਾਲ ਸਿੰਘ ਦੇ ਘਰ ਛਾਪਾ ਮਾਰ ਕੇ 13 ਬੋਤਲਾਂ ਸ਼ਰਾਬ ਮਾਰਕਾ ਹੀਰ ਸੌਂਫੀ ਦੀਆਂ ਬਰਾਮਦ ਕੀਤੀਆਂ ਗਈਆਂ।