ਜਗਰਾਓਂ, 3 ਜੂਨ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਸੀ.ਆਈ.ਏ ਸਟਾਫ਼ ਅਤੇ ਥਾਣਾ ਸਦਰ ਦੀ ਪੁਲਿਸ ਪਾਰਟੀਆਂ ਵੱਲੋਂ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 258 ਗ੍ਰਾਮ ਹੈਰੋਇਨ ਅਤੇ 11 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਸੀਆਈਏ ਸਟਾਫ਼ ਦੇ ਸਬ-ਇੰਸਪੈਕਟਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਹ ਅਤੇ ਏਐਸਆਈ ਸੁਖਵਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਸਿੱਧਵਾਂਬੇਟ ਰੋਡ ’ਤੇ ਸਥਿਤ ਬਿਜਲੀ ਘਰ ਨੇੜੇ ਚੈਕਿੰਗ ਲਈ ਮੌਜੂਦ ਸਨ। ਉੱਥੇ ਸੂਚਨਾ ਮਿਲੀ ਸੀ ਕਿ ਪਿੰਡ ਖੁਰਸ਼ੈਦਪੁਰਾ ਦੀ ਰਹਿਣ ਵਾਲੀ ਕੌਸ਼ਲਿਆ ਕੌਰ ਉਰਫ਼ ਛੱਲੋ ਹੈਰੋਇਨ ਵੇਚਣ ਦਾ ਧੰਦਾ ਕਰਦੀ ਹੈ। ਜੋ ਹੈਰੋਇਨ ਸਪਲਾਈ ਕਰਨ ਲਈ ਬੱਸ ਸਟੈਂਡ ਪਿੰਡ ਰਾਮਗੜ੍ਹ ਭੁੱਲਰ ਵਿਖੇ ਖੜ੍ਹੇ ਆਪਣੇ ਗਾਹਕਾਂ ਦੀ ਉਡੀਕ ਕਰ ਰਹੀ ਹੈ। ਇਸ ਸੂਚਨਾ ’ਤੇ ਜੀ.ਟੀ.ਰੋਡ ਬੱਸ ਸਟੈਂਡ ਪਿੰਡ ਰਾਮਗੜ੍ਹ ਭੁੱਲਰ ਵਿਖੇ ਛਾਪਾ ਮਾਰ ਕੇ ਕੌਸ਼ਲਿਆ ਕੌਰ ਕੋਲੋਂ 258 ਗ੍ਰਾਮ ਹੈਰੋਇਨ, 7 ਛੋਟੇ ਪਾਰਦਰਸ਼ੀ ਲਿਫਾਫੇ, ਇਕ ਲੇਡੀਜ਼ ਪਰਸ ਅਤੇ ਇਕ ਛੋਟਾ ਇਲੈਕਟਰਾਨਿਕ ਕੰਡਾ ਬਰਾਮਦ ਕੀਤਾ ਗਿਆ। ਪੁਲੀਸ ਚੌਕੀ ਗਾਲਿਬ ਕਲਾਂ ਦੇ ਇੰਚਾਰਜ ਏਐਸਆਈ ਹਰਦੇਵ ਸਿੰਘ ਨੇ ਦੱਸਿਆ ਕਿ ਉਹ ਚੈਕਿੰਗ ਲਈ ਮੇਨ ਚੌਕ ਗਾਲਿਬ ਕਲਾ ਵਿਖੇ ਮੌਜੂਦ ਸਨ। ਉਥੇ ਇਤਲਾਹ ਮਿਲੀ ਕਿ ਜਗਰਾਜ ਸਿੰਘ ਵਾਸੀ ਪਿੰਡ ਸੰਗਤਪੁਰਾ ਢੈਪਈ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਜੋ ਕਿ ਜ਼ਿਲ੍ਹਾ ਮੋਗਾ ਦੇ ਚੂਹੜਚੱਕ ਠੇਕੇ ਤੋਂ ਨਾਜਾਇਜ਼ ਸ਼ਰਾਬ ਲੈ ਕੇ ਜੀ.ਟੀ.ਰੋਡ ਨਾਨਕਸਰ ਸਾਈਡ ਨੂੰ ਆਪਣੀ ਕਾਰ ’ਤੇ ਆ ਰਿਹਾ ਹੈ। ਇਸ ਸੂਚਨਾ ’ਤੇ ਨਾਕਾਬੰਦੀ ਦੌਰਾਨ ਜਗਰਾਜ ਸਿੰਘ ਨੂੰ ਵੱਖ-ਵੱਖ ਕਿਸਮ ਦੀਆਂ 11 ਪੇਟੀਆਂ ਸ਼ਰਾਬ ਸਮੇਤ ਕਾਬੂ ਕੀਤਾ ਗਿਆ।