Home crime ਏ ਐਸ ਆਈ ਗਾਗੇਵਾਲ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ

ਏ ਐਸ ਆਈ ਗਾਗੇਵਾਲ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ

69
0


ਗਰੀਬ ਆਟੋ ਚਾਲਕ ਤੋਂ ਲਏ ਪੰਦਰਾ ਸੌ ਰੁਪਏ ਕਰਵਾਏ ਵਾਪਸ
ਜਗਰਾਓਂ, 3 ਜੂਨ ( ਜਗਰੂਪ ਸੋਹੀ )-ਬਦਲਾਅ ਦੇ ਨਾਂ ’ਤੇ ਪੰਜਾਬ ’ਚ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਹੇਠਲੇ ਪੱਧਰ ਤੱਕ ਦੇ ਸਾਰੇ ਆਗੂ ਅਤੇ ਮੰਤਰੀ ਪੰਜਾਬ ’ਚੋਂ ਭ੍ਰਿਸ਼ਟਾਚਾਰ ਖਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ, ਪਰ ਜ਼ਮੀਨੀ ਪੱਧਰ ’ਤੇ ਭ੍ਰਿਸ਼ਟਾਚਾਰ ਦਾ ਪੂਰੀ ਤਰ੍ਹਾਂ ਬੋਲਬਾਲਾ ਹੈ ਅਤੇ ਉਹ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਦੇ ਸਾਰੇ ਰਿਕਾਰਡ ਤੋੜਦਾ ਨਜ਼ਰ ਆ ਰਿਹਾ ਹੈ। ਪਹਿਲਾਂ ਅਧਿਕਾਰੀ ਲੁਕ-ਛਿਪ ਕੇ ਦਲਾਲਾਂ ਰਾਹੀਂ ਪੈਸੇ ਮੰਗਦੇ ਸਨ। ਹੁਣ ਸ਼ਰੇਆਮ ਧਮਕੀਆਂ ਦੇ ਕੇ ਪੈਸੇ ਮੰਗ ਰਹੇ ਹਨ। ਇਸ ਦੀ ਇੱਕ ਹੋਰ ਉਦਾਹਰਨ ਏ.ਐਸ.ਆਈ ਗੁਰਮੀਤ ਸਿੰਘ ਗਾਗੇਵਾਲ ਤੋਂ ਮਿਲਦੀ ਹੈ, ਜੋ ਕਿ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਅਧੀਨ ਥਾਣਾ ਸੁਧਾਰ ਵਿੱਚ ਤਾਇਨਾਤ ਸਨ। ਜਿਸ ਨੇ ਇੱਕ ਗਰੀਬ ਆਟੋ ਚਾਲਕ ਤੋਂ ਡਰਾ ਧਮਕਾ ਕੇ ਪੈਸੇ ਲੈ ਲਏ ਅਤੇ ਜਦੋਂ ਆਟੋ ਚਾਲਕ ਵੱਲੋਂ ਇਹ ਮਾਮਲਾ ਸਮਾਜ ਸੇਵੀ ਸੰਸਥਾ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਸ ਨੇ ਏ.ਐਸ.ਆਈ ਤੋਂ ਰਿਸ਼ਵਤ ਵਜੋਂ ਲਏ ਪੈਸੇ ਵਾਪਸ ਕਰਵਾਏ। ਜਿਸ ਦੀ ਸਾਰੀ ਕਾਰਵਾਈ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਸਬੰਧੀ ਕਰਤਾਰ ਸਿੰਘ ਸਰਾਭਾ ਚੈਰੀਟੇਬਲ ਟਰੱਸਟ ਦੇ ਆਗੂ ਸੁਖਵਿੰਦਰ ਸਿੰਘ ਹਲਵਾਰਾ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਪ੍ਰਿਤਪਾਲ ਸਿੰਘ ਨਾਮਕ ਆਟੋ ਚਾਲਕ ਦਾ ਆਟੋ ਚੋਰੀ ਹੋ ਗਿਆ ਸੀ। ਜਿਸ ਦੀ ਰਿਪੋਰਟ ਉਸ ਨੇ ਥਾਣਾ ਸੁਧਾਰ ਵਿੱਚ ਦਿੱਤੀ ਹੈ। ਆਟੋ ਚਾਲਕ ਪ੍ਰਿਤਪਾਲ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਏਐਸਆਈ ਗੁਰਮੀਤ ਸਿੰਘ ਪਹਿਲਾਂ ਵੀ ਆਟੋ ਬਰਾਮਦ ਕਰਵਾਉਣ ਦੇ ਨਾਂ ’ਤੇ ਉਸ ਤੋਂ 2500 ਰੁਪਏ ਲੈ ਚੁੱਕਾ ਹੈ। ਸ਼ੁੱਕਰਵਾਰ ਨੂੰ ਵੀ ਉਸ ਨੇ ਇਸੇ ਸਬੰਧ ਵਿਚ ਉਸ ਨੂੰ ਮਿਲਣ ਲਈ ਕਿਹਾ ਅਤੇ ਉਸ ਤੋਂ ਇਹ ਕਹਿ ਕੇ 2500 ਰੁਪਏ ਦੀ ਮੰਗ ਕੀਤੀ ਕਿ ਉਸ ਦੇ ਦੋਸਤ ਆਏ ਹਨ ਅਤੇ ਉਨ੍ਹਾਂ ਨੇ ਹੋਟਲ ਵਿਚ ਪਾਰਟੀ ਕਰਨੀ ਹੈ। ਜਦੋਂ ਆਟੋ ਚਾਲਕ ਨੇ ਇੰਨੇ ਪੈਸੇ ਦੇਣ ਤੋਂ ਅਸਮਰੱਥਾ ਜ਼ਾਹਰ ਕੀਤੀ ਤਾਂ ਮਾਮਲਾ 1500 ਰੁਪਏ ਵਿੱਚ ਤੈਅ ਹੋ ਗਿਆ। ਪ੍ਰਿਤਪਾਲ ਸਿੰਘ ਨੇ ਇਸ ਸਬੰਧੀ ਸੁਖਵਿੰਦਰ ਸਿੰਘ ਹਲਵਾਰਾ ਨਾਲ ਸੰਪਰਕ ਕਰਕੇ ਮਦਦ ਕਰਨ ਲਈ ਕਿਹਾ। ਜਿਸ ’ਤੇ ਉਸ ਨੇ ਏ.ਐੱਸ.ਆਈ. ਨੂੰ ਦੇਣ ਵਾਲੇ ਰੁਪਈਆਂ ਦੀ ਫੋਟੋ ਕਾਪੀ ਕਰਵਾ ਕੇ ਆਪਣੇ ਕੋਲ ਰੱਖ ਲਈ ਅਤੇ ਏ.ਐੱਸ.ਆਈ ਗਾਗੇਵਾਲ ਨੂੰ ਪ੍ਰਿਤਪਾਲ ਸਿੰਘ ਨੇ ਪੈਸੇ ਦੇਣ ਲਈ ਹਲਵਾਰਾ ਬੱਸ ਅੱਡੇ ਤੇ ਬੁਲਾਇਆ। ਸ਼ਾਮ ਨੂੰ ਆਪਣੀ ਕਾਰ ਵਿੱਚ ਏ.ਐਸ.ਆਈ ਪੈਸੇ ਲੈਣ ਲਈ ਉਹ ਉਥੇ ਪਹੁੰਚਿਆ ਅਤੇ ਉਸ ਨੇ ਆਟੋ ਚਾਲਕ ਤੋਂ 1500 ਰੁਪਏ ਲੈ ਕੇ ਆਪਣੀ ਜੇਬ ਵਿਚ ਪਾ ਲਏ। ਉਸੇ ਸਮੇਂ ਸੁਖਵਿੰਦਰ ਸਿੰਘ ਹਲਵਾਰਾ ਨੇ ਸਾਥੀਆਂ ਸਮੇਤ ਕਾਰ ਵਿੱਚ ਆਏ ਏਐਸਆਈ ਨੂੰ ਘੇਰ ਲਿਆ ਅਤੇ ਉਸ ਨੂੰ ਗਰੀਬ ਆਟੋ ਚਾਲਕ ਤੋਂ ਲਏ ਪੈਸੇ ਵਾਪਸ ਕਰਨ ਲਈ ਕਿਹਾ। ਪਰ ਉਸ ਨੇ ਟਾਲ-ਮਟੋਲ ਸ਼ੁਰੂ ਕਰ ਦਿੱਤੀ ਅਤੇ ਚਲਾਕੀ ਨਾਲ ਪੈਸੇ ਦੂਜੀ ਸੀਟ ਦੇ ਹੇਠਾਂ ਸੁੱਟ ਦਿੱਤੇ। ਸਾਰੇ ਲੋਕਾਂ ਨੇ ਸੜਕ ’ਤੇ ਧਰਨਾ ਦੇ ਕੇ ਪੁਲਿਸ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਫੋਨ ਕਰਕੇ ਮੌਕੇ ਤੇ ਉੱਚ ਅਧਿਕਾਰੀਆਂ ਨੂੰ ਬੁਲਾਉਣ ਲਈ ਕਿਹਾ ਤਾਂ ਏ.ਐਸ.ਆਈ ਨੇ ਪਹਿਲਾਂ ਤਾਂ ਆਪਣੀ ਜੇਬ ’ਚੋਂ ਹੋਰ ਪੈਸੇ ਦੇਣੇ ਸ਼ੁਰੂ ਕਰ ਦਿੱਤੇ, ਫਿਰ ਲੋਕਾਂ ਨੇ ਕਿਹਾ ਕਿ ਆਟੋ ਚਾਲਕ ਤੋਂ ਜੋ ਪੈਸੇ ਲਏ ਹਨ,ਉਸਦੀ ਉਨ੍ਹਾਂ ਕੋਲ ਫੋਟੋਕਾਪੀ ਹੈ। ਇਸ ਲਈ ਉਹ ਉਹੀ ਪੈਸੇ ਚਾਹੁੰਦੇ ਹਨ। ਮਾਮਲਾ ਵਿਗੜਦਾ ਦੇਖ ਕੇ ਏ.ਐਸ.ਆਈ ਨੇ ਦੂਜੀ ਸੀਟ ਦੇ ਹੇਠਾਂ ਸੁੱਟੇ 1500 ਰੁਪਏ ੳਨ੍ਹਾਂ ਨੂੰ ਵਾਪਸ ਕਰ ਦਿੱਤੇ। ਉਨ੍ਹਾਂ ਪੈਸਿਆਂ ਦੇ ਫੋਟੋਸਟੇਟ ਨਾਲ ਮੌਕੇ ’ਤੇ ਹੀ ਨੰਬਰ ਪੂਰੀ ਤਰ੍ਹਾਂ ਮਿਲਾਏ ਗਏ।
ਕੀ ਕਹਿਣਾ ਹੈ ਡੀਐਸਪੀ ਦਾ- ਇਸ ਸਬੰਧੀ ਥਾਣਾ ਦਾਖਾ ਦੇ ਡੀਐਸਪੀ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਰਾਤ ਹੀ ਥਾਣਾ ਸੁਧਾਰ ਦੇ ਇੰਚਾਰਜ ਜਰਨੈਲ ਸਿੰਘ ਵੱਲੋਂ ਇਸ ਸਬੰਧੀ ਸੂਚਨਾ ਦਿੱਤੀ ਗਈ ਸੀ। ਜਿਸ ’ਤੇ ਏ.ਐਸ.ਆਈ ਗੁਰਮੀਤ ਸਿੰਘ ਗਾਗੇਵਾਲ ਨੂੰ ਥਾਣਾ ਸੁਧਾਰ ਤੋਂ ਹਟਾ ਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਇਸ ਦੀ ਰਿਪੋਰਟ ਤਿਆਰ ਕਰਕੇ ਐਸਐਸਪੀ ਨੂੰ ਭੇਜੀ ਜਾਵੇਗੀ ਅਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here