ਖੰਨਾ (ਅਸਵਨੀ-ਧਰਮਿੰਦਰ) ਖੰਨਾ ਦੇ ਪਾਇਲ ਇਲਾਕੇ ‘ਚ ਚੱਲ ਰਹੇ ਗ਼ੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ‘ਚ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਲਾਸ਼ ਨੂੰ ਨਹਿਰ ‘ਚ ਸੁੱਟ ਦਿੱਤਾ ਗਿਆ। ਕਰੀਬ ਡੇਢ ਮਹੀਨੇ ਤੱਕ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦਾ ਕੋਈ ਥਹੁ-ਪਤਾ ਵੀ ਨਹੀਂ ਲੱਗਾ। ਜਦੋਂ ਪੁਲਿਸ ਨੇ ਲਾਪਤਾ ਨੌਜਵਾਨ ਦੀ ਭਾਲ ਸ਼ੁਰੂ ਕੀਤੀ ਤਾਂ ਡੇਢ ਮਹੀਨੇ ਸੱਚਾਈ ਸਾਹਮਣੇ ਆਈ ਕਿ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਪਾਇਲ ਥਾਣੇ ’ਚ ਪੰਜ ਵਿਅਕਤੀਆਂ ਪ੍ਰਨੀਤ ਸਿੰਘ, ਹਰਮਨਪ੍ਰੀਤ ਸਿੰਘ, ਉਸ ਦੇ ਭਰਾ ਵਿਕਰਮ ਸਿੰਘ ਵਿੱਕੀ, ਗੁਰਵਿੰਦਰ ਸਿੰਘ ਗਿੰਦਾ ਅਤੇ ਪ੍ਰਦੀਪ ਸਿੰਘ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ।
ਜਾਣਕਾਰੀ ਮੁਤਾਬਕ, ਪਾਇਲ ਦੇ ਕੱਦੋਂ ਰੋਡ ‘ਤੇ ਗੁਰੂ ਕ੍ਰਿਪਾ ਵਿਦਿਆਲਿਆ ਦੇ ਨਾਂ ‘ਤੇ ਇੱਕ ਘਰ ‘ਚ ਨਾਜਾਇਜ਼ ਤੌਰ ‘ਤੇ ਨਸ਼ਾ ਛੁਡਾਊ ਕੇਂਦਰ ਚੱਲ ਰਿਹਾ ਸੀ। ਅੰਮ੍ਰਿਤਸਰ ਦਾ ਰਹਿਣ ਵਾਲਾ ਅਮਨਦੀਪ ਸਿੰਘ ਕਰੀਬ ਦੋ ਮਹੀਨੇ ਪਹਿਲਾਂ ਇੱਥੇ ਦਾਖਲ ਹੋਇਆ ਸੀ। ਅੰਮ੍ਰਿਤਸਰ ਦੇ ਫਤਹਿ ਸਿੰਘ ਨੂੰ ਕਰੀਬ ਪੰਜ ਮਹੀਨੇ ਇਸ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਸੀ। ਸੈਂਟਰ ਵਿੱਚ ਦਾਖ਼ਲ ਨੌਜਵਾਨਾਂ ਨਾਲ ਅਣਮਨੁੱਖੀ ਸਲੂਕ ਕੀਤਾ ਜਾਂਦਾ ਸੀ। ਕੰਮ ਨਾ ਕਰਨ ‘ਤੇ ਕੁੱਟਮਾਰ ਕਰਦੇ ਸਨ। 21 ਅਪ੍ਰੈਲ ਨੂੰ ਅਮਨਦੀਪ ਸਿੰਘ ਨੂੰ ਕੱਪੜੇ ਧੋਣ ਲਈ ਲਾਇਆ ਗਿਆ ਸੀ।