ਵਿਕਾਸ ਮਠਾੜੂ ਦੀ ਵਿਸ਼ੇਸ਼ ਰਿਪੋਰਟ..
ਪੰਜਾਬੀ ਅਦਬੀ ਸੰਗਤ ਲਾਹੌਰ(ਪਾਕਿਸਤਾਨ) ਵੱਲੋਂ ਬੀਤੀ ਸ਼ਾਮ ਗੁਰਭਜਨ ਸਿੰਘ ਗਿੱਲ ਦੀ ਕਾਵਿ ਕਿਤਾਬ “ਖ਼ੈਰ ਪੰਜਾਂ ਪਾਣੀਆਂ ਦੀ” ਬਾਰੇ ਪੰਜਾਬ ਇੰਸਟੀਚਿਊਟ ਆਫ ਲੈਂਗੂਏਜ਼ ਐਂਡ ਕਲਚਰ(ਪਿਲਾਕ) ਵਿਖੇ ਉਚੇਚਾ ਵਿਚਾਰ ਚਰਚਾ ਸਮਾਰੋਹ ਕਰਵਾਇਆ ਗਿਆ। ਹਿੰਮਤ ਬਾਬਾ ਨਜਮੀ, ਅਮਜਦ ਸਲੀਮ ਮਿਨਹਾਸ, ਅਫ਼ਜ਼ਲ ਸਾਹਿਰ, ਅਲੀ ਉਸਮਾਨ ਬਾਜਵਾ ਤੇ ਇਕਬਾਲ ਕੈਸਰ ਵਰਗੇ ਮਿੱਤਰਾਂ ਦੀ ਸੀ।
ਤਸਵੀਰਾਂ ਦੀ ਰੌਣਕ ਤੋਂ ਲੱਗਦੈ ਕਿ ਪੰਜਾਬ ਦੀਆਂ ਨਾਮਵਰ ਅਦਬੀ ਸ਼ਖਸੀਅਤਾਂ ਹਾਜ਼ਰ ਹਨ। ਆਸਿਫ਼ ਰਜ਼ਾ ਨੇ ਇਸ ਕਿਤਾਬ ਦਾ ਸ਼ਾਹਮੁਖੀ ਸਰੂਪ ਤਿਆਰ ਕੀਤਾ ਹੈ ਤੇ ਟਾਈਟਲ ਸ਼ਿੰਗਾਰ ਸੱਜਾ ਵੀ।
ਇਹ ਕਿਤਾਬ ਹਿੰਦ ਪਾਕਿ ਰਿਸ਼ਤਿਆਂ ਨੂੰ ਕੇਂਦਰ ਵਿੱਚ ਰੱਖ ਕੇ ਲਿਖੀ ਗਈ ਸ਼ਾਇਰੀ ਦਾ ਸੰਗ੍ਰਹਿ ਹੈ ਜੋ ਪਹਿਲਾਂ 2005 ਵਿੱਚ ਗੁਰਮੁਖੀ ਤੇ ਸ਼ਾਹਮੁਖੀ ਚ ਇਕੱਠੀ ਛਪੀ ਸੀ। ਉਦੋਂ ਇਸ ਦਾ ਲਿਪੀਅੰਤਰ ਉਰਦੂ ਸ਼ਾਇਰ ਜਨਾਬ ਸਰਦਾਰ ਪੰਛੀ ਜੀ ਨੇ ਕੀਤਾ ਸੀ। ਛਾਪਣ ਦੀ ਹਿੰਮਤ ਮੀਰ ਦੇ ਸੰਪਾਦਕ ਸੁਰਗਵਾਸੀ ਵੀਰ ਪੁਰਦਮਨ ਸਿੰਘ ਬੇਦੀ ਨੇ ਕੀਤੀ ਸੀ। ਹੁਣ ਇਹ ਨਿਰੋਲ ਗੁਰਮੁਖੀ ਚ ਵੱਖਰੀ ਏਧਰ ਪਿਛਲੇ ਸਾਲ ਛਪੀ ਸੀ ਤੇ ਹੁਣ ਸ਼ਾਹਮੁਖੀ ਚ ਦੋਹਾਂ ਦੇਸ਼ਾਂ ਵਿੱਚ ਪ੍ਰਕਾਸ਼ਮਾਨ ਹੋਈ ਹੈ।
ਮੇਰੇ ਲਈ ਸੱਚਮੁੱਚ ਕੱਲ੍ਹ ਦੀ ਸ਼ਾਮ ਬਹੁਤ ਹੀ ਵੱਡੇ ਮਹੱਤਵ ਵਾਲੀ ਸੀ।
ਮੈਂ ਭਾਵੇਂ ਓਥੇ ਸਰੀਰਕ ਰੂਪ ਚ ਹਾਜ਼ਰ ਨਹੀ ਸਾਂ ਪਰ ਆਪਣੇ ਸੱਜਣਾਂ ਦੀ ਰੂਹ ਵਿੱਚ ਮੈਂ ਹੀ ਰਮਿਆ ਹੋਇਆ ਸਾਂ।
ਆਸਿਫ਼ ਰਜ਼ਾ ਸ਼ੇਖੂਪੁਰਿਓਂ ਅੱਖ ਦੀ ਮੁਸੀਬਤ ਕਰਕੇ ਨਾ ਜਾ ਸਕਿਆ, ਬੁਸ਼ਰਾ ਨਾਜ਼ ਫੈਸਲਾਬਾਦ ਵਿੱਚ ਸਿਹਤਯਾਬ ਨਾ ਹੋਣ ਕਾਰਨ ਸ਼ਾਮਿਲ ਨਾ ਹੋ ਸਕੀ। ਨਿੱਕੀ ਭੈਣ ਰੁਖ਼ਸਾਨਾ ਭੱਟੀ ਐਡਵੋਕੇਟ ਆਪਣੇ ਵੀਰ ਦੀ ਬੀਮਾਰਪੁਰਸੀ ਚ ਲੱਗੀ ਰਹੀ ਸਰਗੋਧੇ। ਸਭਨਾਂ ਨੇ ਆਪੋ ਆਪਣੀ ਮਜਬੂਰੀ ਦੱਸੀ। ਪਰ ਇਹ ਸਾਰੇ ਗ਼ੈਰ ਹਾਜ਼ਰ ਹੋ ਕੇ ਵੀ ਹਾਜ਼ਰ ਨੇ।
ਲੱਖ ਸ਼ੁਕਰਾਨਾ ਦੋਸਤੋ!
ਕਿਤਾਬ ਨੂੰ ਮੋਹ ਪਿਆਰ ਦੇਣ ਲਈ।
ਗੁਰਭਜਨ ਸਿੰਘ ਗਿੱਲ।