Home crime ਜਗਰਾਉਂ ’ਚ ਫਿਰੌਤੀ ਦੇ ਮਾਮਲੇ ’ਚ ਗੈਂਗਸਟਰ ਅਰਸ਼ ਡਾਲਾ ਦੇ ਸਾਥੀ ਦੋ...

ਜਗਰਾਉਂ ’ਚ ਫਿਰੌਤੀ ਦੇ ਮਾਮਲੇ ’ਚ ਗੈਂਗਸਟਰ ਅਰਸ਼ ਡਾਲਾ ਦੇ ਸਾਥੀ ਦੋ ਗੈਂਗਸਟਰ ਗ੍ਰਿਫਤਾਰ

93
0


ਦਿੱਲੀ ਦੀ ਤਿਹਾੜ ਜੇਲ੍ਹ ਨੇ ਪ੍ਰੋਟਕਸ਼ਨ ਵਾਰੰਟ ’ਤੇ ਲਿਆ ਕੇ 20 ਤੱਕ ਦਾ ਪੁਲਿਸ ਰਿਮਾਂਡ ਹਾਸਲ ਕੀਤਾ
ਜਗਰਾਓਂ, 15 ਜੂਨ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-26 ਜਨਵਰੀ 2023 ਨੂੰ ਜਗਰਾਉਂ ਵਾਸੀ ਇਕ ਕਰਿਆਨਾ ਵਪਾਰੀ ਤੋਂ 30 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਫੋਨ ਆਉਣ ’ਤੇ ਉਸ ਦੇ ਬਿਆਨਾਂ ’ਤੇ ਜਗਤਾਰ ਸਿੰਘ ਵਾਸੀ ਤਲਵੰਡੀ ਭਾਈਕੇ, ਉਸਦੇ ਸਾਥੀ ਅਮਨਦੀਪ ਸਿੰਘ ਉਰਫ਼ ਅਮਨਾ ਵਾਸੀ ਚੂਹੜਚੱਕ, ਫਿਲਪਾਈਨਜ਼ ( ਮਨੀਲਾ ) ਬੈਠੇ ਹੋਏ ਜਗਤਾਰ ਸਿੰਘ ਦੇ ਭਰਾ ਅਮਰੀਕ ਸਿੰਘ ਵਾਸੀ ਪਿੰਡ ਫੇਰੂਕੇ ਜ਼ਿਲ੍ਹਾ ਫਿਰੋਜ਼ਪੁਰ , ਉਸ਼ਦੇ ਸਾਥੀ ਮਨਪ੍ਰੀਤ ਸਿੰਘ ਉਰਫ਼ ਪੀਤਾ ਅਤੇ ਕਨੇਡਾ ਬੈਠੇ ਗੈਂਗਸਟਰ ਅਰਸ਼ ਡਾਲਾ ਨੂੰ ਇਸ ਮੁਕਦਮੇ ਵਿਚ ਨਾਮਜਦ ਕਰਕੇ ਧਾਰਾ 307 (ਜੋ ਪੁਲਿਸ ਪਾਰਟੀ ’ਤੇ ਫਾਇਰਿੰਗ ਕਰਨ ਦੇ ਦੋਸ਼ ਤਹਿਤ ਲਗਾਈ ਗਈ ਸੀ), ਧਾਰਾ 387, 353, 186 ਆਈਪੀਸੀ ਅਤੇ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਮਨੀਲਾ ਵਿੱਚ ਰਹਿੰਦੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਦੀ ਮਾਸੀ ਦੇ ਲੜਕੇ ਅੰਮ੍ਰਿਤਪਾਲ ਸਿੰਘ ਉਰਫ਼ ਐਮੀ ਨੂੰ ਵੀ ਨਾਮਜ਼ਦ ਕੀਤਾ ਸੀ। ਅਮਰੀਕ ਸਿੰਘ ਵਾਸੀ ਪਿੰਡ ਫੇਰੂਕੇ ਜ਼ਿਲ੍ਹਾ ਫਿਰੋਜ਼ਪੁਰ ਅਤੇ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਨਵਾਂ ਚੰਦ ਜ਼ਿਲ੍ਹਾ ਮੋਗਾ ਜੋ ਕਿ ਮਨੀਲਾ ਵਿੱਚ ਰਹਿ ਰਹੇ ਸਨ ਅਤੇ ਭਾਰਤ ਪਰਤਣ ਸਮੇਂ ਐਨਆਈਏ ਦੀ ਟੀਮ ਨੇ ਏਅਰਪੋਰਟ ਤੋਂ ਹੀ ਗ੍ਰਿਫ਼ਤਾਰ ਕਰ ਲਿਆ। ਜਗਰਾਉਂ ਪੁਲਿਸ ਦੋਵਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪ੍ਰੋਟੈਕਸ਼ਨ ਵਾਰੰਟ ’ਤੇ ਲੈ ਕੇ ਆਈ ਹੈ। ਇਸ ਮਾਮਲੇ ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੋਵਾਂ ਨੂੰ ਪੁੱਛਗਿੱਛ ਲਈ ਅਦਾਲਤ ਵਿੱਚ ਪੇਸ਼ ਕਰਕੇ 20 ਜੂਨ ਤੱਕ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਮਾਮਲੇ ’ਚ ਕੈਨੇਡਾ ਬੈਠੇ ਅਰਸ਼ ਡਾਲਾ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਇਹ ਸੀ ਮਾਮਲਾ- ਪਿਛਲੇ ਕਾਫੀ ਸਮੇਂ ਤੋਂ ਗੈਂਗਸਟਰ ਅਰਸ਼ ਡਾਲਾ (ਜਿਸ ਨੂੰ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਅੱਤਵਾਦੀ ਐਲਾਨਿਆ ਗਿਆ ਹੈ) ਦੇ ਨਾਂ ’ਤੇ ਕਾਰੋਬਾਰੀਆਂ ਅਤੇ ਉੱਘੇ ਲੋਕਾਂ ਤੋਂ ਲੱਖਾਂ ਰੁਪਏ ਦੀ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਸਨ। ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਆਏ ਫੋਨ ਕਾਲ ਸਮੇਤ ਜਨਵਰੀ 2023 ਨੂੰ ਜਗਰਾਓਂ ਦੇ ਇੱਕ ਕਰਿਆਨੇ ਦੇ ਵਪਾਰੀ ਨੂੰ 30 ਲੱਖ ਰੁਪਏ ਦੀ ਫਿਰੌਤੀ ਦੇਣ ਦਾ ਫੋਨ ਆ ਰਿਹਾ ਸੀ। ਇਸ ਸਬੰਧੀ ਵਪਾਰੀ ਵੱਲੋਂ ਪੁਲੀਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲੀਸ ਵੱਲੋਂ ਇਸਦੀ ਜਾਂਚ ਸ਼ੁਰੂ ਕਰ ਦਿਤੀ ਗਈ। ਕਾਲ ਕਰਨ ਵਾਲਿਆਂ ਨੂੰ ਫਿਰੌਤੀ ਦੀ ਰਕਮ ਅਦਾ ਕਰਨ ਲਈ ਜਗਰਾਓਂ ਦੇ ਨਜਦੀਕ ਸਥਿਤ ਗੁਰਸਰ ਕਾਉਂਕੇ ਦੇ ਸੁੰਨਸਾਨ ਭੱਠੇ ’ਤੇ ਬੁਲਾਇਆ ਗਿਆ ਸੀ। ਉਸ ਨੇ ਕਾਰੋਬਾਰੀ ਨੂੰ 15 ਲੱਖ ਰੁਪਏ ਉੱਥੇ ਇੱਕ ਬੈਗ ਵਿੱਚ ਰੱਖਣ ਲਈ ਕਿਹਾ ਸੀ। ਉਸ ਸਮੇਂ ਸੀਆਈਏ ਸਟਾਫ਼ ਦੇ ਡੀਐਸਪੀ ਦਲਬੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਇਲਾਕੇ ਵਿੱਚ ਪੂਰੀ ਤਰ੍ਹਾਂ ਜਾਲ ਵਿਛਾਇਆ ਹੋਇਆ ਸੀ। ਜਿਵੇਂ ਹੀ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀ ਜੋ ਫਿਰੌਤੀ ਦੀ ਰਕਮ ਲੈਣ ਆਏ ਸਨ, ਨੂੰ ਪੁਲਿਸ ਨੇ ਘੇਰ ਲਿਆ। ਜਿਸ ’ਤੇ ਉਹ ਆਪਣਾ ਸੀਟੀ 100 ਮੋਟਰਸਾਈਕਲ ਲੈ ਕੇ ਗੁਰਦੁਆਰਾ ਬੇਗਮਪੁਰਾ ਸਾਹਿਬ ਦੇ ਨਜਦੀਕ ਸੇਮ ਵੱਲ ਭੱਜਣ ਲੱਗਾ। ਮੋਟਰਸਾਈਕਲ ਸਵਾਰ ਵਿਅਕਤੀ ਵੱਲੋਂ ਪੁਲਿਸ ’ਤੇ 2-3 ਗੋਲੀਆਂ ਚਲਾਈਆਂ ਗਈਆਂ। ਆਪਣਾ ਬਚਾਅ ਕਰਦੇ ਹੋਏ ਪੁਲਿਸ ਨੇ ਵੀ ਜਵਾਬੀ ਗੋਲੀਬਾਰੀ ਕੀਤੀ। ਜਿਸ ਵਿੱਚ ਮੋਟਰਸਾਈਕਲ ਦੇ ਪਿੱਛੇ ਬੈਠੇ ਜਗਤਾਰ ਸਿੰਘ ਵਾਸੀ ਕਲਵੰਡੀ ਭਾਈਕੇ ਦੀ ਲੱਤ ’ਤੇ ਗੋਲੀ ਲੱਗ ਗਈ ਅਤੇ ਉਹ ਮੋਟਰਸਾਈਕਲ ਤੋਂ ਹੇਠਾਂ ਡਿੱਗ ਗਿਆ। ਮੋਟਰਸਾਈਕਲ ਸਵਾਰ ਵਿਅਕਤੀ ਮੋਟਰਸਾਈਕਲ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਗੋਲੀ ਲੱਗਣ ਨਾਲ ਜ਼ਖਮੀ ਜਗਤਾਰ ਸਿੰਘ ਨੂੰ ਪੁਲਸ ਨੇ ਹਿਰਾਸਤ ’ਚ ਲੈ ਲਿਆ ਹੈ। ਉਸ ਕੋਲੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਫਿਰੌਤੀ ਦੀ ਰਕਮ ਵਸੂਲਣ ਆਏ ਦੋਵੇਂ ਮੁਲਜ਼ਮ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ। ਦੋਵਾਂ ਦੀ ਪਹਿਲਾਂ ਕੋਈ ਪਛਾਣ ਨਹੀਂ ਸੀ। ਘਟਨਾ ਵਾਪਰਨ ਤੱਕ ਦੋਵੇਂ ਇੱਕ ਦੂਜੇ ਤੋਂ ਅਣਜਾਣ ਸਨ। ਉਸ ਦਾ ਭਰਾ ਅਮਰੀਕ ਸਿੰਘ (ਜੋ ਹੁਣ ਗ੍ਰਿਫ਼ਤਾਰ ਹੋ ਚੁੱਕਾ ਹੈ) ਫਿਲੀਪੀਨਜ਼ (ਮਨੀਲਾ) ਵਿਚ ਬੈਠਾ ਜਗਤਾਰ ਸਿੰਘ ਨੂੰ ਫ਼ੋਨ ’ਤੇ ਹੁਕਮ ਦਿੰਦਾ ਸੀ ਕਿ ਤੁਸੀਂ ਇਸ ਥਾਂ ’ਤੇ ਪਹੁੰਚ ਜਾਓ ਜਿੱਥੇ ਤੁਹਾਨੂੰ ਕੋਈ ਆਦਮੀ ਮਿਲੇਗਾ। ਇਸੇ ਤਰ੍ਹਾਂ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਨਯਾ ਚੰਦ (ਜਿਸ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਗਿਆ ਹੈ) ਅਮਨਦੀਪ ਸਿੰਘ ਨੂੰ ਹੁਕਮ ਦਿੰਦਾ ਸੀ।

LEAVE A REPLY

Please enter your comment!
Please enter your name here