ਜਗਰਾਓਂ, 18 ਜੂਨ ( ਜਗਰੂਪ ਸੋਹੀ, ਅਸ਼ਵਨੀ )-ਸੀ.ਆਈ.ਏ ਸਟਾਫ਼, ਥਾਣਾ ਸਦਰ ਅਤੇ ਥਾਣਾ ਸਿਟੀ ਦੀ ਪੁਲਿਸ ਪਾਰਟੀ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 250 ਗ੍ਰਾਮ ਅਫੀਮ, 10 ਗ੍ਰਾਮ ਹੈਰੋਇਨ ਅਤੇ 24 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਐਂਟੀ ਨਾਰਕੋਟਿਕਸ ਸੈੱਲ ਦੇ ਏ.ਐਸ.ਆਈ ਮਨਜੀਤ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਬਲਵਿੰਦਰ ਪਾਲ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਲਈ ਬੱਸ ਸਟੈਂਡ ਚੌਕੀਮਾਨ ਵਿਖੇ ਮੌਜੂਦ ਸੀ। ਉਥੇ ਹੀ ਇਤਲਾਹ ਮਿਲੀ ਕਿ ਰਾਹੁਲ ਸਿੰਘ ਵਾਸੀ ਸਤਾਲ ਖੇੜੀ ਥਾਣਾ ਭਾਨਪੁਰਾ ਜਿਲਾ ਮੰਦਸੌਰ ਮੱਧ ਪ੍ਰਦੇਸ਼ ਆਪਣੇ ਸੂਬੇ ਮੱਧ ਪ੍ਰਦੇਸ਼ ਤੋਂ ਸਸਤੇ ਭਾਅ ਅਫੀਮ ਲਿਆ ਕੇ ਜਗਰਾਉਂ ਅਤੇ ਜਗਰਾਓ ਦੇ ਨਾਲ ਲੱਗਦੇ ਇਲਾਕੇ, ਮੇਨ ਜੀ.ਟੀ ਰੋਡ ’ਤੇ ਪੈਂਦੇ ਢਾਬੇ ਅਤੇ ਰੁਕੇ ਹੋਏ ਟਰੱਕ ਡਰਾਈਵਰਾਂ ਨੂੰ ਅਫੀਮ ਵੇਚਣ ਦਾ ਧੰਦਾ ਕਰਦਾ ਹੈ। ਜੋ ਕਿ ਜੀ.ਟੀ.ਰੋਡ ਜਗਰਾਉਂ-ਲੁਧਿਆਣਾ ਤੋਂ ਅਫੀਮ ਲੈ ਕੇ ਸੋਹੀਆਂ ਵੱਲ ਪਿੰਡ ਸੋਹੀਆਂ ਦੇ ਇਲਾਕੇ ਵਿੱਚ ਜਾ ਕੇ ਆਪਣੇ ਗ੍ਰਾਹਕਾਂ ਨੂੰ ਅਫੀਮ ਸਪਲਾਈ ਕਰਨ ਲਈ ਜਾ ਰਿਹਾ ਹੈ। ਇਸ ਸੂਚਨਾ ’ਤੇ ਜੀ.ਟੀ ਰੋਡ ਜਗਰਾਉਂ-ਲੁਧਿਆਣਾ ਟੀ ਪੁਆਇੰਟ ਸੋਹੀਆਂ ’ਤੇ ਨਾਕਾਬੰਦੀ ਕਰਕੇ ਉਸ ਨੂੰ 250 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਗਿਆ। ਉਸ ਖ਼ਿਲਾਫ਼ ਥਾਣਾ ਸਦਰ ਵਿੱਚ ਕੇਸ ਦਰਜ ਕੀਤਾ ਗਿਆ। ਬੱਸ ਅੱਡਾ ਪੁਲੀਸ ਚੌਕੀ ਦੇ ਇੰਚਾਰਜ ਏਐਸਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਏਐਸਆਈ ਬਲਰਾਜ ਸਿੰਘ ਪੁਲੀਸ ਪਾਰਟੀ ਸਮੇਤ ਮਲਕ ਚੌਕ ਵਿੱਚ ਚੈਕਿੰਗ ਲਈ ਮੌਜੂਦ ਸਨ। ਉਥੇ ਇਤਲਾਹ ਮਿਲੀ ਕਿ ਪਰਮਜੀਤ ਸਿੰਘ ਪੰਮਾ ਵਾਸੀ ਪਿੰਡ ਅਲੀਗੜ੍ਹ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਜੋ ਹੈਰੋਇਨ ਲੈ ਕੇ ਅਲੀਗੜ੍ਹ ਡਰੇਨ ਪੁਲ ਦੇ ਹੇਠਾਂ ਖੜ੍ਹਾ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਇਸ ਸੂਚਨਾ ’ਤੇ ਛਾਪਾ ਮਾਰ ਕੇ ਪਰਮਜੀਤ ਸਿੰਘ ਪੰਮਾ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਹੌਲਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਚੈਕਿੰਗ ਲਈ ਜਗਰਾਉਂ ਤੋਂ ਸਿੱਧਵਾਂਬੇਟ ਵੱਲ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਸਿੱਧਵਾਂਬੇਟ ਰੋਡ ਤੇ ਬਿਜਲੀ ਘਰ ਤੋਂ ਪਿੰਡ ਬੋਦਲਵਾਲਾ ਨੇੜੇ ਪੁੱਜੀ ਤਾਂ ਇਤਲਾਹ ਮਿਲੀ ਕਿ ਸਮਸ਼ੇਰ ਅਲੀ ਉਰਫ਼ ਪ੍ਰੇਮਾ ਵਾਸੀ ਮਾਧੋ ਖਾਂ ਵਾਸੀ ਪਿੰਡ ਗਾਲਿਬ ਰਣ ਸਿੰਘ ਮੌਜੂਦਾ ਵਾਸੀ ਟਰੱਕ ਯੂਨੀਅਨ ਜਗਰਾਉਂ ਪੈਦਲ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਜੋ ਕਿ ਪਿੰਡ ਰਾਮਗੜ੍ਹ ਭੁੱਲਰ ਤੋਂ ਜਗਰਾਉਂ ਸਾਈਡ ਸ਼ਰਾਬ ਲੈ ਕੇ ਆ ਰਿਹਾ ਹੈ। ਇਸ ਸੂਚਨਾ ’ਤੇ ਪੁਲ ਸੂਆ ਰਾਮਗੜ੍ਹ ’ਤੇ ਨਾਕਾਬੰਦੀ ਕਰਕੇ ਸ਼ਮਸ਼ੇਰ ਅਲੀ ਨੂੰ 24 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ।