ਜਗਰਾਉਂ, 19 ਜੂਨ( ਲਿਕੇਸ਼ ਸ਼ਰਮਾਂ, ਜਗਰੂਪ ਸੋਹੀ)-ਜਗਰਾਓਂ ਇਲਾਕੇ ਵਿੱਚ ਪਿਛਲੇ ਦਿਨਾਂ ਤੋਂ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ, ਜਿਨ੍ਹਾਂ ਪਿੰਡਾਂ ਵਿੱਚ ਘਰਾਂ ਨੂੰ ਤਾਲੇ ਲੱਗੇ ਹੁੰਦੇ ਸਨ ਅਤੇ ਜਿਨ੍ਹਾਂ ਘਰਾਂ ਦੇ ਮੈਂਬਰ ਦਿਨ-ਦਿਹਾੜੇ ਬਾਹਰ ਹੁੰਦੇ ਸਨ। ਉਥੇ ਚੋਰ ਨਿਸ਼ਾਨਾ ਬਣਾ ਕੇ ਚੋਰੀ ਕਰਦੇ ਸਨ। ਜਿਸ ਦੇ ਮੱਦੇਨਜ਼ਰ ਸੀਆਈਐਸ ਸਟਾਫ਼ ਅਤੇ ਸਾਈਬਰ ਸੈੱਲ ਨੂੰ ਦਿੱਤੀਆਂ ਹਦਾਇਤਾਂ ਦੇ ਆਧਾਰ ‘ਤੇ ਅਸਲ ਚੋਰਾਂ ਦੇ ਗਰੋਹ ਦਾ ਪਰਦਾਫਾਸ਼ ਕੀਤਾ ਗਿਆ। ਜਾਣਕਾਰੀ ਦਿੰਦਿਆਂ ਐੱਸਐੱਸਪੀ ਨਵਨੀਤ ਸਿੰਘ ਨੇ ਦੱਸਿਆ ਕਿ ਐੱਸਪੀ ਡੀ ਹਰਿੰਦਰਪਾਲ ਸਿੰਘ ਪਰਮਾਰ ਦੇ ਨਿਰਦੇਸ਼ਾਂ ਤੇ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਹੀਰਾ ਸਿੰਘ ਅਤੇ ਸਾਈਬਰ ਸੈੱਲ ਲੁਧਿਆਣਾ ਦੇ ਮੈਂਬਰਾਂ ਦੀ ਅਗਵਾਈ ਵਿੱਚ ਬਣਾਈ ਟੀਮ ਵੱਲੋਂ ਇੱਕ ਵੱਡੇ ਗਰੋਹ ਦੇ 7 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਜਿਸ ਵਿੱਚ ਵਿੱਕੀ ਕੁਮਾਰ ਵਾਸੀ ਮੁੱਹਲਾ ਪੰਜ ਪੀਰ ਭਵਾਨੀਗੜ੍ਹ ਰੋਡ ਸਮਾਣਾ ਜ਼ਿਲ੍ਹਾ ਪਟਿਆਲਾ, ਵਿੱਕੀ ਵਾਸੀ ਸੰਗਰੂਰ ਰੋਡ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ, ਰਾਜਨ ਵਾਸੀ ਮਾਮਗੜ੍ਹ ਬਸਤੀ ਨੇੜੇ ਪੰਜ ਪੀਰ ਸਮਾਣਾ ਜ਼ਿਲ੍ਹਾ ਪਟਿਆਲਾ, ਕਰਨ ਵਾਸੀ ਦਿੜ੍ਹਬਾ ਜ਼ਿਲ੍ਹਾ ਸੰਗਰੂਰ, ਮਿੱਠੂ ਵਾਸੀ ਸਮਾਣਾ ਮੰਡੀ ਜ਼ਿਲ੍ਹਾ ਪਟਿਆਲਾ, ਮਿੱਠੂ ਵਾਸੀ ਸਮਾਣਾ ਮੰਡੀ ਜ਼ਿਲ੍ਹਾ ਪਟਿਆਲਾ ਅਤੇ ਸਾਜਨ ਵਾਸੀ ਸਮਾਣਾ ਮੰਡੀ ਪਟਿਆਲਾ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਸਿੱਧਵਾਂਬੇਟ ਵਿਖੇ ਕੇਸ ਦਰਜ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਇਨ੍ਹਾਂ ਵਿਅਕਤੀਆਂ ਕੋਲੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ 70 ਗ੍ਰਾਮ ਸੋਨੇ ਦੇ ਗਹਿਣੇ (ਕਰੀਬ ਇੱਕ ਲੱਖ ਰੁਪਏ), ਕਰੀਬ 750 ਗ੍ਰਾਮ ਚਾਂਦੀ ਦੇ ਗਹਿਣੇ (34 ਹਜ਼ਾਰ ਰੁਪਏ), ਦਸ ਘੜੀਆਂ, ਮੋਟਰਸਾਈਕਲ ਸਪਲੈਂਡਰ ਅਤੇ ਹੀਰੋ ਡੀਲਕਸ ਅਤੇ 50,800 ਰੁਪਏ ਬਰਾਮਦ ਕੀਤੇ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਗਰਾਉਂ ਖੇਤਰ ਤੋਂ ਇਲਾਵਾ ਬਰਨਾਲਾ, ਸੰਗਰੂਰ, ਪਟਿਆਲਾ ਅਤੇ ਮੋਗਾ ਜ਼ਿਲ੍ਹਿਆਂ ਵਿੱਚ ਵੀ ਇਹ ਵਿਅਕਤੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।