1992-97 ਵਾਲੀ ਬੇਅੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੇਲੇ ਵਿਰੋਧੀ ਧਿਰ ਤਾਂ ਹੁਣ ਵਾਂਗ ਬਹੁਤ ਛੋਟੀ ਸੀ ਪਰ ਥੋੜੇ ਜਹੇ ਬੰਦੇ ਹੀ ਸਰਕਾਰ ਨੂੰ ਵਖ਼ਤ ਪਾਈ ਰੱਖਦੇ। ਉਨ੍ਹਾਂ ਦਾ ਮੋਢੀ ਕਾਮਰੇਡ ਹਰਦੇਵ ਅਰਸ਼ੀ ਹੁੰਦਾ ਜੋ ਬੁਢਲਾਢਾ (ਮਾਨਸਾ) ਤੋਂ ਵਿਧਾਇਕ ਸੀ। ਜ਼ੀਰੇ ਤੋਂ ਇੰਦਰਜੀਤ ਸਿੰਘ ਜ਼ੀਰਾ, ਕਿਲ੍ਹਾ ਰਾਏਪੁਰ ਤੋਂ ਸਾਡਾ ਸਮਕਾਲੀ ਵਿਦਿਆਰਥੀ ਕਾਮਰੇਡ ਤਰਸੇਮ ਜੋਧਾਂ, ਬੀ ਜੇ ਪੀ ਮੈਬਰ ਸੱਤ ਪਾਲ ਗੋਸਾਈਂ ਤੇ ਮੋਗੇ ਤੋਂ ਵਿਜੈ ਕੁਮਾਰ ਸਾਥੀ ਰਲ਼ ਕੇ ਸਰਕਾਰ ਨੂੰ ਵਾਹਣੀਂ ਪਾਈ ਰੱਖਦੇ। ਹਰਦੇਵ ਅਰਸ਼ੀ ਜੀ ਦੀ ਜ਼ਿੰਦਗੀ ਬਾਰੇ ਮੇਰੇ ਨਿਕਟ ਸਨੇਹੀ ਜਸਪਾਲ ਮਾਨਖੇੜਾ ਨੇ ਵੱਡ ਆਕਾਰੀ ਕਿਤਾਬ “ਰੋਹੀ ਦਾ ਲਾਲ- ਹਰਦੇਵ ਅਰਸ਼ੀ”ਲਿਖੀ ਹੈ 280 ਪੰਨਿਆਂ ਦੀ। ਇਸ ਨੂੰ ਯੂਨੀਸਟਾਰ ਵਾਲੇ ਭਾ ਜੀ ਹਰੀਸ਼ ਜੈਨ ਨੇ ਪ੍ਰਕਾਸ਼ਿਤ ਕੀਤਾ ਹੈ ਮੋਹਾਲੀਉਂ।
ਜਸਪਾਲ ਮਾਨਖੇੜਾ ਗਲਪਕਾਰ ਹੈ। ਕਹਾਣੀ ਤੇ ਨਾਵਲ ਖੇਤਰ ਵਿੱਚ ਪਛਾਨਣ ਯੋਗ ਚਿਹਰਾ। ਬਠਿੰਡੇ ਦੀ ਸਾਹਿੱਤਕ ਸੰਗਤ ਦਾ ਮੋਹਰੀ। ਸੁਰਖ਼ ਸੋਚ ਨੂੰ ਪਰਣਾਇਆ, ਲੋਕਾਂ ਦਾ ਹਮਸਾਇਆ।
ਅੱਜ ਸ਼ਾਹਕੋਟ ਤੋਂ ਪਿਆਰੇ ਵੀਰ ਗਿਆਨ ਸੈਦਪੁਰੀ ਨੇ ਇਹ ਕਿਤਾਬ ਪੜ੍ਹ ਕੇ ਅੱਜ ਹੀ ਮੈਨੂੰ ਕਿਹਾ ਕਿ ਇਹ ਕਿਤਾਬ ਮੈਂ ਵੀ ਪੜ੍ਹਾਂ।
ਸਬੱਬ ਨਾਲ ਪਿਛਲੇ ਦੋ ਦਿਨ ਵਿੱਚ ਮੈਂ ਇਸ ਕਿਤਾਬ ਦੇ ਸੱਠ ਸੱਤਰ ਪੰਨੇ ਪੜ੍ਹ ਚੁਕਾਂ ਤੇ ਘੁੱਟ ਘੁੱਟ ਕਰਕੇ ਇਸ ਕਿਤਾਬ ਦੀ ਰੂਹ ਨੂੰ ਆਤਮਸਾਤ ਕਰ ਰਿਹਾਂ, ਮੈਂ ਉਸ ਨੂੰ ਦੱਸਿਆ। ਬਰਨਾਲਾ ਵਾਲੇ ਵੀਰ ਪਰਮਜੀਤ ਮਾਨ ਦੀ ਕਿਤਾਬ ਸਮੁੰਦਰਨਾਮਾ ਬਾਰੇ ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਮੰਚ ਪੰਜਾਬ ਵੱਲੋਂ 17ਜੂਨ ਨੂੰ ਕਰਵਾਈ ਗੋਸ਼ਟੀ ਵੇਲੇ ਜਸਪਾਲ ਮਾਨਖੇੜਾ ਮੈਨੂੰ ਇਹ ਕਿਤਾਬ ਦੇ ਕੇ ਗਿਆ ਸੀ। ਕਿਤਾਬ ਦੇ ਮੁੱਢਲੇ ਤੇ ਆਖ਼ਰੀ ਪੰਨੇ ਪੜ੍ਹਦਿਆਂ ਮੈਨੂੰ ਹਰਦੇਵ ਅਰਸ਼ੀ ਦੇ ਸਮਾਜਿਕ ਫੈਲਾਉ ਬਾਰੇ ਅਹਿਸਾਸ ਹੋਇਆ। ਕਾਂਰਸ ਆਗੂ ਬੋਘ ਸਿੰਘ ਤੇ ਕਬੱਡੀ ਕੁਮੈਂਟੇਟਰ ਕੁਲਵੰਤ ਸਿੰਘ ਬੈਂਕ ਮੈਨੇਜਰ ਦੀਆਂ ਟਿਪਣੀਆਂ ਵਧੇਰੇ ਟੁੰਬੀਆਂ। ਕਾਰਨ ਇਹ ਸੀ ਕਿ ਇਹ ਦੋਵੇਂ ਕਮਿਉਨਿਸਟ ਵਿਚਾਰਧਾਰਾ ਤੋਂ ਲਾਂਭਲੇ ਸੱਜਣ ਹਨ। ਉਨ੍ਹਾਂ ਨੂੰ ਅਰਸ਼ੀ ਦੇ ਆਭਾਮੰਡਲ ਵਿੱਚ ਵੇਖਣਾ ਮੇਰੇ ਲਈ
ਸ਼ੁਭ ਖ਼ਬਰ ਸੀ। ਰੋਹੀ ਦਾ ਲਾਲ ਕਿਤਾਬ ਵਿੱਚ ਹਰਦੇਵ ਅਰਸ਼ੀ ਸਮੂਲਚਾ ਹਾਜ਼ਰ ਹੈ। ਬਚਪਨ ਤੋਂ ਸਿਖ਼ਰ ਚੋਟੀਆਂ ਤੀਕ। ਇਸ ਨਸਲ ਦੇ ਕਾਮਰੇਡ ਹੀ ਧਰਤੀ ਹੇਠਲੇ ਬੌਲਦ ਹਨ ਜੋ ਗਿਆਨ ਨੂੰ ਲੋਕ ਹਿਤ ਚ ਵਰਤਦੇ ਹਨ, ਧੜਾ ਪਾਲ ਨਹੀਂ ਹੁੰਦੇ ਇਹ ਲੋਕ। ਇਨ੍ਹਾਂ ਕੋਲ ਤੀਸਰਾ ਨੇਤਰ ਹੁੰਦਾ ਹੈ ਜੋ ਵਿਸ਼ਲੇਸ਼ਣੀ ਅੱਖ ਬਣ ਤੇ ਬੁਰੇ ਭਲੇ ਦੀ ਨਿਰਖ਼ ਪਰਖ਼ ਕਰਦਾ ਹੈ। ਮੈਂ ਜਸਪਾਲ ਮਾਨਖੇੜਾ ਨੂੰ ਇਸ ਵੱਡੇ ਕਾਰਜ ਲਈ ਮੁਬਾਰਕ ਦੇਂਦਿਆਂ ਪਾਠਕਾਂ ਨੂੰ ਇਹੀ ਕਹਾਂਗਾ ਕਿ ਇਹ ਕਿਤਾਬ ਪੜ੍ਹ ਕੇ ਯਕੀਨ ਕਰਨਾ ਕਿ ਮੈਂ ਕਿਤੇ ਗਲਤ ਤਾਂ ਨਹੀਂ ਕਿਹਾ? ਹਰ ਮੌਸਮ ਵਿੱਚ ਵਿਚਾਰਧਾਰਾ ਦਾ ਪਰਚਮ ਚੁੱਕ ਕੇ ਸਿੱਧਾ ਸੋਰ ਤੁਰਨ ਵਾਲੇ ਸੂਰਮੇ ਨੂੰ ਸਲਾਮ!
ਵਧੀਆ ਪਾਰਲੀਮੈਂਟੇਰੀਅਨ ਹਰਦੇਵ ਅਰਸ਼ੀ ਦੇ ਜੀਵਨ ਨਾਮੇ ਨੂੰ ਸ਼ਬਦ ਮਾਲਾ ਵਿੱਚ ਪਰੋਣ ਲਈ ਮੁਬਾਰਕ।
ਗੁਰਭਜਨ ਗਿੱਲ