ਭਿੱਖੀਵਿੰਡ (ਅਸਵਨੀ) ਬੇਸ਼ੱਕ ਦੇਸ਼ ਭਾਰਤ ਦੀਆਂ ਸੁਰੱਖਿਆ ਫੋਰਸਾਂ ਸਰਹੱਦਾਂ ‘ਤੇ ਦਿਨ-ਰਾਤ ਪਹਿਰਾ ਦੇ ਕੇ ਦੇਸ਼ ਵਿਰੋਧੀ ਤਾਕਤਾਂ ਦੇ ਮਨਸੂਬੇ ਨਾਕਾਮ ਕਰਨ ਲਈ ਯਤਨਸ਼ੀਲ ਹਨ, ਪਰ ਸਮਾਜ ਵਿਰੋਧੀ ਲੋਕ ਰਾਤ ਵੇਲੇ ਲੁਕ-ਛੁਪ ਕੇ ਡਰੋਨ ਰਾਹੀ ਮਾਰੂ ਨਸ਼ਿਆਂ ਨੂੰ ਭੇਜ ਕੇ ਸਰਹੱਦੀ ਵਸਦੇ ਲੋਕਾਂ ਦੇ ਬੱਚਿਆਂ ਨੂੰ ਤਬਾਹ ਕਰਨ ਲਈ ਜ਼ੋਰ ਲਾ ਰਹੇ ਹਨ। ਦੱਸਣਯੋਗ ਹੈ ਕਿ ਸਰਹੱਦੀ ਸੁਰੱਖਿਆ ਬਲ ਬੀਐੱਸਐੱਫ ਅਤੇ ਪੰਜਾਬ ਪੁਲਿਸ ਥਾਣਾ ਵਲਟੋਹਾ ਦੇ ਸਬ ਇੰਸਪੈਕਟਰ ਬਲਜਿੰਦਰ ਸਿੰਘ ਦੁਬਲੀ ਸਮੇਤ ਪੁਲਿਸ ਦੇ ਜਵਾਨਾਂ ਵੱਲੋਂ ਪਿੰਡ ਲਾਖਣਾ ਵਿਖੇ ਸਾਂਝੇ ਤੌਰ ਤੇ ਕੀਤੇ ਗਏ ਸਰਚ ਅਭਿਆਨ ਦੌਰਾਨ ਦੀਦਾਰ ਸਿੰਘ ਪੁੱਤਰ ਇੰਦਰ ਸਿੰਘ ਦੇ ਖੇਤਾਂ ਵਿਚੋਂ ਡੀਜੀ ਮੈਟਰਿਸ ਕੰਪਨੀ ਚੀਨ ਦਾ ਬਣਿਆ ਡਰੋਨ ਬਰਾਮਦ ਹੋਇਆ, ਜਦੋਂ ਕੇ ਡਰੋਨ ਤੋਂ ਇਲਾਵਾ ਹੋਰ ਕੁਝ ਬਰਾਮਦ ਨਹੀਂ ਹੋਇਆ। ਸਬ ਡਵੀਜ਼ਨ ਭਿੱਖੀਵਿੰਡ ਦੇ ਡਿਪਟੀ ਸੁਪਰਡੈਂਟ ਪ੍ਰੀਤਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਪੁਲਿਸ ਥਾਣਾ ਵਲਟੋਹਾ ਵਿਖੇ ਐਫ਼ ਆਈ ਆਰ ਨੰਬਰ 70, 24/06/23 ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਅਤੇ ਸਰਚ ਅਭਿਆਨ ਲਗਾਤਾਰ ਚਲਾਇਆ ਜਾ ਰਿਹਾ ਹੈ ਤਾਂ ਜੋ ਦੇਸ਼ ਵਿਰੋਧੀ ਤਾਕਤਾਂ ਦੇ ਮਨਸੂਬੇ ਤਿਆਰ ਕੀਤੇ ਜਾ ਸਕਣ । ਇਸ ਮੌਕੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਦੁਬਲੀ ਸਮੇਤ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਜਵਾਨ ਹਾਜਰ ਸਨ।