Home Farmer ਖੇਤੀ ਮਸ਼ੀਨੀਕਰਨ ਨੂੰ ਉਤਸ਼ਹਿਤ ਕਰਨ ਹਿੱਤ ਖੇਤੀ ਮਸ਼ੀਨਾਂ ਤੇ ਸਬਸਿਡੀ ਪ੍ਰਾਪਤ ਕਰਨ...

ਖੇਤੀ ਮਸ਼ੀਨੀਕਰਨ ਨੂੰ ਉਤਸ਼ਹਿਤ ਕਰਨ ਹਿੱਤ ਖੇਤੀ ਮਸ਼ੀਨਾਂ ਤੇ ਸਬਸਿਡੀ ਪ੍ਰਾਪਤ ਕਰਨ ਲਈ ਕਿਸਾਨ 20 ਜੁਲਾਈ ਤੱਕ ਦੇਣ ਬਿਨੈ ਪੱਤਰ : ਡਿਪਟੀ ਕਮਿਸ਼ਨਰ

33
0


ਲੁਧਿਆਣਾ, 26 ਜੂਨ (ਵਿਕਾਸ ਮਠਾੜੂ) ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਸੰਭਾਲਣ ਵਾਲੀਆਂ ਮਸ਼ੀਨਾਂ ਦੇ ਨਾਲ-ਨਾਲ ਫਸਲੀ ਵਿਭਿੰਨਤਾ ਨੂੰ ਪ੍ਰਫੁੱਲਿਤ ਕਰਨ ਲਈ ਵੀ ਖੇਤੀ ਮਸ਼ੀਨਾਂ ਤੇ ਸਬਸਿਡੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਸਬਸਿਡੀ ਸਬ-ਮਿਸ਼ਨ ਆਨ ਐਗਰੀਕਲਚਰਲ ਮੈਕੇਨਾਈਜ਼ੇਸ਼ਨ (ਸਮੈਮ) ਸਕੀਮ ਅਧੀਨ ਦਿੱਤੀ ਜਾ ਰਹੀ ਹੈ। ਇਸ ਸਕੀਮ ਅਧੀਨ ਕਣਕ-ਝੋਨੇ ਦੇ ਨਾਲ ਨਾਲ ਹੋਰ ਫਸਲਾਂ ਨੂੰ ਉੇਤਸ਼ਾਹਿਤ ਕਰਨ ਲਈ ਅਤੇ ਫਾਰਮ ਮੈਕੇਨਾਈਜੇਸ਼ਨ ਨੂੰ ਵਧਾਉਣ ਲਈ ਕਿਸਾਨਾਂ ਤੋਂ ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਹੈ। ਕਿਸਾਨ ਇਹ ਬਿਨੈ-ਪੱਤਰ ਆਨਲਾਈਨ ਮਾਧਿਅਮ ਰਾਹੀਂ ਖੇਤੀਬਾੜੀ ਵਿਭਾਗ ਦੇ ਪੋਰਟਲ agirmacihnerypb.com ਤੇ ਮਿਤੀ 20 ਜੁਲਾਈ 2023 ਤੱਕ ਦੇ ਸਕਦੇ ਹਨ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਤਾਂ ਜੋ ਰਵਾਇਤੀ ਫਸਲੀ ਚੱਕਰ ਤੋਂ ਥੋੜਾ ਥੋੜਾ ਬਦਲਾਅ ਕਰਕੇ ਹੋਰਨਾਂ ਫਸਲਾਂ ਵਿੱਚ ਵੀ ਕਾਮਯਾਬੀ ਹਾਸਲ ਕੀਤੀ ਜਾ ਸਕੇ।ਇਸ ਮੌਕੇ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ, ਡਾ. ਨਰਿੰਦਰ ਸਿੰਘ ਬੈਨੀਪਾਲ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਝੋਨੇ ਦੀ ਮਕੈਨੀਕਲ ਟਰਾਂਸਪਲਾਂਟਿੰਗ ਲਈ ਪੈਡੀ ਟਰਾਂਸਪਲਾਂਟਰ, ਪੀ.ਟੀ.ਓ ਓਪਰੇਟਿਡ ਬੰਡ ਫੌਰਮਰ, ਝੋਨੇ ਦੀ ਸਿੱਧੀ ਬਿਜਾਈ ਵਾਲੀ ਡੀ.ਐਸ.ਆਰ ਡਰਿੱਲ, ਤੇਲ ਮਿੱਲ, ਪੋਟੈਟੋ ਪਲਾਂਟਰ, ਮਿੰਨੀ ਪ੍ਰੋਸੈਸਿੰਗ ਪਲਾਂਟ, ਟਰੈਕਟਰ ਓਪਰੇਟਿਡ ਬੂਮ ਸਪਰੇਅਰ, ਪੈਡੀ ਨਰਸਰੀ ਸੀਡਰ ਆਦਿ ਮਸ਼ੀਨਾਂ ਦੀ ਖਰੀਦ ਤੇ ਸਬਸਿਡੀ ਪ੍ਰਾਪਤ ਕਰਨ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹਨਾਂ ਤੋਂ ਇਲਾਵਾ ਹੋਰ ਮਸ਼ੀਨਾਂ ਦੀ ਲਿਸਟ ਅਤੇ ਇਸ ਸਬੰਧੀ ਨਿਯਮ ਅਤੇ ਸ਼ਰਤਾਂ ਪੋਰਟਲ ਤੇ ਉਪਲਬਧ ਹਨ। ਇੰਜ: ਅਮਨਪ੍ਰੀਤ ਸਿੰਘ ਘੇਈ, ਸਹਾਇਕ ਖੇਤੀਬਾੜੀ ਇੰਜੀਨਿਅਰ ਲੁਧਿਆਣਾ ਨੇ ਦੱਸਿਆ ਕਿ ਅਰਜ਼ੀ ਭਰਨ ਸਮੇਂ ਕਿਸਾਨਾਂ ਕੋਲ ਆਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋ ਅਤੇ ਅਨੁਸੂਚਿਤ ਜਾਤੀ ਸਰਟੀਫਿਕੇਟ (ਜੇਕਰ ਬਿਨੈਕਾਰ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੋਵੇ) ਆਦਿ ਦੀਆਂ ਸਕੈਨਡ ਕਾਪੀਆਂ ਹੋਣੀਆਂ ਲਾਜ਼ਮੀ ਹਨ। ਕਿਸਾਨ ਗਰੁੱਪਾਂ, ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਹੋਰ ਸੰਸਥਾਵਾਂ ਦੇ ਮੁਖੀ ਅਤੇ ਮੈਂਬਰਾਂ ਦੇ ਆਧਾਰ ਕਾਰਡ ਨੰਬਰ ਅਤੇ ਰਜਿਸਟਰੇਸ਼ਨ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਕਿਸਾਨ ਜਾਂ ਗਰੁੱਪ ਜਿਸ ਕੈਟਾਗਰੀ ਨਾਲ ਸਬੰਧਤ ਹੋਣ, ਉਸੇ ਕੈਟਾਗਰੀ ਵਿੱਚ ਹੀ ਅਪਲਾਈ ਕਰਨ ਤੇ ਸਬਸਿਡੀ ਦੇ ਹੱਕਦਾਰ ਹੋਣਗੇ। ਅਨੁਸੂਚਿਤ ਜਾਤੀ ਦੇ ਕਿਸਾਨਾਂ ਲਈ ਸਕੀਮ ਅਧੀਨ ਵੱਖਰੇ ਤੌਰ ਤੇ ਫੰਡ ਉਪਲੱਬਧ ਕਰਵਾਏ ਗਏ ਹਨ। ਡਾ. ਬੈਨੀਪਾਲ ਨੇ ਦੱਸਿਆ ਕਿ ਅਰਜ਼ੀਆਂ ਪ੍ਰਾਪਤ ਹੋਣ ਉਪਰੰਤ ਵਿਭਾਗ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ ਲੋੜ ਪੈਣ ਤੇ ਡਰਾਅ ਸਿਸਟਮ ਰਾਹੀਂ ਯੋਗ ਬਿਨੈਕਾਰਾਂ ਦੀ ਚੋਣ ਕੀਤੀ ਜਾਵੇਗੀ। ਕਿਸਾਨਾਂ ਨੂੰ ਮੰਜ਼ੂਰੀ ਪੱਤਰ ਪੋਰਟਲ ਰਾਹੀਂ ਹੀ ਜਾਰੀ ਕੀਤੇ ਜਾਣਗੇ, ਜਿਸ ਉਪਰੰਤ ਕਿਸਾਨ ਮਿੱਥੇ ਸਮੇਂ ਦੇ ਅੰਦਰ-ਅੰਦਰ ਵਿਭਾਗ ਵਲੋਂ ਪ੍ਰਵਾਨਿਤ ਅਤੇ ਪੋਰਟਲ ਵਿੱਚ ਦਰਜ ਕਿਸੇ ਵੀ ਮਸ਼ੀਨਰੀ ਨਿਰਮਾਤਾ ਜਾਂ ਡੀਲਰ ਤੋਂ ਮਸ਼ੀਨ ਦੀ ਖਰੀਦ ਕਰ ਸਕਣਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਵਿਭਾਗ ਨਾਲ ਨਿਰੰਤਰ ਰਾਬਤਾ ਕਾਇਮ ਰੱਖਣ ਅਤੇ ਲੋੜ ਪੈਣ ਤੇ ਜਾਂ ਕਿਸੇ ਸਮੱਸਿਆ ਲਈ ਖੇਤੀਬਾੜੀ ਵਿਭਾਗ ਦੇ ਦਫ਼ਤਰਾਂ ਨਾਲ ਸੰਪਰਕ ਕਰਨ।। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਕਿਸਾਨ ਸਬੰਧਤ ਬਲਾਕ ਖੇਤੀਬਾੜੀ ਅਫਸਰ / ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ) ਜਾਂ ਮੁੱਖ ਖੇਤੀਬਾੜੀ ਅਫਸਰ ਦੇ ਦਫਤਰਾਂ ਵਿੱਚ ਸੰਪਕਰ ਕਰ ਸਕਦੇ ਹਨ। ਇਸ ਤੋਂ ਇਲਾਵਾ ਖੇਤੀਬਾੜੀ ਸਬੰਧੀ ਕਿਸੇ ਵੀ ਸਲਾਹ ਲਈ ਕਿਸਾਨ ਕਾਲ ਸੈਂਟਰ ਦੇ ਟੋਲ ਫਰੀ ਨੰ: 18001801551 ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here