ਲੁਧਿਆਣਾ, 26 ਜੂਨ ( ਰਾਜਨ ਜੈਨ)-ਜ਼ਿਲਾ ਸਿੱਖਿਆ ਅਫ਼ਸਰ (ਐ.ਸਿੱ,ਸੈ.ਸਿੱ) ਲੁਧਿਆਣਾ ਦੇ ਦੋ ਵਿਸ਼ੇਸ਼ ਲੋੜਾਂ ਵਾਲੇ (cwsn) ਬੱਚਿਆਂ ਨੇ ਅੰਤਰਰਾਸ਼ਟਰੀ ਪੱਧਰ ਤੇ ਜ਼ਿਲਾ ਲੁਧਿਆਣਾ ਦਾ ਮਾਣ ਵਧਾਇਆ। ਜ਼ਿਲਾ ਸਿੱਖਿਆ ਅਫ਼ਸਰ (ਐ.ਸਿੱ) ਬਲਦੇਵ ਸਿੰਘ, ਜ਼ਿਲਾ ਸਿੱਖਿਆ ਅਫ਼ਸਰ (ਸੈ.ਸਿੱ) ਸ. ਹਰਜੀਤ ਸਿੰਘ, ਉਪ ਜ਼ਿਲਾ ਸਿੱਖਿਆ ਅਫ਼ਸਰ (ਸੈ.ਸਿੱ) ਜਸਵਿੰਦਰ ਸਿੰਘ, ਉਪ ਜ਼ਿਲਾ ਸਿੱਖਿਆ ਅਫ਼ਸਰ (ਐ.ਸਿੱ) ਮਨੋਜ ਕੁਮਾਰ ਨੇ ਦੱਸਿਆ ਕਿ ਵਿਸ਼ਵ ਗਰਮੀਆਂ ਦੀਆਂ ਖੇਡਾਂ ਬਰਲਿਨ 2023, ਜਰਮਨੀ ਵਿੱਚ ਜਤਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ, ਸਸਸਸ ਰਾਉਣੀ, ਬਲਾਕ ਖੰਨਾ-1 ਨੇ ਕੋਚ ਸੁਖਜੀਤ ਸਿੰਘ ਦੀ ਅਗਵਾਈ ਹੇਠ ਭਾਰਤ ਦੇਸ਼ ਵੱਲੋਂ ਖੇਡਦੇ ਹੋਏ ਫੁੱਟਬਾਲ 7-ਸਾਈਡ ਵਿੱਚ ਫਾਈਨਲ ਜਿੱਤ ਕੇ ਸੋਨ ਤਗਮਾ ਜਿੱਤਿਆ। ਇਸੇ ਤਰਾਂ ਜੋਤੀ ਪੁੱਤਰੀ ਕਸ਼ਮੀਰਾ ਸਿੰਘ, ਸਸਸਸ ਉਕਸੀ, ਬਲਾਕ ਡੇਹਲੋਂ-2 ਨੇ ਕੋਚ ਹਰਜੀਤ ਸਿੰਘ ਦੀ ਅਗਵਾਈ ਹੇਠ ਫਾਈਨਲ ਵਿੱਚ ਜਗਾ ਬਣਾਈ। ਜ਼ਿਲਾ ਅਧਿਕਾਰੀਆਂ ਵੱਲੋਂ ਦੋਵੇਂ ਬੱਚਿਆਂ, ਸਕੂਲ ਅਧਿਆਪਕਾਂ, ਕੋਚ ਸਾਹਿਬਾਨ ਅਤੇ ਜ਼ਿਲਾ IED , DSE ਪ੍ਰਦੀਪ ਕੌਰ ਨੂੰ ਵਧਾਈ ਦਿੱਤੀ। ਉਨਾਂ ਕਿਹਾ ਕਿ ਇਹ ਬੱਚੇ ਇਨਟਲੈਕਚੂਲੀ ਡਿਸੇਬਲ ਬੱਚੇ ਹਨ ਅਤੇ ਇਨਾਂ ਦੀ ਪ੍ਰਾਪਤੀ ਤੇ ਸਿੱਖਿਆ ਵਿਭਾਗ ਮਾਣ ਮਹਿਸੂਸ ਕਰਦਾ ਹੈ ਅਤੇ ਇਨਾਂ ਦੀ ਕਾਮਯਾਬੀ ਨਾਲ ਬਾਕੀ ਵਿਦਿਆਰਥੀਆਂ ਦਾ ਵੀ ਉਤਸ਼ਾਹ ਵਧੇਗਾ।