ਵਿਰੋਧੀ ਖੇਮੇ ਦੇ ਚਾਰ ਕੌਂਸਲਰ ਵੀ ਹੋਏ ਸ਼ਾਮਲ
ਜਗਰਾਉਂ , 28 ਜੂਨ ( ਭਗਵਾਨ ਭੰਗੂ, ਮੋਹਿਤ ਜੈਨ)- ਜਗਰਾਉਂ ਵਿਖੇ ਨਗਰ ਕੌਂਸਲ ਵਿੱਚ ਕਾਂਗਰਸੀ ਕੌਂਸਲਰਾਂ ਵਿੱਚ ਹੀ ਚੱਲ ਰਹੀ ਕਸ਼ਮਕਸ਼ ਨੂੰ ਖਤਮ ਕਰ ਕੇ ਇਕ ਪਲੇਟਫਾਰਮ ਤੇ ਲਿਆਉਣ ਵਿੱਚ ਟਵੀਟਾਂ ਵਾਲੇ ਐਮ ਪੀ ਰਵਨੀਤ ਬਿੱਟੂ ਸਫਲ ਹੋ ਗਏ। ਇਸ ਨਾਲ ਇਹ ਵੀ ਸਪਸ਼ਟ ਹੋ ਗਿਆ ਕਿ ਐਮ ਪੀ ਸਾਹਿਬ ਜਗਰਾਉਂ ਕੋਠੀ ਮਾਮਲੇ ਵਿੱਚ ਟਵੀਟ ਟਵੀਟ ਖੇਡ ਕੇ ਹੀ ਸਿਹਰਾ ਆਪਣੇ ਸਿਰ ਸਜਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸਤੇ ਲੋਕਾਂ ਨੇ ਉਨ੍ਹਾਂ ਨੂੰ ਟਵੀਟ ਵਾਲੀ ਖੇਡ ਨੂੰ ਪਸੰਦ ਨਹੀਂ ਕੀਤਾ। ਪਰ ਹੁਣ ਜਦੋਂ ਅਸਲੀਅਤ ਵਿੱਚ ਗੰਭੀਰ ਮਸਲੇ ਤੇ ਜਗਰਾਉਂ ਆਏ ਅਤੇ ਉਨ੍ਹਾਂ ਦੇ ਯਤਨ ਸਫਲ ਹੋਏ। ਹੁਣ ਇਸਦਾ ਸਿਹਰਾ ਜਰੂਰ ਉਨ੍ਹਾਂ ਦੇ ਸਿਰ ਬੰਨਿਆ ਜਾ ਸਕਦਾ ਹੈ। ਇਸ ਲਈ ਜਗਰਾਓ ਦੇ ਬਦਲੇ ਰਾਜਨੀਤਕ ਸਮੀਕਰਨਾਂ ਤੇ ਇਹ ਕਿਹਾ ਜਾ ਰਿਹਾ ਹੈ ਕਿ ਟਵੀਟਾਂ ਵਾਲੇ ਐਮ ਪੀ ਸਫ਼ਲ ਹੋ ਗਏ। ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਉਪਰੰਤ ਸੁਖਦੇਵ ਕੌਰ ਧਾਲੀਵਾਲ ਨੂੰ ਨਗਰ ਕੌਂਸਲ ਦੀ ਮੀਤ ਪ੍ਰਧਾਨ ਚੁਣ ਲਿਆ ਗਿਆ। ਜਿਸ ਦੀ ਤਾਜਪੋਸ਼ੀ ਸਮਾਰੋਹ ਬੁੱਧਵਾਰ ਨੂੰ ਹੋਇਆ। ਇਸ ਮੌਕੇ ਕਾਂਗਰਸ ਪਾਰਟੀ ਵੱਲੋਂ ਸਫਲ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਵਿਰੋਧੀ ਖੇਮੇ ਵਿੱਚ ਮੰਨੇ ਜਾਂਦੇ 4 ਕੌਂਸਲਰਾਂ ਨੇ ਵੀ ਸ਼ਮੂਲੀਅਤ ਕੀਤੀ। ਜਿਸ ਵਿਚ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਬਲਾਕ ਕਾਂਗਰਸ ਪ੍ਰਧਾਨ ਰਵਿੰਦਰ ਕੁਮਾਰ ਸੱਭਰਵਾਲ, ਜਿਨ੍ਹਾਂ ਦੀ ਪਤਨੀ ਅਨੀਤਾ ਸੱਭਰਵਾਲ ਕੌਂਸਲਰ ਹਨ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਕਾਲੀ ਆਗੂ ਕੌਸਲਰ ਸਤੀਸ਼ ਕੁਮਾਰ ਪੱਪੂ, ਐਡਵੋਕੇਟ ਅੰਕੁਸ਼ ਧੀਰ ਜੋ ਕਿ ਸਵਰਗੀ ਕ੍ਰਿਸ਼ਨ ਧੀਰ ਸਾਬਕਾ ਪ੍ਰਧਾਨ ਦੇ ਪੁੱਤਰ ਹਨ ਅਤੇ ਹੁਣ ਉਨ੍ਹਾਂ ਦੀ ਮਾਤਾ ਦਰਸ਼ਨਾ ਰਾਣੀ ਧੀਰ ਕੌਂਸਲਰ ਹੈ ਅਤੇ ਸੰਜੂ ਕੱਕੜ, ਜਿਸਦੀ ਪਤਨੀ ਕਵਿਤਾ ਰਾਣੀ ਕੱਕੜ ਕੌਂਸਲਰ ਹੈ, ਸ਼ਾਮਲ ਹੋਏ। ਜਿਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਹੁਣ ਆਉਣ ਵਾਲੇ ਦਿਨਾਂ ’ਚ ਨਗਰ ਕੌਸਲ ਦੇ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲ ਜਾਣਗੇ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਤਾਜਪੋਸ਼ੀ ਸਮਾਗਮ ਵਿੱਚ ਸਾਬਕਾ ਵਿਧਾਇਕ ਤੇ ਹਲਕਾ ਜਗਰਾਉਂ ਦੇ ਇੰਚਾਰਜ ਜਗਤਾਰ ਸਿੰਘ ਜੱਗਾ, ਜ਼ਿਲ੍ਹਾ ਲੁਧਿਆਣਾ ਦਿਹਾਤੀ ਕਾਂਗਰਸ ਦੇ ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ, ਸਾਬਕਾ ਨਗਰ ਕੌਂਸਲ ਪ੍ਰਧਾਨ ਰਾਜ ਕੁਮਾਰ ਮਲਹੋਤਰਾ, ਪੈਪਸੂ ਰੋਡਵੇਜ ਦੇ ਡਾਇਰੈਕਟਰ ਪ੍ਰਸ਼ੋਤਮ ਲਾਲ ਖਲੀਫਾ, ਸਾਬਕਾ ਕੌਂਸਲਰ ਪਰਾਸ਼ਰ ਦੇਵ ਸ਼ਰਮਾ, ਬਲਾਕ ਕਾਂਗਰਸ ਜਗਰਾਉਂ ਦਿਹਾਤੀ ਪ੍ਰਧਾਨ ਨਵਦੀਪ ਸਿੰਘ ਗਰੇਵਾਲ, ਕੌਂਸਲਰ ਰਜਦਰਪਾਲ ਉਰਫ ਰਾਜੂ, ਕੌਂਸਲਰ ਅਮਨ ਕਪੂਰ ਬੌਬੀ, ਕੌਂਸਲਰ ਵਿਕਰਮ ਜੱਸੀ, ਕੌਂਸਲਰ ਜਰਨੈਲ ਸਿੰਘ ਲੋਹਟ, ਗੌਰਵ ਸੋਨੀ, ਹਰਮੀਤ ਸਿੰਘ ਹੈਰੀ ਤੋਂ ਇਲਾਵਾ ਕਾਂਗਰਸੀ ਕੌਂਸਲਰ ਅਤੇ ਸ਼ਹਿਰ ਦੇ ਹੋਰ ਪਤਵੰਤੇ ਹਾਜ਼ਰ ਸਨ। ਸੁਖਦੇਵ ਕੌਰ ਧਾਲੀਵਾਲ ਨੂੰ ਸਮੂਹ ਪਤਵੰਤੇ ਸੱਜਣਾਂ ਵੱਲੋਂ ਹਾਰ ਪਾ ਕੇ ਕੁਰਸੀ ’ਤੇ ਬਿਠਾ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਦੀ ਸ਼ੁਭ ਕਾਮਨਾ ਕੀਤੀ ਗਈ ੍ਟ
ਮਾਲਵੇ ਦੀ ਕੁਰਸੀ ਖਤਰੇ ਵਿੱਚ-
ਜਗਰਾਉਂ ਦੇ 8 ਕਾਂਗਰਸੀ ਕੌਸਲਰਾਂ ਜੋ ਕਿ ਮੌਜੂਦਾ ਪ੍ਰਧਾਨ ਜਤਿੰਦਰ ਰਾਣਾ ਤੋਂ ਨਾਰਾਜ਼ ਚੱਲ ਰਹੇ ਸਨ, ਦੀ ਮਦਦ ਨਾਲ ਅਮਰਜੀਤ ਮਾਲਵਾ ਨੂੰ ਨਗਰ ਕੌਸਲ ਦਾ ਸੀਨੀਅਰ ਮੀਤ ਪ੍ਰਧਾਨ ਚੁਣ ਲਿਆ ਗਿਆ ਸੀ। ਹੁਣ ਕਾਂਗਰਸੀ ਕੌਸਲਰਾਂ ਦੇ ਮੁੜ ਇੱਕਠੇ ਹੋਣ ਨਾਲ ਉਸਦੀ ਕੁਰਸੀ ਤੇ ਵੀ ਬੱਦਲ ਮੰਡਰਾਉਣ ਲੱਗੇ। ਉਸ ਵਲੋਂ ਸੀਨੀਅਰ ਮੀਤ ਪ੍ਰਧਾਨ ਬਣ ਕੇ ਵੱਡੀ ਪੱਧਰ ਤੇ ਸ਼ਹਿਰ ਵਿੱਚ ਵਧਾਈ ਦੇ ਫਲੈਕਸ ਬੋਰਡ ਲਗਾਉਣ ਅਤੇ ਪਾਰਟੀਆਂ ਕਰਨ ਦਾ ਦੌਰ ਅਜੇ ਚੱਲ ਹੀ ਰਿਹਾ ਹੈ ਕਿ ਹੁਣੇ ਹੀ ਉਸਨੂੰ ਕੁਰਸੀ ਤੋਂ ਲਾਹੁਣ ਦੀ ਸੁਗਬੁਗਾਹਟ ਵੀ ਸ਼ੁਰੂ ਹੋ ਗਈ। ਆਉਣ ਵਾਲੇ ਦਿਨਾਂ ਵਿੱਚ ਨਗਰ ਕੌਂਸਲ ਵਿੱਚ ਕਾਂਗਰਸ ਪਾਰਟੀ ਦਾ ਸਪੱਸ਼ਟ ਬਹੁਮਤ ਹੋਣ ਕਾਰਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਦੀ ਹਮਾਇਤ ਵੀ ਹੋਣ ਕਾਰਨ ਅਮਰਜੀਤ ਮਾਲਵਾ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕਰਕੇ ਉਨ੍ਹਾਂ ਨੂੰ ਪ੍ਰਧਾਨਗੀ ਤੋਂ ਲਾਂਭੇ ਕੀਤਾ ਜਾ ਸਕਦਾ ਹੈ।
ਬਿੱਟੂ ਤੇ ਆਸ਼ੂ ਦੀ ਮਿਹਨਤ ਰੰਗ ਲਿਆਈ-
ਦੱਸਣਯੋਗ ਹੈ ਕਿ ਜਗਰਾਉਂ ਨਗਰ ਕੌਂਸਲ ਵਿੱਚ ਕਾਂਗਰਸ ਪਾਰਟੀ ਦੇ 23 ਵਿੱਚੋਂ 17 ਕੌਂਸਲਰ ਹਨ। ਜਿਸ ਦੇ ਮੁਖੀ ਜਤਿੰਦਰ ਪਾਲ ਰਾਣਾ ਹਨ। ਉਸ ਤੋਂ ਨਾਰਾਜ਼ ਹੋ ਕੇ ਕਾਂਗਰਸ ਦੇ 8 ਕੌਂਸਲਰ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦਾ ਧੜੇ ਨਾਲ ਖੜ੍ਹੇ ਹੋ ਗਏ ਅਤੇ ਅਕਾਲੀ ਤੇ ਹੋਰ ਕੌਂਸਲਰਾਂ ਨਾਲ ਮਿਲ ਕੇ ਆਪਣੀ ਹੀ ਪਾਰਟੀ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਨੂੰ ਕੁਰਸੀ ਤੋਂ ਲਾਂਭੇ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਵੱਲੋਂ ਪ੍ਰਧਾਨ ਰਾਣਾ ਖ਼ਿਲਾਫ਼ ਬੇਭਰੋਸਗੀ ਮਤਾ ਵੀ ਪੇਸ਼ ਕੀਤਾ ਗਿਆ ਸੀ ਪਰ ਇਹ ਸਫ਼ਲ ਨਹੀਂ ਹੋ ਸਕਿਆ। ਦੋਵਾਂ ਪਾਸਿਆਂ ਤੋਂ ਪਿਛਲੇ 1 ਸਾਲ ਤੋਂ ਲਗਾਤਾਰ ਕਸ਼ਮਕਸ਼ ਚੱਲ ਰਹੀ ਸੀ। ਹੁਣ ਤੱਕ ਟਵੀਟਾਂ ਵਾਲੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਜ਼ਿਲ੍ਹੇ ਦੇ ਸੰਸਦ ਮੈਂਬਰ ਹੁੰਦੇ ਹੋਏ ਵੀ ਇਸ ਦੀ ਕੋਈ ਸਾਰ ਨਹੀਂ ਲਈ ਗਈ। ਹੁਣ ਜਦੋਂ ਦੇਸ਼ ਵਿੱਚ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਉਨ੍ਹਾਂ ਨੂੰ ਜਗਰਾਓਂ ਵਿੱਚ ਆਪਣੇ ਖਿੱਲਰੇ ਕੁਨਬੇ ਨੂੰ ਇਕੱਠਾ ਕਰਨ ਦੀ ਲੋੜ ਮਹਿਸੂਸ ਹੋਈ। ਜਿਸ ਕਾਰਨ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਸਾਬਕਾ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਜਗਰਾਉਂ ਵਿਖੇ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਅਨੀਤਾ ਸੱਭਰਵਾਲ ਦੇ ਪਤੀ ਰਵਿੰਦਰ ਕੁਮਾਰ ਸੱਭਰਵਾਲ ਦੇ ਘਰ ਪੁੱਜੇ ਅਤੇ ਉਨ੍ਹਾਂ ਨੂੰ ਸਾਰੀਆਂ ਸ਼ਿਕਾਇਤਾਂ ਭੁਲਾ ਕੇ ਪਾਰਟੀ ਲਈ ਕੰਮ ਕਰਨ ਲਈ ਤਿਆਰ ਕੀਤਾ। ਇਸ ਕੰਮ ਵਿੱਚ ਵੱਡੀ ਭੂਮਿਕਾ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਮਲਹੋਤਰਾ ਨੇ ਨਿਭਾਈ। ਜਿਸ ਕਾਰਨ ਵੱਖਰੇ ਤੌਰ ’ਤੇ ਚੱਲ ਰਹੇ 8 ਕੌਂਸਲਰਾਂ ਦੀ ਅਗਵਾਈ ਕਰ ਰਹੇ ਸਾਬਕਾ ਕੌਂਸਲਰ ਰਵਿੰਦਰ ਕੁਮਾਰ ਸੱਭਰਵਾਲ ਨੂੰ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਨਾਲ ਦੁਬਾਰਾ ਡੱਟ ਕੇ ਖੜਣ ਅਤੇ ਕੰਮ ਕਰਨ ਲਈ ਤਿਆਰ ਕਰ ਲਿਆ ਗਿਆ। ਜਿਸ ਕਾਰਨ ਸਾਰਾ ਸਮੀਕਰਨ ਹੀ ਬਦਲ ਗਿਆ।
ਤਾਜਪੋਸ਼ੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਅੰਤ ਤੱਕ ਰਿਹਾ ਸਸਪੈਂਸ-
ਸੋਮਵਾਰ ਨੂੰ ਸਾਬਕਾ ਕੌਂਸਲਰ ਰਵਿੰਦਰ ਕੁਮਾਰ ਸੱਭਰਵਾਲ ਵੱਲੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਆਪਣੇ ਘਰ ਮੌਜੂਦਾ ਪ੍ਰਧਾਨ ਰਾਣਾ ਨਾਲ ਚੱਲਣ ਦਾ ਭਰੋਸਾ ਦਿੱਤਾ ਗਿਆ ਸੀ। ਉਨ੍ਹਾਂ ਦੀ ਸਹਿਮਤੀ ਦੇਣ ਤੋਂ ਬਾਅਦ ਬੁੱਧਵਾਰ ਨੂੰ ਮੀਤ ਪ੍ਰਧਾਨ ਸੁਖਦੇਵ ਕੌਰ ਧਾਲੀਵਾਲ ਦੀ ਤਾਜਪੋਸ਼ੀ ਦਾ ਸਮਾਰੋਹ ਰੱਖਿਆ ਗਿਆ ਸੀ। ਰਵਿੰਦਰ ਕੁਮਾਰ ਸੱਭਰਵਾਲ ਦੇ ਸਮਾਗਮ ਵਿੱਚ ਸ਼ਾਮਲ ਹੋਣ ਜਾਂ ਨਾ ਹੋਣ ’ਤੇ ਆਖਰੀ ਸਮੇਂ ਤੱਕ ਸਸਪੈਂਸ ਬਰਕਰਾਰ ਰਿਹਾ। ਵਿਧਾਇਕ ਮਾਣੂੰਕੇ ਦੇ ਖੇਮੇ ਵਿੱਚਲੇ ਸਮੂਹ ਕੌਂਸਲਰਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਕਿ ਰਵਿੰਦਰ ਕੁਮਾਰ ਸੱਭਰਵਾਲ ਇਸ ਪ੍ਰੋਗਰਾਮ ਵਿੱਚ ਸ਼ਾਮਲ ਨਾ ਹੋਣ ਤਾਂ ਜੋ ਇਸ ਦਾ ਸੁਨੇਹਾ ਸ਼ਹਿਰ ਵਿੱਚ ਉਨ੍ਹਾਂ ਦੇ ਹੱਕ ਵਿੱਚ ਜਾਵੇ ਅਤੇ ਦੂਜੇ ਪਾਸੇ ਪ੍ਰਧਾਨ ਰਾਣਾ ਧੜੇ ਦੇ ਕੌਂਸਲਰਾਂ ਅਤੇ ਸੀਨੀਅਰ ਕਾਂਗਰਸੀ ਲੀਡਰਸ਼ਿਪ ਚਾਹੁੰਦੀ ਸੀ ਕਿ ਰਵਿੰਦਰ ਕੁਮਾਰ ਸੱਭਰਵਾਲ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਕਾਂਗਰਸ ਦੀ ਏਕਤਾ ਦਾ ਸੁਨੇਹਾ ਦਿੱਤਾ ਜਾ ਸਕੇ। ਇਸ ਦੇ ਲਈ ਪ੍ਰੋਗਰਾਮ ਸ਼ੁਰੂ ਹੋਣ ਤੱਕ ਦੋਵਾਂ ਧਿਰਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਕਰਨਜੀਤ ਸਿੰਘ ਸੋਨੀ ਗਾਲਿਬ ਅਤੇ ਰਾਜਕੁਮਾਰ ਮਲਹੋਤਰਾ ਨੇ ਨਾ ਸਿਰਫ਼ ਰਵਿੰਦਰ ਕੁਮਾਰ ਸੱਭਰਵਾਲ ਨੂੰ ਪ੍ਰੋਗਰਾਮ ਵਿੱਚ ਲਿਆਂਦਾ ਸਗੋਂ ਸਾਬਕਾ ਪ੍ਰਧਾਨ ਸਤੀਸ਼ ਕੁਮਾਰ ਪੱਪੂ, ਅੰਕੁਸ਼ ਧੀਰ ਅਤੇ ਸੰਜੂ ਕੱਕੜ ਨੂੰ ਵੀ ਲਿਆਉਣ ਵਿੱਚ ਸਫ਼ਲਤਾ ਹਾਸਲ ਕੀਤੀ। ਇਸ ਸ਼ਕਤੀ ਪ੍ਰਦਰਸ਼ਨ ਨੂੰ ਦੇਖ ਕੇ ਵਿਰੋਧੀ ਖੇਮੇ ਪੂਰੀ ਤਰ੍ਹਾਂ ਨਾਲ ਹੜਕੰਪ ਮੱਚ ਗਿਆ ਹੈ ਅਤੇ ਹੁਣ ਆਉਣ ਵਾਲੇ ਕੁਝ ਦਿਨਾਂ ’ਚ ਸ਼ਹਿਰ ਦੇ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲਦੇ ਨਜ਼ਰ ਆਉਣਗੇ।