ਦੀਨਾਨਗਰ (ਅਸ਼ਵਨੀ) ਪੁਲਿਸ ਥਾਣਾ ਬਹਿਰਾਮਪੁਰ ਦੇ ਪਿੰਡ ਰਾਏਪੁਰ ਵਿਖੇ ਅਪਣੀ ਪੇ੍ਰਮਿਕਾ ਨਾਲ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ’ਚ ਇਕ ਵਿਅਕਤੀ ਨੇ ਆਪਣੀ ਪੇ੍ਰਮਿਕਾ ਦੇ ਘਰ ਜਾ ਕੇ ਜਹਿਰ ਖਾ ਲਿਆ, ਜਿਸ ਮਗਰੋਂ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਪੁੱਤਰ ਪਾਲ ਸਿੰਘ ਵਾਸੀ ਅੱਬਲਖੈਰ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਵਾਸੀ ਅੱਬਲਖੈਰ ਨੇ ਦੱਸਿਆ ਕਿ ਉਹਨਾਂ ਦਾ ਪਹਿਲਾ ਪਿੰਡ ਮਰਾੜਾ ਦੇ ਨੇੜੇ ਆਬਾਦੀ ਚੰਡੀਗੜ੍ਹ ਹੈ, ਜਿੱਥੋਂ ਚਾਰ ਕੁ ਸਾਲ ਪਹਿਲਾਂ ਉਹ ਗੁਰਦਾਸਪੁਰ ਨੇੜਲੇ ਪਿੰਡ ਅੱਬਲਖੈਰ ਵਿਖੇ ਸ਼ਿਫਟ ਹੋ ਗਏ ਸਨ। ਉਸਦੇ ਪਤੀ ਬਲਵਿੰਦਰ ਸਿੰਘ ਦੇ ਪਿੰਡ ਰਾਏਪੁਰ ਦੀ ਰਹਿਣ ਵਾਲੀ ਇਕ ਔਰਤ ਨਾਲ ਨਾਜਾਇਜ਼ ਸਬੰਧ ਸਨ ਤੇ ਇਸੇ ਦੌਰਾਨ ਉਸਦੇ ਪਤੀ ਨੇ ਉਕਤ ਔਰਤ ਨੂੰ ਸਾਲ 2021 ਵਿਚ ਪੰਜ ਲੱਖ ਰੁਪਏ ਉਧਾਰ ਵਜੋਂ ਦਿੱਤੇ ਸਨ, ਜੋ ਹੁਣ ਉਸ ਵੱਲੋਂ ਵਾਪਸ ਨਹੀਂ ਸਨ ਕੀਤੇ ਜਾ ਰਹੇ। ਇਸ ਕਾਰਨ ਉਸਦਾ ਪਤੀ ਦੁਖੀ ਰਹਿੰਦਾ ਸੀ ਅਤੇ ਬੀਤੀ ਦੇਰ ਸ਼ਾਮ ਉਸਦੇ ਪਤੀ ਨੇ ਇਸੇ ਦੱੁਖੋਂ ਆਪਣੀ ਪ੍ਰੇਮਿਕਾ ਦੇ ਘਰ ਕੋਈ ਜ਼ਹਿਰੀਲੀ ਵਸਤੂ ਨਿਗਲ ਦੇ ਆਤਮਹੱਤਿਆ ਕਰ ਲਈ ਹੈ। ਦੂਜੇ ਪਾਸੇ ਥਾਣਾ ਬਹਿਰਾਮਪੁਰ ਦੇ ਐੱਸਐੱਚਓ ਸਾਹਿਲ ਚੌਧਰੀ ਨੇ ਦੱਸਿਆ ਕਿ ਪੁਲਿਸ ਨੇ ਪੜਤਾਲ ਮਗਰੋਂ ਮੁਲਜ਼ਮ ਔਰਤ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।