ਸਿਵਲ ਤੇ ਪੁਲਿਸ ਅਧਿਕਾਰੀ 11 ਜੁਲਾਈ ਨੂੰ ਮੁੜ ਦਿੱਲੀ ਤਲ਼ਬ
ਜਗਰਾਉਂ 1 ਜੁਲਾਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )- ਪੁਲਿਸ ਜ਼ੁਲਮਾਂ ਖਿਲਾਫ਼ ਕਰੀਬ ਸਵਾ ਸਾਲ ਤੋਂ ਸਥਾਨਕ ਥਾਣੇ ਮੂਹਰੇ ਲੱਗੇ ਪੱਕੇ ਧਰਨੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ 11 ਜੁਲਾਈ ਨੂੰ ਡਾਇਰੈਕਟਰ ਬਿਉਰੋ ਆਫ ਇਨਵੈਸਟੀਗੇਸ਼ਨ ਪੰਜਾਬ, ਇੰਸਪੈਕਟਰ ਜਨਰਲ ਲੁਧਿਆਣਾ ਲੁਧਿਆਣਾ, ਸੀਨੀਅਰ ਪੁਲਿਸ ਕਪਤਾਨ ਜਗਰਾਉਂ, ਡਵੀਜ਼ਨਲ਼ ਕਮਿਸ਼ਨਰ ਪਟਿਆਲਾ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੁੜ ਦਿੱਲੀ ਤਲ਼ਬ ਕੀਤਾ ਗਿਆ ਹੈ। ਕਮਿਸ਼ਨ ਤੋਂ ਪ੍ਰਾਪਤ ਹੋਏ ਨੋਟਿਸ ਦੀ ਕਾਪੀ ਪ੍ਰੈਸ ਨੂੰ ਦਿਖਾਉਂਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਸੁਖਦੇਵ ਸਿੰਘ ਚਕਰ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਤੇ ਬੂਟਾ ਸਿੰਘ ਹਾਂਸ ਕਲਾਂ, ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਜਸਪ੍ਰੀਤ ਸਿੰਘ ਢੋਲ਼ਣ ਨੇ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀ ਦੀ ਦੋਸ਼ੀ ਨਾਲ ਮਿਲੀ ਭੁਗਤ ਪੂਰੀ ਤਰ੍ਹਾਂ ਨੰਗੀ ਹੋ ਗਈ ਹੈ। ਆਗੂਆਂ ਨੇ ਸੰਗੀਨ ਧਰਾਵਾਂ ਅਧੀਨ ਦਰਜ ਮੁਕੱਦਮੇ ਦੇ ਮੁੱਖ ਮੁਲ਼ਜ਼ਮ ਨੂੰ ਪਿਛਲੀ ਸੁਣਵਾਈ ਸਮੇਂ ਦਿੱਲੀ ਨਾਲ ਲੈ ਕੇ ਜਾਣ ਸਬੰਧੀ ਆਈ.ਜੀ. ਅਤੇ ਏ.ਆਈ.ਜੀ. ਦੀ ਸਖ਼ਤ ਨਿਖੇਧੀ ਕੀਤੀ। ਜ਼ਿਕਰਯੋਗ ਹੈ ਕਿ ਮਾਂ-ਧੀ ਨੂੰ ਨਜਾਇਜ ਹਿਰਾਸਤ ’ਚ ਰੱਖ ਕੇ ਤਸੀਹੇ ਦੇਣ ਅਤੇ ਧੀ ਨੂੰ ਮਰਨ ਲਈ ਮਜ਼ਬੂਰ ਕਰਨ ਸਬੰਧੀ ਦਰਜ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੀੜ੍ਹਤ ਪਰਿਵਾਰ ਅਤੇ ਜਮਹੂਰੀ ਜੱਥੇਬੰਦੀਆਂ ਵਲੋਂ ਪੱਕਾ ਮੋਰਚਾ ਲਗਾਇਆ ਹੋਇਆ ਹੈ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਕੌਮੀ ਕਮਿਸ਼ਨ ਨੇ ਆਪਣੇ ਆਦੇਸ਼ ਵਿੱਚ ਲਿਖਿਆ ਹੈ ਕਿ ਮੁਕੱਦਮੇ ’ਚ ਨਾਮਜ਼ਦ ਸਾਰੇ ਦੋਸ਼ੀਆਂ ਨੂੰ ਐਕਟ ਦੇ ਸੈਕਸ਼ਨ 4 ਅਧੀਨ ਤੁਰੰਤ ਗ੍ਰਿਫਤਾਰ ਕੀਤਾ ਜਾਵੇ, ਪੀੜ੍ਹਤ ਪਰਿਵਾਰ ਨੂੰ 4.12 ਲੱਖ ਮੁਆਵਜ਼ਾ ਦੇਣ ਤੇ ਪੀੜ੍ਹਤ ਮਾਤਾ ਸੁਰਿੰਦਰ ਕੌਰ ਨੂੰ ਨਿਯਮਾਂ ਅਨੁਸਾਰ ਪੈਨਸ਼ਨ ਦੇਣ ਲਈ ਲਿਖਿਆ ਹੈ। ਰਸੂਲਪੁਰ ਅਨੁਸਾਰ ਕਮਿਸ਼ਨ ਨੇ ਮ੍ਰਿਤਕਾ ਕੁਲਵੰਤ ਕੌਰ ਦੇ ਹੁਣ ਤੱਕ ਦਰਜ ਕੀਤੇ ਬਿਆਨਾਂ ਦੀਆਂ ਨਕਲਾਂ ਲਿਆਉਣ ਅਤੇ ਮ੍ਰਿਤਕਾ ਸਬੰਧੀ ਦਰਜ ਸ਼ਿਕਾਇਤਾਂ ’ਤੇ ਕੀਤੀ ਕਾਰਵਾਈ ਰਿਪੋਰਟ ਲੈ ਕੇ ਆਉਣ ਲਈ ਵੀ ਲਿਖਿਆ ਹੈ। ਤਰਲੋਚਨ ਸਿੰਘ ਝੋਰੜਾਂ ਨੇ ਕਿਹਾ ਕਿ ਕੌਮੀ ਕਮਿਸ਼ਨ ਦੇ ਹੁਕਮਾਂ ਨੂੰ ਲਾਗੂ ਕਰਨ ’ਚ ਕੀਤੀ ਜਾ ਰਹੀ ਦੇਰੀ ਤੋਂ ਖਫਾ ਧਰਨਾਕਾਰੀ ਜੱਥੇਬੰਦੀਆਂ ਨੇ 8 ਜੁਲਾਈ ਨੂੰ 11 ਵਜੇ ਸਾਂਝੀ ਮੀਟਿੰਗ ਬੁਲਾਈ ਹੋਈ ਹੈ। ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਠੇਕੇਦਾਰ ਅਵਤਾਰ ਸਿੰਘ ਜਗਰਾਉਂ, ਬਲਵਿੰਦਰ ਸਿੰਘ, ਰਾਮਤੀਰਥ ਸਿੰਘ ਆਦਿ ਵੀ ਹਾਜ਼ਰ ਸਨ।