ਲੁੱਟ ਦੀ ਘਟਨਾ ਦੇ ਡੇਢ ਮਹੀਨੇ ਬਾਅਦ ਤਿੰਨਾਂ ਖਿਲਾਫ ਮਾਮਲਾ ਦਰਜ
ਜਗਰਾਓਂ, 6 ਜੁਲਾਈ ( ਬੌਬੀ ਸਹਿਜਲ, ਧਰਮਿੰਦਰ )-ਪੈਟਰੋਲ ਪੰਪ ’ਤੇ ਮੋਟਰਸਾਈਕਲ ’ਚ ਪੈਟਰੋਲ ਪਾਉਣ ਦੇ ਬਹਾਨੇ ਆਏ ਲੁਟੇਰਿਆਂ ਨੇ ਲੋਹੇ ਦੀ ਰਾਡ ਅਤੇ ਦਾਹ ਦਿਖਾ ਕੇ ਪੈਟਰੋਲ ਪੰਪ ਤੋਂ 44 ਹਜ਼ਾਰ ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ। ਇਸ ਸਬੰਧੀ ਘਟਨਾ ਦੇ ਡੇਢ ਮਹੀਨੇ ਬਾਅਦ ਥਾਣਾ ਸਦਰ ਜਗਰਾਉਂ ਵਿੱਚ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਚੌਕੀ ਗਾਲਿਬ ਕਲਾ ਦੇ ਇੰਚਾਰਜ ਏ.ਐਸ.ਆਈ ਹਰਦੇਵ ਸਿੰਘ ਨੇ ਦੱਸਿਆ ਕਿ ਕੇਸ਼ਵਰਾਮ ਪੁੱਤਰ ਰਾਮਦੀਨ ਵਾਸੀ ਪਿੰਡ ਮਜੂਆ ਥਾਣਾ ਕਟੜਾ ਬਜ਼ਾਰ, ਜ਼ਿਲ੍ਹਾ ਗੋਂਡਾ ਉੱਤਰ ਪ੍ਰਦੇਸ਼, ਮੌਜੂਦਾ ਵਾਸੀ ਜ਼ਿਮੀਂਦਾਰ ਕਿਸਾਨ ਸੇਵਾ ਕੇਂਦਰ ਪੈਟਰੋਲ ਪੰਪ ਸ਼ੇਰਪੁਰ ਕਲਾਂ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਕਿਹਾ ਕਿ ਉਹ ਮੋਹਿਤ ਜ਼ਿਮੀਂਦਾਰ ਕਿਸਾਨ ਸੇਵਾ ਕੇਂਦਰ ਪੈਟਰੋਲ ਪੰਪ ਸ਼ੇਰਪੁਰ ਕਲਾ ਵਿਖੇ ਡਿਊਟੀ ਕਰਦਾ ਹੈ। ਜਦੋਂ 28 ਮਈ ਨੂੰ ਰਾਤ ਨੂੰ 7 ਵਜੇ ਤਿੰਨ ਨੌਜਵਾਨ ਪਲਟੀਨਾ ਵਿਖੇ ਮੋਟਰਸਾਈਕਲ ’ਤੇ ਆਏ ਅਤੇ ਉਨ੍ਹਾਂ ਨੇ ਮੋਟਰਸਾਈਕਲ ’ਚ 60 ਰੁਪਏ ਦਾ ਪੈਟਰੋਲ ਪਵਾਇਆ ਅਤੇ ਉਥੋਂ ਚਲੇ ਗਏ। ਉਸਦੇ 5-7 ਮਿੰਟਾਂ ਬਾਅਦ ਉਹ ਫਿਰ ਮੁੜ ਆਏ। ਉਨ੍ਹਾਂ ਦੇ ਹੱਥ ਵਿੱਚ ਲੋਹੇ ਦੀ ਰਾਡ ਅਤੇ ਦਾਹ ਸੀ। ਉਨ੍ਹਾਂ ਨੇ ਮੋਹਿਤ ਨੂੰ ਰਾਡ ਦਿਖਾ ਕੇ ਉਸ ਕੋਲੋਂ 4000 ਰੁਪਏ ਖੋਹ ਲਏ ਅਤੇ ਉਨ੍ਹਾਂ ਵਿਚੋਂ ਇਕ ਮੇਰੇ ਦਫ਼ਤਰ ਦੇ ਅੰਦਰ ਆਇਆ ਅਤੇ ਮੈਨੂੰ ਲੋਹੇ ਦਾ ਦਾਹ ਦਿਖਾ ਕੇ ਮੇਜ਼ ਦੇ ਦਰਾਜ਼ ਵਿਚ ਪਏ 40 ਹਜ਼ਾਰ ਰੁਪਏ ਕੱਢ ਲਏ ਅਤੇ ਫਰਾਰ ਹੋ ਗਏ। ਇਸ ਸ਼ਿਕਾਇਤ ਦੀ ਪੜਤਾਲ ਕਰਨ ਤੇ ਪੈਟਰੋਲ ਪੰਪ ਤੇ ਲੁੱਟ ਕਰਨ ਵਾਲੇ ਵਿਅਕਤੀ ਅਰਸ਼ਦੀਪ ਸਿੰਘ ਉਰਫ਼ ਅਰਸ਼ ਵਾਸੀ ਲੰਮਾ ਜੱਟਪੁਰਾ, ਜਸਵੰਤ ਸਿੰਘ ਉਰਫ਼ ਗੋਰਾ ਵਾਸੀ ਪਿੰਡ ਕੁੱਸਾ ਥਾਣਾ ਬੱਧਨੀ ਕਲਾਂ ਅਤੇ ਜਗਜੀਤ ਸਿੰਘ ਉਰਫ਼ ਏ.ਜੀ ਵਾਸੀ ਪਿੰਡ ਪੱਧਰੀ ਥਾਣਾ ਚੌਪਾਲ ਜ਼ਿਲ੍ਹਾ ਤਰਨਤਾਰਨ ਹਨ। ਇਨ੍ਹਾਂ ਤਿੰਨਾਂ ਖ਼ਿਲਾਫ਼ ਥਾਣਾ ਸਦਰ ਜਗਰਾਉਂ ਵਿੱਚ ਕੇਸ ਦਰਜ ਕੀਤਾ ਗਿਆ ਹੈ।