ਜਗਰਾਉਂ, 13 ਜੁਲਾਈ ( ਲਿਕੇਸ਼ ਸ਼ਰਮਾਂ, ਜਗਰੂਪ ਸੋਹੀ )-ਸੀ.ਆਈ.ਏ ਸਟਾਫ਼, ਥਾਣਾ ਸਿੱਧਵਾਂਬੇਟ ਅਤੇ ਥਾਣਾ ਸਦਰ ਰਾਏਕੋਟ ਦੀ ਪੁਲਿਸ ਪਾਰਟੀਆਂ ਨੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 1610 ਨਸ਼ੀਲੀਆਂ ਪਾਬੰਦੀਸ਼ੁਦਾ ਗੋਲੀਆਂ, 3 ਗ੍ਰਾਮ ਹੈਰੋਇਨ ਅਤੇ 50 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।ਸੀ ਆਈ ਏ ਸਟਾਫ ਦੀ ਸਬ ਇੰਸਪੈਕਟਰ ਕਮਲਦੀਪ ਕੌਰ ਨੇ ਦੱਸਿਆ ਕਿ ਉਹ ਸਮੇਤ ਪੁਲੀਸ ਪਾਰਟੀ ਚੈਕਿੰਗ ਲਈ ਕਿਸ਼ਨਪੁਰਾ ਚੌਕ ਵਿੱਚ ਮੌਜੂਦ ਸੀ। ਉੱਥੇ ਇਤਲਾਹ ਮਿਲੀ ਕਿ ਪਿੰਡ ਮਧੇਪੁਰ ਥਾਣਾ ਸਿੱਧਵਾਂਬੇਟ ਦਾ ਰਹਿਣ ਵਾਲਾ ਗੁਰਮੀਤ ਸਿੰਘ ਨੇੜਲੇ ਪਿੰਡਾਂ ਵਿੱਚ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ। ਜੋ ਬਜਾਜ ਸੀਟੀ ਸੌ ਮੋਟਰਸਾਈਕਲ ’ਤੇ ਬੰਨ ਦਰਿਆ ਸਤਲੁਜ ਸਫੀਪੁਰ ਨੂੰ ਜਾਂਦੀ ਸੜਕ ’ਤੇ ਨਸ਼ੀਲੀਆਂ ਗੋਲੀਆਂ ਲੈ ਕੇ ਆਪਣੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਇਸ ਸੂਚਨਾ ’ਤੇ ਛਾਪਾ ਮਾਰ ਕੇ ਗੁਰਮੀਤ ਸਿੰਘ ਨੂੰ 900 ਨਸ਼ੀਲੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਗਿੱਦੜਵਿੰਡੀ ਵਿਖੇ ਚੈਕਿੰਗ ਦੌਰਾਨ ਏ.ਐਸ.ਆਈ ਰਾਜਵਿੰਦਰਪਾਲ ਸਿੰਘ ਨੂੰ ਮਿਲੀ ਸੂਚਨਾ ਤੇ ਉਨਵਾਂ ਵਲੋਂ ਸਮੇਤ ਪੁਲਿਸ ਪਾਰਟੀ ਪ੍ਰੇਮੋ ਬਾਈ ਉਰਫ਼ ਪ੍ਰੇਮੀ ਅਤੇ ਜੀਤੋ ਬਾਈ ਵਾਸੀ ਖੋਲੀਆਂ ਵਾਲਾ ਪੁਲ ਮਲਸੀਹਾਂ ਬਾਜਾਨ ਨੂੰ 510 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ। ਥਾਣਾ ਸਦਰ ਰਾਏਕੋਟ ਤੋਂ ਏ.ਐਸ.ਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਟੀ ਪੁਆਇੰਟ ਨੇੜੇ ਕੋਠੀ ਮਹਾਰਾਜਾ ਦਲੀਪ ਸਿੰਘ ਪਿੰਡ ਬਸੀਆਂ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਮਿਲੀ ਸੂਚਨਾ ਦੇ ਆਧਾਰ ’ਤੇ ਅਮਰਜੀਤ ਸਿੰਘ ਉਰਫ਼ ਪੱਪਾ ਵਾਸੀ ਪਿੰਡ ਬੁਰਜ ਹਰੀ ਸਿੰਘ ਨੂੰ 3 ਗ੍ਰਾਮ ਹੈਰੋਇਨ ਅਤੇ 200 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਿਲੀ ਸੂਚਨਾ ਦੇ ਆਧਾਰ ’ਤੇ ਕਿਸ਼ਨਪੁਰਾ ਚੌਕ ’ਤੇ ਨਾਕਾਬੰਦੀ ਦੌਰਾਨ ਪਿੰਡ ਕੰਨਿਆ ਹੁਸੈਨੀ ਤੋਂ ਅੱਬੂਪੁਰਾ ਨੂੰ ਮੋਟਰਸਾਈਕਲ ’ਤੇ ਲੈ ਕੇ ਜਾ ਰਹੇ ਗੁਰਮੁਖ ਸਿੰਘ ਪਿੰਡ ਕੰਨਿਆ ਹੁਸੈਨੀ ਨੂੰ 50 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ।