ਪੱਟੀ (ਬੋਬੀ ਸਹਿਜਲ) ਪੱਟੀ ਤੋਂ ਫਿਰੋਜ਼ਪੁਰ ਲਈ ਬਣੇ ਨਵੇਂ ਪੁਲ ਉੱਪਰ ਟਿੱਪਰ ਦੀ ਲਪੇਟ ‘ਚ ਮੋਟਰਸਾਈਕਲ ਦੇ ਆਉਣ ਕਰਕੇ ਉਸ ਉੱਪਰ ਸਵਾਰ ਸੱਸ ਦੀ ਮੌਤ ਹੋ ਗਈ ਜਦੋਂਕਿ ਨੂੰਹ ਦੇ ਗੰਭੀਰ ਸੱਟਾਂ ਲੱਗ ਗਈਆਂ। ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਇਸ ਸਬੰਧੀ ਟਿੱਪਰ ਦੇ ਅਣਪਛਾਤੇ ਚਾਲਕ ਜੋ ਟਿੱਪਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਸੀ, ਖਿਲਾਫ ਕੇਸ ਦਰਜ ਕਰ ਲਿਆ ਹੈ।
ਸਤਨਾਮ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਰਾਜੋਕੇ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੀ ਮਾਤਾ ਮਨਜੀਤ ਕੌਰ ਅਤੇ ਪਤਨੀ ਗੁਰਲੀਨ ਕੌਰ ਸਮੇਤ ਧਰਮਕੋਟ ਜਾ ਰਿਹਾ ਸੀ। ਜਦੋਂ ਉਹ ਨਵੇਂ ਪੁਲ ਤੋਂ ਹੇਠਾਂ ਉੱਤਰ ਰਿਹਾ ਸੀ ਤਾਂ ਇਕ ਟਿੱਪਰ ਅਚਨਾਕ ਪਿੰਡ ਚੀਮਾ ਕਲਾ ਵੱਲ ਬਿਨਾਂ ਕੋਈ ਇਸ਼ਾਰਾ ਦਿੱਤੇ ਮੁੜ ਗਿਆ। ਇਸ ਕਾਰਨ ਉਸਦਾ ਮੋਟਰਸਾਈਕਲ ਟਿੱਪਰ ਦੇ ਬੰਪਰ ਨਾਲ ਜਾ ਟਕਰਾਇਆ। ਇਸ ਹਾਦਸੇ ਦੌਰਾਨ ਉਸਦੀ ਪਤਨੀ ਤੇ ਸੱਸ ਸੜਕ ’ਤੇ ਜਾ ਡਿੱਗੇ ਜਿਸ ਕਾਰਨ ਉਸਦੀ ਮਾਂ ਮਨਜੀਤ ਕੌਰ (65) ਦੀ ਮੌਕੇ ਉੱਪਰ ਹੀ ਮੌਤ ਹੋ ਗਈ ਜਦੋਂਕਿ ਉਸਦੀ ਪਤਨੀ ਗੁਰਲੀਨ ਕੌਰ ਨੂੰ ਇਲਾਜ ਲਈ ਅੰਮ੍ਰਿਤਸਰ ਲਿਜਾਇਆ ਗਿਆ ਹੈ। ਮੌਕੇ ਉੱਪਰ ਪਹੁੰਚੇ ਥਾਣਾ ਸਦਰ ਪੱਟੀ ਦੇ ਏਐੱਸਆਈ ਦਲਬੀਰ ਸਿੰਘ ਨੇ ਦੱਸਿਆ ਕਿ ਟਿੱਪਰ ਚਾਲਕ ਦਾ ਪਤਾ ਲਗਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ ਜਦੋਂਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।