ਲੁਧਿਆਣਾ (ਰਾਜੇਸ ਜੈਨ) ਲੁਟੇਰਿਆਂ ਨੇ ਮਾਡਲ ਟਾਊਨ ਐਕਸਟੈਂਸ਼ਨ ਇਲਾਕੇ ‘ਚ ਇਕ ਕਾਰੋਬਾਰੀ ਤੋਂ ਨਕਦੀ ਤੇ ਲੈਪਟਾਪ ਖੋਹ ਲਿਆ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਤਿੰਨ ਲੁਟੇਰੇ ਮੋਟਰਸਾਈਕਲ ‘ਤੇ ਆਏ ਸਨ। ਉਹ ਘਰ ਦਾ ਪਤਾ ਪੁੱਛਣ ਬਹਾਨੇ ਰੁਕਿਆ ਤੇ ਅੱਖਾਂ ‘ਚ ਮਿਰਚਾਂ ਪਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਥਾਣਾ ਮਾਡਲ ਟਾਊਨ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਵਪਾਰੀ ਅਸ਼ੋਕ ਜਿੰਦਲ ਨੇ ਦੱਸਿਆ ਕਿ ਉਹ ਇਲੈਕਟ੍ਰਿਕਲ ਸ਼ਾਪ ਚਲਾਉਂਦੇ ਹਨ। ਉਨ੍ਹਾਂ ਦਾ 28 ਸਾਲਾ ਪੁੱਤਰ ਰੋਹਿਤ ਜਿੰਦਲ ਆਪਣੀ ਕਾਰ ਵਿਚ ਦੁਕਾਨ ਤੋਂ ਘਰ ਵਾਪਸ ਆਇਆ ਸੀ। ਜਿਵੇਂ ਹੀ ਉਹ ਘਰ ਦੇ ਬਾਹਰ ਆਪਣੀ ਕਾਰ ਪਾਰਕ ਕਰਨ ਲੱਗਾ। ਉਸੇ ਸਮੇਂ ਬਾਈਕ ਸਵਾਰ ਤਿੰਨ ਨੌਜਵਾਨਾਂ ‘ਚੋਂ ਦੋ ਨੌਜਵਾਨ ਆਏ ਤੇ ਰੋਹਿਤ ਤੋਂ ਪਤਾ ਪੁੱਛਣ ਲੱਗੇ, ਜਦਕਿ ਇਕ ਨੌਜਵਾਨ ਬਾਈਕ ‘ਤੇ ਬੈਠਾ ਸੀ। ਰੋਹਿਤ ਕੋਲ ਖੜ੍ਹੇ ਦੋ ਨੌਜਵਾਨਾਂ ‘ਚੋਂ ਇੱਕ ਨੇ ਉਸ ਦੀਆਂ ਅੱਖਾਂ ‘ਚ ਮਿਰਚਾਂ ਦਾ ਪਾਊਡਰ ਪਾ ਦਿੱਤਾ ਤੇ ਦੂਜੇ ਨੇ ਰੋਹਿਤ ਦੇ ਸਿਰ ਅਤੇ ਲੱਤਾਂ ’ਤੇ ਹਥਿਆਰਾਂ ਨਾਲ ਕਈ ਵਾਰ ਕਰ ਕੇ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਤਿੰਨ ਬਾਈਕ ਸਵਾਰ ਲੁਟੇਰੇ ਰੋਹਿਤ ਜਿੰਦਲ ਕੋਲੋਂ ਕਰੀਬ 1.25 ਲੱਖ ਰੁਪਏ ਦੀ ਨਕਦੀ ਅਤੇ ਲੈਪਟਾਪ ਸਮੇਤ ਬੈਗ ਖੋਹ ਕੇ ਫਰਾਰ ਹੋ ਗਏ ਰੋਹਿਤ ਜਿੰਦਲ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।