Home crime ਜੀ.ਐਸ.ਟੀ ਚੋਰੀ ਕਰਨ ਵਾਲਿਆਂ ਵਿਰੁੱਧ ਜਾਰੀ ਮੁਹਿੰਮ ਤਹਿਤ 12 ਫਰਨੇਸ ਦੀ ਜਾਂਚ,...

ਜੀ.ਐਸ.ਟੀ ਚੋਰੀ ਕਰਨ ਵਾਲਿਆਂ ਵਿਰੁੱਧ ਜਾਰੀ ਮੁਹਿੰਮ ਤਹਿਤ 12 ਫਰਨੇਸ ਦੀ ਜਾਂਚ, 60 ਵਾਹਨ ਕੀਤੇ ਜ਼ਬਤ:- ਹਰਪਾਲ ਸਿੰਘ ਚੀਮਾ

50
0

ਚੰਡੀਗੜ੍ਹ, 28 ਅਗਸਤ ( ਰਾਜਨ ਜੈਨ)-ਲੋਹਾ ਅਤੇ ਸਟੀਲ ਉਦਯੋਗ ਵਿੱਚ ਵਸਤੂਆਂ ਅਤੇ ਸੇਵਾਵਾਂ ਕਰ (ਜੀਐਸਟੀ) ਦੀ ਚੋਰੀ ਦਾ ਪਤਾ ਲਗਾਉਣ ਲਈ ਚੱਲ ਰਹੀ ਵਿਸ਼ੇਸ਼ ਮੁਹਿੰਮ ਦੀ ਨਿਰੰਤਰਤਾ ਤਹਿਤ ਕਰ ਵਿਭਾਗ ਦੇ ਮੋਬਾਈਲ ਵਿੰਗਾਂ ਵੱਲੋਂ ਮੰਡੀ ਗੋਬਿੰਦਗੜ੍ਹ ਵਿਖੇ ਅਚਨਚੇਤ ਕਾਰਵਾਈ ਦੌਰਾਨ 12 ਭੱਠੀਆਂ (ਫਰਨੇਸ) ਦੀ ਜਾਂਚ ਕੀਤੀ ਗਈ ਅਤੇ 60 ਵਾਹਨ ਜ਼ਬਤ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਹ ਕਾਰਵਾਈ ਸਟੇਟ ਇਨਵੈਸਟੀਗੇਸ਼ਨ ਐਂਡ ਪ੍ਰੀਵੈਂਟਿਵ ਯੂਨਿਟ (ਸਿਪੂ), ਰੋਪੜ, ਪਟਿਆਲਾ, ਸ਼ੰਭੂ ਅਤੇ ਜਲੰਧਰ ਦੇ ਮੋਬਾਈਲ ਵਿੰਗਾਂ ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਛਾਪੇਮਾਰੀ ਲੋਹੇ ਦੇ ਕਬਾੜ ਅਤੇ ਤਿਆਰ ਮਾਲ ਨੂੰ ਲਿਜਾਣ ਵਾਲੇ ਵਾਹਨਾਂ ਦੀ ਜਾਂਚ ਕਰਨ ‘ਤੇ ਕੇਂਦ੍ਰਿਤ ਸੀ ਅਤੇ ਜ਼ਬਤ ਕੀਤੇ ਗਏ ਜ਼ਿਆਦਾਤਰ ਵਾਹਨਾਂ ਵਿੱਚ ਢੋਆ-ਢੁਆਈ ਕੀਤੇ ਜਾ ਰਹੇ ਸਮਾਨ ਦੇ ਅਨੁਸਾਰ ਲੋੜੀਂਦੇ ਈ-ਵੇਅ ਬਿੱਲਾਂ ਦੀ ਘਾਟ ਸੀ।
ਹੋਰ ਖੁਲਾਸਾ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਅੱਗੇ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਢੋਏ ਜਾ ਰਹੇ ਉਕਤ ਸਮਾਨ ਲਈ ਸਬੰਧਤ ਵਿਕਰੇਤਾ ਵੱਲੋਂ ਲੋੜੀਂਦੇ ਕਰ ਦਾ ਭੁਗਤਾਨ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੂਰੀ ਜਾਂਚ ਤੋਂ ਬਾਅਦ ਇਨ੍ਹਾਂ ਵਾਹਨਾਂ ਨੂੰ 2 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲੱਗਣ ਦੀ ਸੰਭਾਵਨਾ ਹੈ।
ਕਰ ਚੋਰੀ ਕਰਨ ਵਾਲਿਆਂ ਨੂੰ ਆਪਣੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਤੁਰੰਤ ਬੰਦ ਕਰਨ ਲਈ ਸਖ਼ਤ ਚੇਤਾਵਨੀ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੁਝ ਫਰਮਾਂ ਅਤੇ ਟਰੱਕਾਂ ਵੱਲੋਂ ਵਾਰ-ਵਾਰ ਜੀ.ਐਸ.ਟੀ ਦੀ ਚੋਰੀ ਕਰਨ ਦੀਆਂ ਰਿਪੋਰਟਾਂ ਵਿਭਾਗ ਨੂੰ ਪ੍ਰਾਪਤ ਹੋਈਆਂ ਹਨ ਅਤੇ ਇਸੇ ਦੇ ਮੱਦੇਨਜ਼ਰ ਵਿੱਤ ਕਮਿਸ਼ਨਰ (ਕਰ) ਵਿਕਾਸ ਪ੍ਰਤਾਪ ਅਤੇ ਕਰ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ ਨੂੰ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਕਰ ਚੋਰੀ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਅਜਿਹੀਆਂ ਅਚਨਚੇਤ ਚੈਕਿੰਗ ਮੁਹਿੰਮਾਂ ਚਲਾਈਆਂ ਜਾਣ।

LEAVE A REPLY

Please enter your comment!
Please enter your name here