ਜਗਰਾਉਂ, 9 ਸਤੰਬਰ ( ਵਿਕਰਾਸ ਮਠਾੜੂ, ਧਰਮਿੰਦਰ )-ਸਿੱਖ ਕੌਮ ਦੇ ਹਰਿਆਵਲ ਦੱਸਤੇ ਵਜੋਂ ਜਾਣੀ ਜਾਂਦੀ ਜੱਥੇਬੰਦੀ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਵਰੇਗੰਢ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੰਜਾਬ ’ਚ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲਣ ਦੇ ਅਹਿਦ ਲਈ ਅਰਦਾਸ ਨਾਲ ਮਨਾਈ ਜਾਵੇਗੀ। ਅੱਜ ਦੇ ਹਾਲਾਤਾਂ ਲਈ ਜਿੰਮੇਵਾਰ ਸਰਕਾਰ ਦੀ ਮਨਸ਼ਾ ਨੂੰ ਲੋਕਾਂ ਦੀ ਸੱਥ ’ਚ ਨਸ਼ਰ ਕਰਨਾ ਤੇ ਨਸ਼ਿਆਂ ਖਿਲਾਫ਼ ਵੱਡੀ ਲਾਮਬੰਦੀ ਦਾ ਆਰੰਭ ਫੈਡਰੇਸ਼ਨ ਦੇ ਵਰਕਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 13 ਸਤੰਬਰ ਨੂੰ ਕਰਨਗੇ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫੈਡਰੇਸ਼ਨ ਗਰੇਵਾਲ ਦੇ ਸੀਨੀਅਰ ਆਗੂਆਂ ਵੱਲੋਂ ਇਕ ਪ੍ਰੈਸ ਮਿਲਣੀ ਸਮੇਂ ਜੱਥੇਬੰਦੀ ਦੀ ਵਰੇਗੰਢ ਨੂੰ ਸਮਰਪਿਤ ਸਮਾਗਮ ਦੀ ਜਾਣਕਾਰੀ ਦਿੰਦਿਆ ਕਹੇ। ਇਸ ਸਮੇਂ ਫੈਡਰੇਸ਼ਨ ਆਗੂ ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਗੁਰਬਖ ਸਿੰਘ ਸੇਖੋਂ, ਪਰਮਜੀਤ ਸਿੰਘ ਕਲਸੀ ਅਤੇ ਦਿਲਬਾਗ ਸਿੰਘ ਵਿਰਕ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਸਮੇਂ ਪੰਜਾਬ ਦੇ ਹਲਾਤ ਬਹੁਤ ਨਾਜੁਕ ਮੋੜਾਂ ਦੇ ਪਹੁੰਚ ਚੁੱਕੇ ਹਨ, ਕੁਝ ਦਿਨਾਂ ’ਚ ਨਸ਼ਿਆਂ ਨੂੰ ਨਕੇਲ ਪਾਉਣ ਦੇ ਦਾਅਵਿਆਂ ਨਾਲ ਵੋਟਾਂ ਵਟੋਰਨ ਵਾਲੇ ਆਗੂ ਅੱਜ ਮੂੰਹ ’ਚ ਘੂਗਣੀਆਂ ਪਾਕੇ ਪੰਜਾਬ ਦੀ ਜਵਾਨੀ ਦੀ ਨਸਲਕੁਸ਼ੀ ਦਾ ਤਮਾਸ਼ਾ ਦੇਖ ਰਹੇ ਹਨ। ਫੈਡਰੇਸ਼ਨ ਇਸ ਨੂੰ ਇੱਕ ਸੋਚਿਆ ਸਮਝਿਆ ਹਮਲਾ ਕਰਾਰ ਦਿੰਦੀ ਹੈ। ਮੌਜੂਦਾ ਭਗਵੰਤ ਮਾਨ ਸਰਕਾਰ ਦੀ ਨਾਕਾਮੀ ਅਤੇ ਨਾਲਾਇਕੀ ਪੰਜਾਬ ਨੂੰ ਇੱਕ ਡੁੰਘੀ ਖੱਡ ’ਚ ਧਕੇਲ ਰਹੀ ਹੈ ਹਰ ਘਰ ’ਚ ਮਾਂ-ਬਾਪ ਦੀ ਵੱਡੀ ਫਿਕਰਮੰਦੀ ਹੈ ਕਿ ਉਸ ਦਾ ਬੱਚਾ ਨਸ਼ਿਆਂ ਜਾਂ ਅਜੋਕੇ ਗੁੰਡਾ ਰਾਜ ਦਾ ਸ਼ਿਕਾਰ ਨਾ ਹੋ ਜਾਵੇ। ਫੈਡਰੇਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਵੱਖ-ਵੱਖ ਧਾਰਮਿਕ ਜੱਥੇਬੰਦਿਆ ਅਤੇ ਸਮਾਜਿਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਲੋਕਾਂ ਵੱਲੋਂ ਆਰੰਭ ਕੀਤੀ ਮੁਹਿੰਮ ਦਾ ਡਟਵਾ ਸਮਰਥਨ ਕੀਤਾ ਜਾਵੇਗਾ ਤਾਂ ਕਿ ਨਸ਼ਿਆਂ ਦੇ ਇਸ ਕੋਹੜ ਤੋਂ ਪੰਜਾਬ ਦੇ ਭਵਿੱਖ ਨੂੰ ਬਚਾਇਆ ਜਾ ਸਕੇ। ਇਸ ਸਮੇਂ ਜਾਣਕਾਰੀ ਦਿੱਤੀ ਗਈ ਕਿ 13 ਸਤੰਬਰ ਨੂੰ ਪੰਜਾਬ ਭਰ ’ਚਂੋ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣ ਲਈ ਜੱਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਗੁਰਚਰਨ ਸਿੰਘ ਗਰੇਵਾਲ ਵੱਲੋਂ ਸੁਨੇਹੇ ਲਗਾਏ ਜਾ ਰਹੇ ਹਨ। ਇਸ ਸਮੇਂ ਹੋਰਨਾ ਤੋਂ ਇਲਾਵਾ ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਗੁਰਬਖਸ਼ ਸਿੰਘ ਸੇਖੋਂ, ਡਾਕਟਰ ਕੁਲਵੰਤ ਸਿੰਘ, ਕਾਰਜ ਸਿੰਘ, ਸ਼ਮਸ਼ੇਰ ਸਿੰਘ, ਗੁਰਚੈਨ ਸਿੰਘ ਕਾਲਾ, ਨਿਸ਼ਾਨ ਲਾਡੀ, ਜਸਕਰਨ ਸਿੰਘ, ਮਨਿੰਦਰ ਥਿੰਦ, ਜਗਸ਼ੀਰ ਥਿੰਦ, ਹਰਜਿੰਦਰ ਸਿੰਘ, ਜਗਮੋਹਣ ਸਿੰਘ ਭੁੱਲਰ ਤੇ ਗੋਰਾ ਬਾਬਾ ਆਦਿ ਹਾਜ਼ਰ ਸਨ।