ਜਲਾਲਾਬਾਦ, 11 ਸਤੰਬਰ (ਅਸ਼ਵਨੀ ਕੁਮਾਰ) : ਜਲਾਲਾਬਾਦ ਹਲਕੇ ਦੇ ਸਰਹੱਦੀ ਪਿੰਡ ਟਾਹਲੀਵਾਲਾ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਬੈਂਡ ਵਾਜਿਆਂ ਦੀ ਧੁੰਨ ‘ਤੇ ਨੱਚਦਾ-ਟੱਪਦਾ ਬਰਾਤ ਲੈ ਕੇ ਵਿਆਹ ਕਰਵਾਉਣ ਆਇਆ ਪਰ ਐਨ ਮੌਕੇ ’ਤੇ ਲਾੜੇ ਦੀ ਤੀਜੀ ਪਤਨੀ ਤੇ ਉਸਦੀ ਭਾਬੀ ਪਹੁੰਚ ਗਈਆਂ ਤੇ ਚੱਲਦੇ ਵਿਆਹ ‘ਚ ਗਾਹ ਪਾ ਦਿੱਤਾ। ਕਿਉਂਕਿ ਲਾੜਾ ਬਿਨਾ ਦੱਸੇ ਚੌਥਾ ਵਿਆਹ ਕਰਵਾਉਣ ਆਇਆ ਸੀ। ਰੌਲਾ ਵਧਣ ’ਤੇ ਲਾੜਾ ਚੱਪਲਾਂ ਛੱਡ ਕੇ ਭੱਜਣ ਵਿਚ ਕਾਮਯਾਬ ਹੋ ਗਿਆ। ਲੜਕੀ ਵਲਿਆਂ ਮੁਤਾਬਕ ਜਿਸ ਲੜਕੀ ਦੇ ਨਾਲ ਚੌਥਾ ਵਿਆਹ ਕਰਾਉਣ ਚਲਿਆ ਸੀ, ਵਿਚੋਲੇ ਨੇ ਉਨ੍ਹਾਂ ਨੂੰ ਧੋਖੇ ਵਿਚ ਰੱਖ ਕੇ ਕਿਹਾ ਸੀ ਕਿ ਲੜਕਾ ਕੁਆਰਾ ਹੈ ਜਦਕਿ ਉਸਦੇ ਪਹਿਲਾਂ ਤਿੰਨ ਵਿਆਹ ਹੋ ਚੁੱਕੇ ਸਨ।ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਅੱਜ ਉਨ੍ਹਾਂ ਦੀ ਲੜਕੀ ਦੀ ਬਰਾਤ ਆਈ ਪਰ ਨਹੀਂ ਸੀ ਪਤਾ ਕਿ ਉਨ੍ਹਾਂ ਨਾਲ ਧੋਖਾ ਕੀਤਾ ਜਾ ਰਿਹੈ। ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਆਪਣੀ ਲੜਕੀ ਦੇ ਵਿਆਹ ਲਈ ਆਪਣੀਆਂ 20 ਬੱਕਰੀਆਂ ਵੇਚੀਆਂ ਸਨ ਤੇ ਉਨ੍ਹਾਂ ਦੀਆਂ ਚਾਰ ਧੀਆਂ ਹਨ। ਗੱਲਬਾਤ ਕਰਦਿਆਂ ਲਾੜੇ ਦੀ ਭਾਬੀ ਵੀਨਾ ਰਾਣੀ ਨੇ ਦੱਸਿਆ ਕਿ ਉਸਦੇ ਘਰਵਾਲੇ ਦੀ ਮੌਤ ਹੋ ਚੁੱਕੀ ਹੈ।ਉਸਦੀ ਮੌਤ ਤੋਂ ਬਾਅਦ ਉਸਨੂੰ ਤੇ ੳਸਦੀ ਦਰਾਣੀ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ। ਸਾਨੂੰ ਰਾਤ ਹੀ ਪਤਾ ਲੱਗਿਆ ਕਿ ਦਰਾਣ ਦਾ ਘਰਵਾਲਾ ਚੋਰੀ-ਛਿਪੇ ਚੌਥਾ ਵਿਆਹ ਕਰਵਾ ਰਿਹਾ ਹੈ। ਅੱਜ ਉਹ ਆਪਣੀ ਦਰਾਣੀ ਤੇ ਉਸਦੇ ਪਵਿਰਾਰ ਨੂੰ ਲੈ ਕੇ ਮੌਕੇ ‘ਤੇ ਪੁੱਜ ਗਈ। ਉਸਨੇ ਦੱਸਿਆ ਕਿ ਉਸਦੇ ਦਿਓਰ ਦਾ ਵਿਆਹ ਪਹਿਲਾਂ ਹੋਇਆ ਹੈ ਤੇ ਹੁਣ ਚੌਥੀ ਵਾਰ ਵਿਆਹ ਕਰਵਾਉਣ ਲਈ ਆਇਆ ਸੀ। ਲੜਕੀ ਵਾਲਿਆਂ ਨੂੰ ਕਿਹਾ ਗਿਆ ਕਿ ਮੁੰਡਾ ਕੁਆਰਾ ਹੈ…ਪਰ ਇਸਦੇ ਤਿੰਨ ਵਿਆਹ ਪਹਿਲਾਂ ਹੀ ਹੋ ਚੁੱਕੇ ਹਨ। ਉਨ੍ਹਾਂ ਨੇ ਚੌਥਾ ਘਰ ਉਜੜਣ ਤੋਂ ਅੱਜ ਬਚਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਬਾਰਾਤ ਲਾਧੂਕਾ ਮੰਡੀ ਤੋਂ ਆਈ ਸੀ। ਜਿਸ ਪਤਨੀ ਤੇ ਭਾਬੀ ਨੇ ਮੌਕੇ ‘ਤੇ ਪਹੁੰਚ ਕੇ ਖਲਾਰਾ ਪਾਇਆ, ਉਹ ਜਲਾਲਾਬਾਦ ਹਲਕੇ ਦੇ ਪਿੰਡ ਦੁੁਲ੍ਹੇ ਕੀ ਦੀਆਂ ਰਹਿਣ ਵਾਲੀਆਂ ਦੱਸੀਆਂ ਜਾ ਰਹੀਆਂ ਹਨ। ਫਿਲਹਾਲ ਘੁਬਾਇਆ ਚੌਕੀ ਦੇ ਇੰਚਾਰਜ ਮੌਕੇ ਤੇ ਪਹੁੰਚੇ ਗਏ ਅਤੇ ਉਨ੍ਹਾਂ ਵਲੋਂ ਤਿੰਨੇ ਪਰਿਵਾਰਾਂ ਨੂੰ ਥਾਣੇ ਬੁਲਾ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।